ਵੈਨਕੂਵਰ ਵਿਖੇ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ-
ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੀ ਪ੍ਰਬੰਧਕੀ ਕਮੇਟੀ ਵਲੋਂ ਸ਼ਹੀਦ ਕਰਮ ਸਿੰਘ ਦੌਲਤਪੁਰ ਦਾ 102ਵਾਂ ਸ਼ਹੀਦੀ ਪੁਰਬ ਵਿਰਾਸਤੀ ਗੁਰੂ ਘਰ ਐਬਸਫੋਰਡ ਵਿਖੇ ਮਨਾਇਆ ਗਿਆ। ਪਹਿਲੀ ਸਤੰਬਰ ਨੂੰ ਸਧਾਰਣ ਪਾਠ ਰੱਖੇ ਗਏ ਸਨ ਜਿਹਨਾਂ ਦੇ ਭੋਗ 7 ਸਤੰਬਰ ਦਿਨ ਐਤਵਾਰ ਨੂੰ ਪਾਏ ਗਏ। ਇਸ ਮੌਕੇ ਡਾ ਗੋਪਾਲ ਸਿੰਘ ਬੁੱਟਰ ਸਾਬਕਾ ਪ੍ਰੋ ਮੁਖੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਨੇ ਸ਼ਹੀਦ ਕਰਮ ਸਿੰਘ ਬੱਬਰ ਦੌਲਤਪੁਰ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ ਰਾਜਿੰਦਰ ਸਿੰਘ ਰਾਜੂ ਢਿੱਲੋਂ, ਲਖਵਿੰਦਰ ਸਿੰਘ ਬਰਾੜ ਸਕੱਤਰ, ਅਮਰ ਸਿੰਘ ਧਾਲੀਵਾਲ ਖਜ਼ਾਨਚੀ, ਬਲਹਾਰ ਸਿੰਘ ਤੱਖਰ ਸਹਾਇਕ ਖਜ਼ਾਨਚੀ ਨੇ ਡਾ ਗੋਪਾਲ ਸਿੰਘ ਬੁੱਟਰ ਦਾ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਤੇ ਗੁਰੂ ਘੜ ਵਲੋਂ ਸਿਰੋਪਾ ਭੇਟ ਕੀਤਾ। ਇਸੇ ਤਰਾਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸ਼ਹੀਦ ਭਾਗ ਸਿੰਘ ਪਹਿਲੇ ਪ੍ਰਧਾਨ ਤੇ ਸ਼ਹੀਦ ਬਦਨ ਸਿੰਘ ਦੀ ਯਾਦ ਵਿਚ ਸਮਾਗਮ ਕਰਵਾਏ ਗਏ ਤੇ ਉਹਨਾਂ ਦੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹਨਾਂ ਸਿੰਘਾਂ ਨੂੰ 5 ਸਤੰਬਰ 1914 ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਬੇਲਾ ਸਿੰਘ ਜਿਆਣ ਨੇ ਅੰਗਰੇਜ਼ ਅਫਸਰ ਹਾਪਕਿਨਸਨ ਦੀ ਸ਼ਹਿ ਤੇ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਜਿਸਦਾ ਬਦਲਾ ਭਾਈ ਹਰੀ ਸਿੰਘ ਸੂੰਢ ਨੇ ਇੰਡੀਆ ਵਿਚ ਜਾਕੇ ਬੇਲਾ ਸਿੰਘ ਦਾ ਕਤਲ ਕਰਕੇ ਲਿਆ ਸੀ। ਬੱਬਰ ਅਕਾਲੀਆਂ ਦੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਭੂਮਿਕਾ ਕਦੇ ਭਲਾਈ ਨਹੀਂ ਜਾ ਸਕਦੀ।
ਭਾਈ ਕਰਮ ਸਿੰਘ ਬੱਬਰ ਦੌਲਤਪੁਰ ਵੀ 1907 ਵਿਚ ਕੈਨੇਡਾ ਆਪਣਏ ਭਰਾ ਸ ਹਰੀ ਸਿੰਘ ਨਾਲ ਵੈਨਕੂਵਰ ਰਹਿੰਦੇ ਸਨ। ਸੰਤ ਤੇਜਾ ਸਿੰਘ ਵਲੋਂ ਬਣਾਈ ਗਈ ਗੁਰੂ ਨਾਨਕ ਮਾਇਨਿੰਗ ਐਂਡ ਟਰੱਸਟ ਕੰਪਨੀ ਦੇ ਹਿੱਸੇਦਾਰ ਬਣੇ। ਅਪ੍ਰੈਲ 1913 ਵਿਚ ਗਦਰ ਪਾਰਟੀ ਦੇ ਮੈਂਬਰ ਬਣੇ। 1914 ਵਿਚ ਗਦਰ ਪਾਰਟੀ ਦੇ ਸੱਦੇ ਤੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਭਾਰਤ ਗਏ। ਉਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜੂਹਬੰਦੀ ਕਰ ਦਿੱਤੀ ਗਈ ਜੋ 1918 ਤੱਕ ਲਾਗੂ ਰਹੀ। ਇਥੋਂ ਐਬਸਫੋਰਡ ਤੋਂ ਜਾਣ ਤੋਂ ਪਹਿਲਾਂ ਲਿਖਕੇ ਦੇਕੇ ਗਏ ਸਨ ਕਿ ਜੇਕਰ ਵਾਪਿਸ ਕੈਨੇਡਾ ਨਾ ਆਇਆ ਤਾਂ 4 ਏਕੜ ਜ਼ਮੀਨ ਜੋ ਉਹਨਾਂ ਦੇ ਭਰਾ ਹਰੀ ਸਿੰਘ ਤੇ ਪੇਂਡੂ ਸੁੰਦਰ ਸਿੰਘ ਨਾਲ ਸਾਂਝੀ ਸੀ, ਇਸਤੇ ਗੁਰਦੁਆਰਾ ਉਸਾਰਿਆ ਜਾਵੇ। ਖਾਲਸਾ ਦੀਵਾਨ ਸੁਸਾਇਟੀ ਵਲੋਂ 1982 ਵਿਚ 1912 ਵਾਲੇ ਗੁਰੂ ਘਰ ਦੇ ਸਾਹਮਣੇ ਵਾਲਾ ਗੁਰੂ ਇਹਨਾਂ ਦੀ ਜ਼ਮੀਨ ਉਪਰ ਬਣਾਇਆ ਗਿਆ ਹੈ। ਭਾਈ ਕਰਮ ਸਿੰਘ ਦੌਲਤਪੁਰ ਪੰਜਾਬ ਵਿਚ ਹੁਸ਼ਿਆਰਪੁਰ ਇਲਾਕੇ ਵਿਚ ਕਿਸ਼ਨ ਸਿੰਘ ਗੜਗੱਜ ਦੇ ਚੱਕਰਵਰਤੀ ਜਥੇ ਮਿਲਕੇ ਬੱਬਰ ਅਕਾਲੀ ਜਥਾ ਬਣਾਇਆ ਤੇ ਅੰਗਰੇਜ਼ ਸਰਕਾਰ ਦੇ ਨੱਕ ਵਿਚ ਦਮ ਕਰ ਛੱਡਿਆ। 8 ਅਗਸਤ 1923 ਨੂੰ ਕਰਮ ਸਿੰਘ ਦੀ ਗ੍ਰਿਫਤਾਰੀ ਲਈ ਅੰਗਰੇਜ਼ ਸਰਕਾਰ ਨੇ 3000 ਰੁਪਏ ਇਨਾਮ ਰੱਖਿਆ ਸੀ। ਉਹ 31 ਅਗਸਤ ਤੇ 1 ਸਤੰਬਰ 1923 ਦੀ ਵਿਚਕਾਰਲੀ ਰਾਤ ਫਗਵਾੜੇ ਨੇੜੇ ਪਿੰਡ ਬਬੇਲੀ ਵਿਚ ਠਹਿਰੇ ਹੋਏ ਸਨ। ਮੁਖਬਰ ਅਨੂਪ ਸਿੰਘ ਨੇ ਇਤਲਾਹ ਦੇਕੇ ਇਹਨਾਂ ਨੂੰ ਗ੍ਰਿਫਤਾਰ ਕਰਵਾਉਣਾ ਚਾਹਿਆ। ਇਹਨਾਂ ਦੇ ਨਾਲ ਬਬਰ ਮਹਿੰਦਰ, ਉਦੇ ਸਿੰਗ ਤੇ ਬਿਸ਼ਨ ਸਿੰਘ ਸ਼ਹੀਦ ਹੋ ਗਏ। ਭਾਈ ਕਰਮ ਸਿੰਘ ਨੇ ਪੁਲਿਸ ਨਾਲ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਜਾਮ ਪੀਤਾ।





