ਸਰੀ/ ਵੈਨਕੂਵਰ( ਕੁਲਦੀਪ ਚੁੰਬਰ)-ਇਸ ਸਮੇਂ ਪੰਜਾਬ ਕੁਦਰਤੀ ਆਫ਼ਤ ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਹੈ। ਜਿਸ ਨਾਲ ਆਰਥਿਕ ਅਤੇ ਮਾਲੀ ਨੁਕਸਾਨ ਵੱਡੀ ਪੱਧਰ ਤੇ ਹੋਇਆ ਹੈ। ਲੋਕ ਘਰੋਂ ਬੇਘਰ ਹੋਏ ਹਨ ਅਤੇ ਮਾਲ ਡੰਗਰ ਵੀ ਇਸ ਪਾਣੀ ਦੀ ਮਾਰ ਹੇਠ ਆਕੇ ਰੁੜ੍ਹ ਚੁੱਕਾ ਹੈ । ਫਸਲਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਅਤੇ ਗਰੀਬ ਵਰਗ ਦੇ ਲੋਕਾਂ ਦੇ ਕੋਠੇ ਮੱਠੜੇ ਇਸ ਪਾਣੀ ਦੀ ਤਰਥੱਲੀ ਵਿਚ ਤਹਿਸ ਨਹਿਸ ਹੋ ਗਏ ਹਨ ਅਤੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ । ਪੰਜਾਬ ਦੇ ਸਾਰੇ ਸਿੰਗਰ ਜਿੱਥੇ ਲੀਹ ਤੋਂ ਲਹਿ ਚੁੱਕੇ ਜੀਵਨ ਪੱਧਰ ਨੂੰ ਮੁੜ ਬਸੇਵੇ ਲਈ ਪੱਬਾਂ ਭਾਰ ਹੋਏ ਹਨ ਉਥੇ ਹੀ ਕਈ ਅਹਿਮ ਉਪਰਾਲੇ ਵੱਖ-ਵੱਖ ਸੰਸਥਾਵਾਂ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਹਨ। ਇਸ ਕੜੀ ਤਹਿਤ ਗਾਇਕ ਸੁੱਖ ਨੰਦਾਚੌਰੀਆ ਨੇ ਵੀ ਹੜ੍ਹ ਪੀੜਤਾਂ ਦੇ ਹੱਕ ਵਿੱਚ ‘ਮੇਰੇ ਮਾਲਕਾ’ ਗੀਤ ਰਾਹੀਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਸਮੁੱਚੇ ਪੰਜਾਬ ਨੂੰ ਆਪਣੀ ਦਇਆ ਮਿਹਰ ਦੀ ਕਿਰਪਾ ਨਾਲ ਨਿਵਾਜ ਕੇ ਰੱਖੇ । ਇਸ ਗੀਤ ਨੂੰ ਸੁੱਖ ਨੰਦਾਚੌਰੀਆ ਨੇ ਭਾਵ ਭਿੰਨੀ ਆਵਾਜ਼ ਦੇ ਕੇ ਫਰਿਆਦ ਕੀਤੀ ਹੈ ਅਤੇ ਇਸ ਨੂੰ ਕੁਲਦੀਪ ਚੁੰਬਰ ਕਨੇਡਾ ਨੇ ਕਲਮਬੱਧ ਕੀਤਾ ਹੈ ।
ਆਓ ਰਲ ਮਿਲ ਕੇ ਸਾਰੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਹੜ੍ਹ ਪ੍ਰਭਾਵਿਤ ਪੀੜਿਤ ਲੋਕਾਂ ਨਾਲ ਖੜੀਏ ਅਤੇ ਉਹਨਾਂ ਦੇ ਮੁੜ ਵਸੇਵੇ ਲਈ ਆਪਣਾ ਯੋਗਦਾਨ ਪਾਈਏ ।
