Mar 7, 2026

Screenshot

ਪਟਨਾ- ਰਾਜਗੀਰ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਮੈਚ ਦੌਰਾਨ ਦਿਲਪ੍ਰੀਤ ਸਿੰਘ ਦੇ ਦੋ ਗੋਲਾਂ ਸਦਕਾ ਭਾਰਤੀ ਪੁਰਸ਼ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਫਾਈਨਲ ਵਿੱਚ 4-1 ਨਾਲ ਹਰਾ ਕੇ ਚੌਥੀ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਭਾਰਤ ਲਈ ਸੁਖਜੀਤ ਸਿੰਘ ਨੇ ਪਹਿਲੇ ਹੀ ਮਿੰਟ ਵਿੱਚ ਗੋਲ ਕਰ ਦਿੱਤਾ ਜਦਕਿ ਦਿਲਪ੍ਰੀਤ ਨੇ 28ਵੇਂ ਅਤੇ 45ਵੇਂ ਮਿੰਟ ਵਿੱਚ ਗੋਲ ਕੀਤੇ। ਅਮਿਤ ਰੋਹੀਦਾਸ ਨੇ 50ਵੇਂ ਮਿੰਟ ਵਿੱਚ ਚੌਥਾ ਗੋਲ ਕੀਤਾ। ਉੱਧਰ, ਪੰਜ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਲਈ ਇਕ ਮਾਤਰ ਗੋਲ 51ਵੇਂ ਮਿੰਟ ਵਿੱਚ ਡੇਨ ਸੋਨ ਨੇ ਕੀਤਾ। ਭਾਰਤ ਨੇ ਟੂਰਨਾਮੈਂਟ ਵਿੱਚ ਪੰਜ ਜਿੱਤਾਂ ਦਰਜ ਕੀਤੀਆਂ ਅਤੇ ਇਕ ਡਰਾਅ ਖੇਡਿਆ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਟੀਮ ਨੇ ਤਿੰਨੋਂ ਪੂਲ ਮੈਚ ਜਿੱਤੇ।ਸੁਪਰ 4 ਗੇੜ ਵਿੱਚ ਮਲੇਸ਼ੀਆ ਨੂੰ 4-1 ਅਤੇ ਚੀਨ ਨੂੰ 7-0 ਨਾਲ ਹਰਾਇਆ ਜਦਕਿ ਕੋਰੀਆ ਨਾਲ ਮੈਚ 2-2 ਨਾਲ ਡਰਾਅ ਰਿਹਾ ਸੀ। ਭਾਰਤ ਨੇ ਇਸ ਤੋਂ ਪਹਿਲਾਂ 2003, 2007 ਅਤੇ 2017 ਵਿੱਚ ਏਸ਼ੀਆ ਕੱਪ ਜਿੱਤਿਆ ਸੀ। ਦੱਖਣੀ ਕੋਰੀਆ ਨੇ 1994, 1999, 2009, 2013 ਅਤੇ 2022 ਵਿੱਚ ਖ਼ਿਤਾਬ ਜਿੱਤਿਆ ਹੈ।

ਅਗਲਾ ਵਿਸ਼ਵ ਕੱਪ 2026 ਵਿੱਚ 14 ਤੋਂ 30 ਅਗਸਤ ਤੱਕ ਹੋਣਾ ਹੈ। ਭਾਰਤ ਨੇ ਹੁਣ ਤੱਕ ਸਿਰਫ਼ ਇਕ ਵਾਰ 1975 ਵਿੱਚ ਕੁਆਲਾਲੰਪੁਰ ਵਿਸ਼ਵ ਕੱਪ ਜਿੱਤਿਆ ਹੈ।

ਏਸ਼ੀਆ ਕੱਪ ਵਿਚ ਰੋਮਾਂਚਕ ਜਿੱਤ ਹਾਸਲ ਕਰਨ ਵਿੱਚ ਜਲੰਧਰ ਦੇ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਹਾਕੀ ਵਿੱਚ ਇਸ ਜ਼ਿਲ੍ਹੇ ਦੀ ਲਗਾਤਾਰ ਵਿਰਾਸਤ ਪੂਰੀ ਤਰ੍ਹਾਂ ਨਜ਼ਰ ਆਈ ਹੈ। ਜਲੰਧਰ ਨਾਲ ਸਬੰਧਤ ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ ਜੇਤੂ ਟੀਮ ਦਾ ਹਿੱਸਾ ਸਨ। ਸੁਖਜੀਤ ਸਿੰਘ ਨੇ ਕੋਰੀਆ ਦੇ ਖ਼ਿਲਾਫ਼ ਫਾਈਨਲ ਵਿੱਚ ਇੱਕ ਅਹਿਮ ਸ਼ੁਰੂਆਤੀ ਗੋਲ ਕਰਕੇ ਉੱਤਮ ਪ੍ਰਦਰਸ਼ਨ ਕੀਤਾ।

ਸੁਖਜੀਤ ਦਾ ਸਫ਼ਰ ਖਾਸ ਤੌਰ ’ਤੇ ਪ੍ਰੇਰਨਾਦਾਇਕ ਰਿਹਾ ਹੈ। ਕੁਝ ਸਾਲ ਪਹਿਲਾਂ ਅਧਰੰਗ (partial paralysis) ਤੋਂ ਪੀੜਤ ਹੋਣ ਦੇ ਬਾਵਜੂਦ, ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਪਿਛਲੇ ਸਾਲ ਓਲੰਪਿਕ ਵਿੱਚ ਸ਼ੁਰੂਆਤ ਕੀਤੀ ਅਤੇ ਭਾਰਤ ਲਈ ਇੱਕ ਮੈਡਲ ਹਾਸਲ ਕੀਤਾ। ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਉਸ ਨੇ ਇੱਕ ਵਾਰ ਫਿਰ ਆਪਣੀ ਯੋਗਤਾ ਸਾਬਤ ਕੀਤੀ।

‘ਟ੍ਰਿਬਿਊਨ ਸਮੂਹ’ ਨਾਲ ਗੱਲ ਕਰਦਿਆਂ ਸੁਖਜੀਤ ਦੇ ਪਿਤਾ ਅਜੀਤ ਸਿੰਘ ਨੇ ਕਿਹਾ, “ ਜਦੋਂ ਮੈਂ ਰੀਪਲੇਅ ਦੇਖਿਆ ਤਾਂ ਮੈਨੂੰ ਪਤਾ ਲੱਗਾ ਉਸ ਨੇ ਗੋਲ ਕੀਤਾ ਹੈ। ਮੈਂ ਬਹੁਤ ਖੁਸ਼ ਹੋਇਆ, ਉਸ ਨੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ ਅਤੇ ਟੀਮ ਨੇ ਸ਼ਾਨਦਾਰ ਗੇਮ ਖੇਡੀ।’’ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਜੋ ਦੋਵੇਂ ਜਲੰਧਰ ਦੇ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ, ਨੇ ਵੀ ਟੂਰਨਾਮੈਂਟ ਦੌਰਾਨ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਪਣੇ ਜੱਦੀ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।