ਨਾਵਲ ਲੇਖਕ-ਡਾ ਗੁਰਮਿੰਦਰ ਸਿੱਧੂ-
ਸਮੀਖਿਆ- ਜਸਬੀਰ ਕਲਸੀ ਧਰਮਕੋਟ –
ਸੰਪਰਕ- 81468-13291
‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਨਾਂ ਹੇਠ ਪਲੇਠਾ ਨਾਵਲ ਡਾ. ਗੁਰਮਿੰਦਰ ਸਿੱਧੂ ਵੱਲੋਂ ਸਾਲ 2022 ਦੌਰਾਨ ਪ੍ਰਕਾਸ਼ਿਤ ਕਰਵਾਇਆ ਗਿਆ ਸੀ। ਇਹ ਡਾ. ਗੁਰਮਿੰਦਰ ਸਿੱਧੂ ਆਪਣੇ ਕਾਵਿ ਵਸਤੂ ਦੀ ਵਿਸ਼ੇਸ਼ ਪਾਤਰ ਧੀ ਉੱਤੇ ਆਪਣੇ ਵਿਚਾਰ ਨੂੰ ਕੇਂਦਰਿਤ ਕਰਨ ਕਰਕੇ ਪੰਜਾਬੀ ਸਾਹਿਤ ਸੰਸਾਰ ਦੇ ਪਾਠਕਾਂ ਨੂੰ ਪ੍ਰਭਾਵਿਤ ਕਰ ਚੁੱਕੀ ਨਾਮਵਰ ਕਵਿੱਤਰੀ ਹੈ।
ਡਾ. ਗੁਰਮਿੰਦਰ ਸਿੱਧੂ ਵੱਲੋਂ ਸੰਨ 1989 ਤੋਂ ਸਾਲ 2022 ਤੱਕ 34 ਵਰ੍ਹਿਆਂ ਵਿਚ ਕਾਵਿ ਸੰਗ੍ਰਹਿ ਦੀਆਂ ਛੇ, ਬਾਲ-ਕਵਿਤਾਵਾਂ ਦੀਆਂ ਦੋ, ਕਾਵਿ-ਵਾਰਤਕ ਦੀਆਂ ਤਿੰਨ ਤੇ ਵਾਰਤਕ ਦੀਆਂ ਦੋ ਅਤੇ ਇੱਕ ਨਾਵਲ ਜ਼ਰੀਏ 14 ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਗਈਆਂ ਹਨ।
ਅੰਬਰ ਨੂੰ ਆਸਮਾਨ ਤੇ ਅਕਾਸ਼ ਵੀ ਕਿਹਾ ਜਾਂਦਾ ਹੈ। ਇੱਕ ਮੁਹਾਵਰਾ ਹੈ _ ਅੰਬਰੀਂ ਉੱਡਣਾ _ ਭਾਵ, ਬਹੁਤ ਦੂਰ ਦੇ ਦਾਵੇ ਬੰਨ੍ਹਣਾ। ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਵਾਕ ਦੀ ਸੁਰ ਪ੍ਰਸ਼ਨ ਪੈਦਾ ਕਰਦੀ ਹੈ। ਅਜਿਹੇ ਵਿਸ਼ਲੇਸ਼ਣ ਤੋਂ ਸਪੱਸ਼ਟ ਹੁੰਦਾ ਹੈ ਕਿ ਡਾ. ਗੁਰਮਿੰਦਰ ਸਿੱਧੂ ਆਪਣੇ ਨਾਵਲ ਦੇ ਸਿਰਲੇਖ ਅਨੁਸਾਰ ‘ ਅੰਬਰੀਂ ਉੱਡਣ ‘ ਤੋਂ ਪਹਿਲਾਂ ਦੇ ਵਸਤੂ ਯਥਾਰਥ ਬਾਰੇ ਜਾਣਕਾਰੀ ਦੇ ਰਹੀ ਹੈ। ਇਉਂ ਦੀ ਸਪੱਸ਼ਟਤਾ ਨਾਲ ਪਾਠਕ ਮਨ ਦੇ ਵਲਵਲਿਆਂ ਨੂੰ ਵਿਸ਼ੇ ਵਿਚ ਸ਼ਾਮਿਲ ਵਸਤੂ ਨੂੰ ਜਾਣਨ ਦੀ ਉਤਸੁਕਤਾ ਵਧਦੀ ਹੈ।
ਨਾਵਲ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਦੇ ਆਰੰਭ ਵਿਚ ਸਭ ਤੋਂ ਪਹਿਲਾਂ ਲਿਖਿਆ 20 ਦਸੰਬਰ 2007, ਇਹ ਅੰਕ-ਆਧਾਰਿਤ ਤੱਥ ਹੈ। ਫਿਰ ਪਹਿਲਾ ਵਾਕ ਹੈ, ‘ ਇਹ ਬਾਤ ਉਸ ‘ ਕਵਿਤਾ ‘ ਦੀ ਹੈ ਜਿਹੜੀ ਮੇਰੀ ਕਲਮ ਨੇ ਨਹੀਂ ਮੇਰੇ ਜਿਸਮ ਨੇ ਸਿਰਜੀ ਸੀ। ਅੱਜ-ਕੱਲ੍ਹ ਉਸ ਕਵਿਤਾ ਦੇ ਖਿੜਨ ਦੇ ਦਿਨ ਹਨ, ਮਹਿਕਣ ਦੀਆਂ ਰਾਤਾਂ ਹਨ। ਥੋੜ੍ਹੇ ਦਿਨ ਪਹਿਲਾਂ ਹੀ ਅੱਖਾਂ ਵਿੱਚ ਹਜ਼ਾਰਾਂ ਟਿਮਟਿਮਾਉਂਦੇ ਤਾਰੇ ਲੈ ਕੇ, ਗੁੱਟਾਂ ਉੱਤੇ ਚਾਂਦੀ ਦੇ ਕਲੀਰੇ ਬੰਨ੍ਹ ਕੇ ਉਹ ਆਪਣੇ ਸੁਫ਼ਨਿਆਂ ਦੇ ਘਰ ਨੂੰ ਤੁਰ ਗਈ ਸੀ। ਅੱਜ ਮੈਂ, ਉਸ ਦੀ ਮਾਂ, ਇਨ੍ਹਾਂ ਸੁਫ਼ਨਿਆਂ ਦੀ ਮੰਜ਼ਿਲ ਦੇਖਣ ਲਈ ਉਤਾਵਲੀ ਹਾਂ। ਉਹ ਆਈ ਹੈ, ਨਾਲ ਉਹਦਾ ਸ਼ਹਿਜ਼ਾਦਾ ਹੈ। ….ਚਾਹ ਪਾਣੀ ਦੌਰਾਨ ਕੁੜੀ ਨੇ ਆਪਣੀ ਵਿਸ਼ੇਸ਼ ਪਸੰਦ ਕਾਜੂ-ਬਰਫ਼ੀ ਵੱਲ ਦੇਖਿਆ ਵੀ ਨਹੀਂ, ਸੁੱਖ-ਸਾਂਦ ਦੱਸਦੇ ਬੋਲਾਂ ਵਿਚੋਂ ਪਹਿਲਾਂ ਵਾਲੀ ਟੁਣਕਾਰ ਗਾਇਬ ਹੈ। .. ਉਹਦੀਆਂ ਅੱਖਾਂ ਵਿੱਚ…. ਟਿਮਟਿਮਾਉਂਦੇ ਤਾਰੇ ਨਹੀਂ… ਮੈਂ ਉਹਨੂੰ ਕਿਸੇ ਬਹਾਨੇ ਸੌਣ-ਕਮਰੇ ਵਿੱਚ ਲੈ ਆਈ ਹਾਂ : ” ਕੀ ਹੋਇਐ ਗੁੜੀਆ ?….ਬੁਝੀ ਬੁਝੀ ਜਿਹੀ ਕਿਉਂ ਹੈਂ ?” *(ਪੰਨਾ ਨੰਬਰ 9)
ਉਪਰੋਕਤ ਵੇਰਵਿਆਂ ਨੂੰ ਹੀ ਸਮੀਖਿਆ ਵਿਚੋਂ ਲੰਘਾ ਕੇ ਕਥਾ ਵਸਤੂ ਵਿਚ ਪੇਸ਼ ਵਸਤੂ ਯਥਾਰਥ ਦਾ ਵਿਸ਼ਾ ਅਤੇ ਉਸ ਦੀ ਪੇਸ਼ਕਾਰੀ ਬਾਰੇ ਜਾਣਕਾਰੀ ਮਿਲ ਜਾਂਦੀ ਹੈ। ਇਹ ਜਾਣਕਾਰੀ ਦੱਸਦੀ ਹੈ ਕਿ 20 ਦਸੰਬਰ 2007 ਨੂੰ ਕਹਾਣੀ ਸਾਂਝੀ ਕਰਨ ਵਾਲੀ ਔਰਤ, ਆਪਣੀ ਧੀ ਦੇ ਬਾਰੇ ਦੱਸ ਰਹੀ ਹੈ। ਉਸਦੀ ਧੀ ਥੋੜ੍ਹੇ ਦਿਨ ਪਹਿਲਾਂ ਹੀ ਵਿਆਹੀ ਗਈ ਸੀ। ਅੱਜ ਉਸ ਧੀ ਦੀ ਵਿਆਹ ਤੋਂ ਪਹਿਲਾਂ ਵਾਲੀ ਟੁਣਕਾਰ ਗਾਇਬ ਹੈ। ਦੂਜਾ, ਉਸ ਦੀਆਂ ਅੱਖਾਂ ਵਿੱਚ ਟਿਮਟਿਮਾਉਂਦੇ ਤਾਰਿਆਂ ਦੀ ਥਾਂ ਸੁੰਨ ਮਸਾਣ ਹੈ। ਅਜਿਹਾ ਥੋੜ੍ਹੇ ਕੁ ਦਿਨ ਵਿਆਹੁਤਾ ਜੀਵਨ ਦੇ ਸਹੁਰੇ ਘਰ ਗੁਜ਼ਾਰ ਕੇ ਹੋਇਆ ਹੈ, ਤਾਂ ਕਿਉਂ ? ਪ੍ਰਸ਼ਨ ਪੈਦਾ ਹੋਇਆ ਹੈ।
ਇਸ ਤੋਂ ਇਲਾਵਾ ਕਹਾਣੀ ਸਾਂਝੀ ਕਰਨ ਵਾਲੀ ਮਾਂ, ਆਪਣੀ ਧੀ ਦੇ ਸਹੁਰੇ ਘਰ ਨੂੰ ਸੁਫ਼ਨਿਆਂ ਦਾ ਘਰ ਕਹਿੰਦੀ ਹੈ ਅਤੇ ਆਪਣੀ ਧੀ ਨੂੰ ‘ ਕਵਿਤਾ ‘ ਦੇ ਨਾਲ ਤੁਲਨਾ ਕੇ ਉਸ ਦੇ ਸਰੀਰਕ ਤੇ ਮਾਨਸਿਕ ਵਿਅਕਤੀਤੱਵ ਨੂੰ ਪੇਸ਼ ਕਰ ਰਹੀ ਹੈ। ‘ ਕਵਿਤਾ ‘ ਦੀ ਬਣਤਰ ਨੂੰ ਸਾਹਿਤ ਦੀਆਂ ਵਿਧਾਵਾਂ ਵਿਚੋਂ ਨਾਜ਼ੁਕ ਸਰੀਰ ਤੇ ਨਰਮ ਦਿਲ ਆਦਿ ਨਾਲ ਸਬੰਧਤ ਕੀਤਾ ਗਿਆ ਹੈ। ਸੋ, ‘ ਕਵਿਤਾ ‘ ਵਰਗੀ ਧੀ ਜਿਸ ਦੀ ਉਮਰ ਤੇ ਸੱਜਰੇ ਵਿਆਹ ਦੇ ਸਮੇਂ ਨੂੰ ਉਸ ਦੀ ਮਾਂ ਨੇ ਉਸ ਦੇ ਖਿੜਨ ਦੇ ਦਿਨ ਤੇ ਮਹਿਕਣ ਦੀਆਂ ਰਾਤਾਂ ਨਾਲ ਤੁਲਨਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਪਰ ! ਉਸ ਧੀ ਦੀ ਵਿਆਹ ਤੋਂ ਪਹਿਲਾਂ ਵਾਲੀ ਟੁਣਕਾਰ, ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਗਾਇਬ ਹੈ, ਕਿਉਂ ?ਦੂਜਾ, ਉਸ ਦੀਆਂ ਅੱਖਾਂ ਵਿੱਚ ਟਿਮਟਿਮਾਉਂਦੇ ਤਾਰਿਆਂ ਦੀ ਥਾਂ ਸੁੰਨ ਮਸਾਣ ਹੈ। ਅਜਿਹਾ ਥੋੜ੍ਹੇ ਕੁ ਦਿਨ ਵਿਆਹੁਤਾ ਜੀਵਨ ਦੇ ਸਹੁਰੇ ਘਰ ਗੁਜ਼ਾਰ ਕੇ ਹੋਇਆ ਹੈ, ਤਾਂ ਕਿਉਂ ? ਇਉਂ ਨਾਵਲ ਆਪਣੇ ਆਰੰਭ ਤੋਂ ਹੀ ਪ੍ਰਸ਼ਨ-ਮੂਲਕ ਸੁਰ ਉਭਾਰ ਦੇਂਦਾ ਹੈ। ਜਿਸ ਦਾ ਉੱਤਰ ਜਾਣਨ ਲਈ ਪਾਠਕ, ਨਾਵਲੀ ਕਹਾਣੀ ਪੜ੍ਹਨ ਦੇ ਰਾਹ ਪੈ ਜਾਂਦਾ ਹੈ।
ਇਉਂ ਕਹਾਣੀ ਦਾ ਵਿਸ਼ਾ ਸਾਡੇ ਮਨੁੱਖੀ ਜੀਵਨ ਅੰਦਰ ਔਰਤ-ਮਰਦ ਦੇ ਸਮਾਜਿਕ ਵਿਆਹ ਅਤੇ ਉਸ ਔਰਤ-ਮਰਦ ਦੇ ਰਿਸ਼ਤਿਆਂ ਨਾਲ ਸਬੰਧਤ ਹੈ। ਦੂਜਾ, ਇਸ ਵਸਤੂ-ਯਥਾਰਥ ਨੂੰ ਕਥਾ-ਵਸਤੂ ਵਿਚ ਢਾਲ ਕੇ ਪੇਸ਼ ਕਰਦਿਆਂ ਕਹਾਣੀ ਸਾਂਝੀ ਕਰਨ ਵਾਲੀ ਮਾਂ ਨੇ ਮਿਤੀ ਤੇ ਸੰਨ ਦੇ ਵੇਰਵੇ ਨਾਲ ਅੰਕ-ਆਧਾਰਿਤ ਤੱਥ ਪੇਸ਼ ਕੀਤਾ ਹੈ। ਇਸ ਤਰ੍ਹਾਂ ਕਥਾ-ਵਸਤੂ ਨੂੰ ਪੇਸ਼ ਕਰਨ ਲਈ ਕਲਾ-ਜੁਗਤਾਂ ਦੀ ਵਰਤੋਂ ਕੀਤੀ ਗਈ ਹੈ। ਜਿਸ ਜ਼ਰੀਏ ਇੱਕ ਹੱਡ ਮਾਸ ਦੀ ਧੀ ਨੂੰ ‘ ਕਵਿਤਾ ‘ ਨਾਲ ਤੁਲਨਾਇਆ ਹੈ। ਇਸ ਤਰ੍ਹਾਂ ਦੀ ਪੇਸ਼ਕਾਰੀ ਤੋਂ ਪਾਠਕ ਮਨ ਵਧੇਰੇ ਪ੍ਰਭਾਵਿਤ ਹੋਇਆ ਕਰਦਾ ਹੈ, ਇਹ ਮੇਰਾ ਮੰਨਣਾ ਹੈ।
ਨਾਵਲ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਦੇ ਆਰੰਭ ਵਿਚ ਹੀ ਕਥਾ-ਵਸਤੂ ਵਿਚ ਪੇਸ਼ ਮਾਪਿਆਂ ਤੇ ਸਹੁਰਿਆਂ ਦੀਆਂ ਦੋ ਧਿਰਾਂ ਵਿਚਕਾਰ ਸਮਾਜਿਕ ਰਿਸ਼ਤਿਆਂ ਦੀ ਸਾਂਝ ਵਿਚਲਾ ਅੰਤਰ ਪਾਠਕ ਨੂੰ ਜਾਣਨ ਦੀ ਉਤਸੁਕਤਾ ਦੇ ਦਿੰਦਾ ਹੈ। ਇਸ ਉਤਸੁਕਤਾ ਦੇ ਨਾਲ ਚੱਲਦੇ ਹੋਏ ਨਾਵਲ ਦੇ ਅਗਲੇ ਹਿੱਸੇ ਨੂੰ ਪਾਠਕ ਮਨ ਜਦੋਂ ਪੜ੍ਹਦਾ ਹੈ ਤਾਂ ਉਸ ਨੂੰ ਬਹੁ-ਗਿਣਤੀ ਵਿਚ ਛੋਟੇ ਅਤੇ ਘੱਟ ਗਿਣਤੀ ਵਿਚ ਵੱਡੇ ਨਾਵਲੀ ਕਾਂਡ ਪੜ੍ਹਨ ਨੂੰ ਮਿਲਦੇ ਹਨ। ਇਹਨਾਂ ਸਾਰੇ ਨਾਵਲੀ ਕਾਂਡਾਂ ਦੇ ਆਰੰਭ ਵਿਚ ਮਿਤੀ ਤੇ ਸੰਨ ਦੇ ਅੰਕ-ਆਧਾਰਿਤ ਤੱਥ ਵੀ ਪੜ੍ਹਨ ਲਈ ਮਿਲਦੇ ਹਨ। ਅਜਿਹੀ ਅੰਕ-ਆਧਾਰਿਤ ਤੱਥ ਵਾਲੀ ਮਿਤੀ ਤੇ ਸੰਨ ਨਾਵਲ ਦੇ ਆਰੰਭ ਤੋਂ ਅੰਤ ਵੱਲ ਜਾਂਦਿਆਂ ਚੜ੍ਹਦੇ ਕ੍ਰਮ ਵਿਚ ਪੇਸ਼ ਕੀਤੀ ਗਈ ਹੈ ਜਿਵੇਂ ਉਦਾਹਰਣ ਦੇ ਵਜੋਂ ਨਾਵਲ ਦੇ ਆਰੰਭ ਵਿਚ 20 ਦਸੰਬਰ 2007 ਦਰਜ ਹੈ। ਅਗਲੇ ਕਾਂਡਾਂ ਵਿਚ 25 ਦਸੰਬਰ 2007,…20 ਜਨਵਰੀ 2008,…25 ਮਈ 2008,…18 ਅਗਸਤ 2008,…..23 ਦਸੰਬਰ 2008,…02 ਜਨਵਰੀ 2009,….24 ਮਾਰਚ 2009 ਤੋਂ ਅਗਲੇ ਕਾਂਡ ਵਿਚ ਸਾਲ 2010, ਫਿਰ ਅਗਲੇ ਕਾਂਡਾਂ ਵਿਚ 13 ਅਕਤੂਬਰ 2011,… ਅਤੇ ਬਿਲਕੁਲ ਆਖ਼ਰੀ ਦੋ ਕਾਂਡ ਨੇ ਅੰਬਰੀਂ ਉੱਡਣ ਵੇਲ਼ੇ ਸਾਲ 2014 ਤੇ ਅੰਬਰ ਵਿੱਚ ਉਡਾਰੀਆਂ ਸਾਲ 2022 ਨਾਮ ਤੇ ਅੰਕ-ਆਧਾਰਿਤ ਤੱਥ ਵਜੋਂ ਪੇਸ਼ ਕੀਤੇ ਹਨ। ਇਹ ਸਾਰੇ ਵੇਰਵੇ ਅਤੇ ਇਨ੍ਹਾਂ ਦੇ ਹੇਠ ਪੇਸ਼ ਨਾਵਲ ਦੀ ਕਹਾਣੀ ਦਾ ਕਥਾ-ਬਿਰਤਾਂਤ ਪੜ੍ਹ ਕੇ ਪਾਠਕ ਨੂੰ ਸਮਝ ਮਿਲ ਜਾਂਦੀ ਹੈ ਕਿ ਇਹ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਨਾਵਲ ਇੱਕ ਡਾਇਰੀ ਦੇ ਪੰਨਿਆਂ ਉੱਤੇ ਦਰਜ ਕੀਤਾ ਮਾਂ ਔਰਤ ਪਾਤਰ ਦਾ ਲਿਖਿਆ ਹੋਇਆ ਹੈ। ਜਿਸ ਦੀ ਕਥਾ-ਵਸਤੂ ਮਾਪਿਆਂ ਤੇ ਸਹੁਰਿਆਂ ਦੇ ਘਰਾਂ ਨਾਲ ਸਬੰਧਤ ਲੋਕਾਂ ਦੀ ਸੱਭਿਆਚਾਰਕ-ਸੁਭਾਅ ਵਾਲੀ ਕਹਾਣੀ ਦੇ ਵਸਤੂ-ਯਥਾਰਥ ਦਾ ਸਮਾਜਿਕ ਰਿਸ਼ਤਿਆਂ ਵਿਚਕਾਰ ਆਪਣਾ-ਆਪਣਾ ਸੁਭਾਅ ਪੇਸ਼ ਕਰਦੀ ਹੈ।
ਨਾਵਲ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਦੇ ਵਿਸ਼ੇ ਦੀ ਕਹਾਣੀ ਵਿਚ ਮਾਪਿਆਂ ਤੇ ਸਹੁਰਿਆਂ ਦਾ ਪਰਿਵਾਰ ਭਾਰਤੀ ਪੰਜਾਬ ਦੀ ਰਾਜਧਾਨੀ ਦੇ ਨਾਲ ਲੱਗਦੇ ਸ਼ਹਿਰ ਵਿੱਚ ਰਹਿੰਦਾ ਹੈ। ਇਹ ਪਰਿਵਾਰ ਪੈਸੇ, ਘਰ ਤੇ ਉੱਚ ਯੋਗਤਾ ਵਾਲੀ ਪੜ੍ਹਾਈ ਦੇ ਨਾਲ ਨਾਲ ਚੰਗੀ ਨੌਕਰੀ ਵਾਲੇ ਵੀ ਹਨ। ਦੋਵਾਂ ਪਰਿਵਾਰਾਂ ਦੀ ਕੁੜਮਾਚਾਰੀ ਸਾਂਝ ਬਹੁਤ ਕਾਹਲੀ ਵਿਚ ਉੱਸਰਦੀ ਹੈ। ਮੁੰਡਾ ਆਪਣੇ ਅਸਟ੍ਰੇਲੀਆ ਰਹਿ ਰਹੇ ਭੈਣ-ਭਣੋਈਏ ਕੋਲ ਰਹਿ ਰਿਹਾ ਹੈ। ਉਹ ਵਿਆਹ ਵਾਸਤੇ ਇੰਡੀਆ ਆਇਆ ਸੀ। ਕੁੜੀ ਵਾਲਿਆਂ ਬਿਨਾਂ ਪੜਤਾਲ ਕੀਤਿਆਂ ਆਪਣੀ ‘ ਕਵਿਤਾ ‘ ਵਰਗੀ ਕੁੜੀ ਉਸ ਮੁੰਡੇ ਨਾਲ ਵਿਆਹ ਦਿੱਤੀ ਸੀ। ਵਿਆਹ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਕੁੜੀ-ਮੁੰਡਾ ਕੁੜੀ ਦੇ ਘਰ ਆਏ ਤਾਂ ਕੁੜੀ ਦਾ ਬਦਲਿਆ ਵਿਹਾਰ ਕੁੜੀ ਦੀ ਮਾਂ ਨੇ ਪਛਾਣ ਲਿਆ। ਇਸ ਪਛਾਣ ਵਿਚ ਤਣਾਅ ਅਤੇ ਟਕਰਾਅ ਦੀ ਸਥਿਤੀ ਅਤੇ ਪ੍ਰਸਥਿਤੀ ਸ਼ਾਮਿਲ ਹੈ। ਜਿਸ ਦਾ ਵਿਸਥਾਰ ਸਹਿਤ ਵਰਨਣ ਨਾਵਲ ਦੀ ਕਹਾਣੀ ਰਾਹੀਂ ਪੇਸ਼ ਕੀਤਾ ਗਿਆ ਹੈ।
‘ ਕਵਿਤਾ ‘ ਵਰਗੀ ਕੁੜੀ ਵਿਆਹੁਤਾ ਹੋ ਕੇ ਅਸਟ੍ਰੇਲੀਆ ਵਿਚ ਉੱਚਤਮ ਵਿਦਿਆ ਲਈ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਵੀ ਜਾਂਦੀ ਹੈ। ਉਹ ਜ਼ਿੱਦੀ ਸੁਭਾਅ ਦੇ ਪਤੀ ਤੋਂ ਦੁਖੀ ਵੀ ਰਹਿੰਦੀ ਹੈ। ਅਜਿਹੇ ਪਤੀ ਦੀਆਂ ਗੰਦੀਆਂ ਗਾਹਲਾਂ ਤੇ ਜਗੀਰਦਾਰੀ ਕਿਸਮ ਦੀ ਮਰਦਾਨਗੀ ਦਾ ਰੋਹਬ ਵੀ ਝੱਲਦੀ ਹੈ। ਫਿਰ ਵੀ ਇੱਕ ਚੰਗੀ ਪਤਨੀ ਦਾ ਰੋਲ ਅਦਾ ਕਰਦੀ ਰਹਿੰਦੀ ਹੈ । ਆਪਣੇ ਨਾਲ ਵਾਪਰਦਾ ਆਪਣੀ ਮਾਂ ਨੂੰ ਵੀ ਕੁਝ ਕੁਝ ਹੀ ਫੋਨ ਜ਼ਰੀਏ ਦੱਸਦੀ ਹੈ। ਉਸ ਦੇ ਪਤੀ ਵੱਲੋਂ ਫੋਨ ਫਰੋਲਿਆ ਜਾਂਦਾ ਹੈ। ਫਿਰ ਉਸ ਨੂੰ ਪਤੀ ਦੀਆਂ ਝਿੜਕਾਂ ਤੇ ਕੁੱਟਮਾਰ ਸਹਿਣੀ ਪੈਂਦੀ ਹੈ। ਫਿਰ ਉਹ, ਈ-ਮੇਲ ਜ਼ਰੀਏ ਜਾਣਕਾਰੀ ਸਾਂਝੀ ਕਰ ਈ-ਮੇਲ ਡਲੀਟ ਕਰਨ ਦੇ ਰਾਹ ਪੈਂਦੀ ਹੈ। ਪਤੀ ਉਸ ਦਾ ਵਿਹਲੜ ਵੀ ਹੈ ਜਦੋਂ ਕਿ ਉਹ ਨੌਕਰੀ ਕਰ ਕੇ ਘਰ ਵੀ ਚਲਾਉਂਦੀ ਹੈ। ਤੇ ਨਾਲ ਨਾਲ ਪੜ੍ਹਾਈ ਕਰਦੀ ਹੈ।
ਮੈਂ ਮੂਲਕ ਚਰਿੱਤਰ ਦੀ ਮਾਂ ਪਾਤਰ ਬਿਰਤਾਂਤਕਾਰ ਦਾ ਰੋਲ ਅਦਾ ਕਰਦੀ ਹੈ। ਉਹ ਆਪਣੀ ਧੀ ਦੇ ਜੀਵਨ ਨੂੰ ਡਾਇਰੀ-ਸ਼ੈਲੀ ਵਿਚ ਪੇਸ਼ ਕਰਦੀ ਲਿਖਦੀ ਹੈ, ‘ ਪੰਜ ਦਿਨ ਪੰਜ ਸਦੀਆਂ ਵਾਂਗ ਗੁਜ਼ਰੇ ਨੇ, ਬਾਬਲ ਦਾ ਵਿਹੜਾ ਬੇਹੱਦ ਉਦਾਸ ਹੋ ਗਿਆ ਹੈ, ਜੀਆਂ ਦੇ ਚਾਅ ਲੁੱਟੇ ਪੁੱਟੇ ਗਏ ਹਨ, ਵਿਆਹ ਦੀਆਂ ਗੱਲਾਂ ਯਾਦ ਕਰ ਕਰ ਗੂੰਜਦੇ ਹਾਸਿਆਂ ਨੂੰ ਗਸ਼ ਆ ਗਈ ਹੈ, ਵੀਡੀਓ – ਕੈਸਿਟਾਂ ਤੇ ਫੋਟੋ – ਐਲਬਮਾਂ ਦੀ ਉਡੀਕ ਖੁਦਕੁਸ਼ੀ ਕਰ ਗਈ ਹੈ।’* ਪੰਨਾ ਨੰਬਰ 10
ਨਾਵਲਕਾਰ ਨੇ ਨਾਵਲ ਦਾ ਬਿਰਤਾਂਤ ਕਵਿਤਾ ਵਰਗੀ ਵਾਰਤਕ ਵਿਚ ਪੇਸ਼ ਕੀਤਾ ਹੈ। ਇਸ ਵੰਨਗੀ ਨੂੰ ਪੜ੍ਹਦਾ ਪਾਠਕ ਭਾਸ਼ਾ ਦੇ ਪੱਖ ਤੋਂ ਵੀ ਨਾਵਲ ਨਾਲ ਵਧੇਰੇ ਜੁੜ ਸਕਦਾ ਕਿਹਾ ਜਾ ਸਕਦਾ ਹੈ।
ਭੈਣ ਦੇ ਵਿਆਹ ਵਿੱਚ ਸ਼ਾਮਲ ਹੋਇਆ ਭਰਾ-ਭਰਜਾਈ ਤੇ ਭਤੀਜਾ ਕੈਨੇਡਾ ਤੋਂ ਆਏ ਹੋਏ ਸਨ। ਵਾਪਸ ਜਾਣ ਤੋਂ ਪਹਿਲਾਂ ਭਰਾ ਨੇ ਭੈਣ ਨੂੰ ਉਸ ਦੇ ਸਹੁਰਿਆਂ ਨਾਲ ‘ ਤਿੰਨ ਕੁ ਦਿਨਾਂ ਤਾਂਈਂ ਛੱਡ ਜਾਵਾਂਗੇ ‘ ਕਹਿ ਘਰ ਲਿਆਂਦਾ। ਇਸ ਮੌਕੇ ਬਾਰੇ ਮਾਂ ਨੇ ਲਿਖਿਆ, ‘ ਅਸੀਂ ਕੁਝ ਰਾਹਤ ਜਿਹੀ ਮਹਿਸੂਸ ਕਰਦੇ ਹਾਂ ਪਰ ਘਰ ਵਿੱਚ ਖ਼ਮੋਸ਼ੀ ਦੀ ਚਾਰਦੀਵਾਰੀ ਨੂੰ ਅਚਾਨਕ ਅਰਸ਼ ਵੱਡਾ ਸਾਰਾ ਪਾੜ ਲਾਉਂਦੈ, ” ਅਈਂਦਾਂ ਬੈਠੇ ਐ ਜਿਵੇਂ ਕੋਈ ਮਰਗ ਹੋਗੀ ਹੁੰਦੀ ਐ, ਚਲੋ ਕੱਲ੍ਹ ਨੂੰ ਪਿਕਨਿਕ ਚੱਲੀਏ ਛੱਤਬੀੜ !”
” ਵੀਰੇ ! ਤੁਸੀਂ ਜਾਓ ਪਿਕਨਿਕ ‘ਤੇ, ਮੈਨੂੰ ਓਧਰ ਛੱਡ ਦਿਓ !”
” ਕਿਉਂ ? ਹੁਣ ਕੀ ਬਿੱਜ ਪੈ ਗਈ ਉਨ੍ਹਾਂ ਨੂੰ ?” ਹੱਸ ਰਹੇ ਬੁੱਲ੍ਹ ਸੁੰਗੜ ਕੇ ਹੋਰੂੰ ਜਿਹੇ ਹੋ ਗਏ ਨੇ।
” ਮੈਨੂੰ ਇਹ ਰਾਤੀਂ ਫੋਨ ‘ਤੇ ਕਹਿੰਦੇ, ‘ ਤੈਨੂੰ ਸ਼ਰਮ ਨੀ ਆਉਂਦੀ ? ਚਾਰ ਦਿਨ ਵਿਆਹ ਨੂੰ ਹੋਏ ਐ ਤੂੰ ਪੇਕੀਂ ਬਹਿਗੀ, ਜੇ ਓਥੇ ਈ ਰਹਿਣਾ ਤਾਂ ਵਿਆਹ ਕਿਉਂ ਕਰਵਾਇਆ ? ਦਫਾ ਹੋਈ ਰਹਿ ਓਥੇ ਈ !’ ਹੋਰ ਬਹੁਤ ਕੁਛ ਕਿਹਾ ਵੀਰੇ !”
ਨਿਰਦੋਸ਼ ਅੱਖਾਂ ਦੀਆਂ ਕਿਆਰੀਆਂ ਵਿੱਚ ਡੱਕੇ ਹੰਝੂਆਂ ਦਾ ਨੱਕਾ ਟੁੱਟ ਗਿਆ ਹੈ, ਉਹ ਬੇਤਹਾਸ਼ਾ ਵਗਣ ਲੱਗੇ ਨੇ। ਪਿਕਨਿਕ ਕੀਹਨੇ ਜਾਣਾ ਸੀ ! ਭਾਬੀ ਰੋਣਹਾਕੀ ਹੋ ਗਈ ਹੈ….ਬਾਬਲ ਸਿਰ ਫੜ ਕੇ ਬਹਿ ਗਿਆ ਹੈ… ਗੱਭਰੂ ਭਰਾ ਦਾ ਤੱਤਾ ਲਹੂ ਉਬਾਲੇ ਖਾਣ ਲੱਗੈ : ” ਪਾਪਾ ! ਰਿਸ਼ਤੇਦਾਰਾਂ ਦਾ ‘ ਕੱਠ ਕਰੋ….”
” ਨਹੀਂ ਵੀਰੇ ! ਗੱਲ ਵਧ ਜੂਗੀ, ਮੇਰੀ ਜ਼ਿੰਦਗੀ ਬਰਬਾਦ ਹੋ ਜਾਊ!” ਕੁੜੀ ਨੇ ਹੱਥ ਬੰਨ੍ਹ ਲਏ ਨੇ।’* ਪੰਨਾ ਨੰਬਰ 14,15,16
ਇਉਂ ਮਨੁੱਖੀ ਜੀਵਨ ਦੇ ਇੱਕ ਮਸਲੇ ਉੱਤੇ ਜੁੜੇ ਮਨੁੱਖਾਂ ਦੇ ਵੱਖ-ਵੱਖ ਸੁਭਾਅ ਦਾ ਵਖਰੇਵਾਂ ਸਪੱਸ਼ਟ ਤੌਰ ਉੱਤੇ ਪਛਾਣ ਵਿਚ ਆਉਂਦਾ ਹੈ। ਇਹ ਮਨੁੱਖੀ ਸੁਭਾਅ ਬਦਲਦੀਆਂ ਪਦਾਰਥਕ ਅਤੇ ਇਤਿਹਾਸਕ ਪਰਿਸਥਿਤੀਆਂ ਦੇ ਅਨੁਸਾਰ ਬਣਦੇ ਰੂਪ-ਸਰੂਪ ਵਿਚ ਸ਼ਾਮਿਲ ਹੋ ਕੇ ਆਪਣੇ ਕੁਦਰਤੀ ਅੰਤਰ ਨਿਖੇੜੇ ਨੂੰ ਵਾਪਰਦਾ ਵਿਖਾਉਂਦਾ ਹੈ।ਇਸ ਸਬੰਧੀ ਅਧਿਐਨ ਕਰਦਿਆਂ ਮਨੁੱਖ ਦੇ ਕੁਦਰਤੀ ਸੁਭਾਅ ਅਤੇ ਉਸ ਦੇ ਮਨੁੱਖੀ ਸਮਾਜ ਦੇ ਰਿਸ਼ਤਿਆਂ ਵਿਚਕਾਰ ਪਈਆਂ ਗੰਢਾਂ ਦਾ ਵਿਚਾਰਧਾਰਕ, ਸਮਾਜਿਕ ਅਤੇ ਸੱਭਿਆਚਾਰਕ ਆਧਾਰ ਆਦਿ ਬਹੁਤ ਅਹਿਮ ਹੈ। ਜਿਸ ਵਿਚ ਵਿਅਕਤੀ ਵਿਸ਼ੇਸ਼ ਹੋਂਦ ਦੀ ਅਨਿਆਂਪੂਰਵਕ ਵੰਡ ਨੂੰ ਨਾਵਲਕਾਰ ਨੇ ਪਾਠਕ ਅਤੇ ਅਧਿਐਨ ਕਰਤਾ ਦੇ ਰੂਬਰੂ ਕੀਤਾ ਹੈ।
ਮਾਂ ਦੀ ਭਵਿੱਖਬਾਣੀ ਦਾ ਬਿਰਤਾਂਤ ਧੀ ਦੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਇਉਂ ਪੇਸ਼ ਕੀਤਾ ਗਿਆ ਹੈ,’ ਸੋਚਾਂ ਤੇ ਉਲਝਣਾਂ ਮੇਰੇ ਦਵਾਲੇ ਮੱਕੜੀ ਦੇ ਜਾਲ ਵਾਂਗ ਤਣੀਆਂ ਜਾਣ ਲੱਗੀਆਂ ਨੇ, ” ਜੇ ਕੰਵਰ ਦਾ ਏਹੀ ਵਤੀਰਾ ਰਿਹਾ ? ਜੇ ਇਸ ਤੋਂ ਵੀ ਭੈੜਾ ਹੋ ਗਿਆ ? ਅਸੀਂ ਤਾਂ ਨਹੀਂ ਰਹਿਣ ਦਿਆਂਗੇ ਆਪਣੀ ਧੀ ਨੂੰ ਦੋਜ਼ਖ਼ ਵਿੱਚ, ਇਸ ਹਾਲਤ ਵਿੱਚ ਬੱਚਾ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਬੱਚੇ ਕਰਕੇ ਵੱਖਰਾ ਹੋਣਾ ਬਹੁਤ ਮੁਸ਼ਕਿਲ ਹੋਊ!”* ਪੰਨਾ ਨੰਬਰ 20
ਅਜਿਹੇ ਵੇਰਵੇ ਪਾਠਕ ਨੂੰ ਨਾਵਲ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ। ਇਹ ਉਤਸੁਕਤਾ ਜਗਾਉਣ ਦੀ ਜੁਗਤ ਹੈ। ਇਹ ਕਹਾਣੀ ਦੀਆਂ ਪਰਤਾਂ ਹਨ।
” ਅਸੀਂ ਤਾਂ ਆਪਣੀ ਬੱਚੀ ਨੂੰ ਫੁੱਲ ਦੀ ਵੀ ਨਹੀਂ ਲੱਗਣ ਦਿਆਂਗੇ….ਅੱਵਲ ਤਾਂ ਸਾਡੇ ਨਾਲ ਏਦਾਂ ਦਾ ਕੁਝ ਹੋਣ ਹੀ ਨਹੀਂ ਲੱਗਾ….ਜੇ ਹੋਇਆ ਤਾਂ ਅਸੀਂ ਪਹਿਲੇ ਮੌਕੇ ਹੀ ਉਹਨੂੰ ਉਸ ਨਰਕ ਵਿਚੋਂ ਧੂਹ ਲਿਆਵਾਂਗੇ।”* ਪੰਨਾ ਨੰਬਰ 21
ਇਉਂ ਡਾਇਰੀਨੁਮਾ ਇੱਕ ਲਕੀਰੀ ਬਿਰਤਾਂਤ ਪੜ੍ਹਦਿਆਂ ਪਾਠਕ ਉਪਰੋਕਤ ਪ੍ਰਸ਼ਨਾਂ ਦਾ ਉੱਤਰ ਲੱਭਦਾ ਹੈ ਪਰ ! ਬਿਰਤਾਂਤ ਵਿਚੋਂ ਪਾਠਕ ਨੂੰ ਜੋ ਉੱਤਰ ਮਿਲਦਾ ਹੈ ਉਹ, ਮਾਂ ਪਾਤਰ ਦੀ ਸੋਚ ਸੁਭਾਅ ਦੇ ਅਨੁਸਾਰ ਹੀ ਵਾਪਰਿਆ ਮਿਲਦਾ ਹੈ। ਜਿਸ ਕਰਕੇ ਇਹ ਕਥਾ-ਵਸਤੂ, ਵਸਤੂ-ਯਥਾਰਥ ਦੀ ਅਸਲੀਅਤ ਨੂੰ ਪੇਸ਼ ਕਰਦੀ ਹੈ। ਮਨੁੱਖੀ ਜੀਵਨ ਦੇ ਗਤੀਸ਼ੀਲ ਵਰਤਾਰੇ ਵਿੱਚ ਮਨੁੱਖ ਦੀ ਸੋਚ, ਸੁਭਾਅ ਦੇ ਅਨੁਸਾਰ ਵੀ ਚੱਲਦੀ ਹੈ ਅਤੇ ਉਲਟ ਵੀ। ਇਸ ਪੈਟਰਨ ਵਾਲੀ ਵਿਧੀ ਹੀ ਇਸ ਨਾਵਲ ਦੇ ਬਿਰਤਾਂਤ ਨੂੰ ਉਸਾਰਦੀ ਹੈ।
ਵਿਦੇਸ਼ ਵਿਚ ਨਿਰਦਈ ਪਤੀ ਦੇ ਨਾਲ ਰਹਿ ਰਹੀ ਪੀੜਤ ਧੀ ਤੇ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਮਾਪੇ ਆਪਸ ਵਿੱਚ ਕਿਵੇਂ ਤਾਲਮੇਲ ਕਰਦੇ ਨੇ ਦੀ ਉਦਾਹਰਣ ਮਾਂ ਪਾਤਰ ਦੀ ਸੋਚ ਦੇ ਸ਼ਬਦਾਂ ਦੇ ਵਰਨਣ ਅਤੇ ਵਾਰਤਾਲਾਪ ਵਿਚੋਂ ਇੱਥੇ ਦਿੰਦਾ ਹਾਂ ; ਵਰਨਣ _’ ਰੋਜ਼ ਫੋਨ ਉਡੀਕਦੀ ਹਾਂ…..ਪਰ ਕੁੜੀ ਫੋਨ ਨਹੀਂ ਕਰਦੀ। ਆਖ਼ਿਰ ਮਾਂ ਬਾਪ ਕਿਵੇਂ ਆਪਣੀ ਜਾਈ ਨੂੰ ਦਾਣਿਆਂ ਵਾਂਗ ਭੁੰਨੀ ਜਾਂਦੀ ਦੇਖਣ ! … ਵਾਰਤਾਲਾਪ_” ਤੂੰ ਬਿਟੀਆ ! ਕਾਲ ਕਰ ਕੇ ਦੱਸ ਦਿਆ ਕਰ ਕਿ ਹੁਣ ਉਹ ਨੇੜੇ ਨਹੀਂ, ਅਸੀਂ ਆਪੇ ਤੈਨੂੰ ਫੋਨ ਮਿਲਾ ਲਵਾਂਗੇ।” ” ਮੰਮਾ ! ਉਹ ਸਾਰੀਆਂ ਫੋਨ-ਸਟੇਟਮੈਂਟਾਂ ਧਿਆਨ ਨਾਲ ਪੜ੍ਹ ਕੇ ਨਿਸ਼ਾਨ ਲਾਉਂਦੇ ਐ, ਕਿਹੜੀ ਕਾਲ ਕਿੰਨੇ ਮਿੰਟ ਦੀ ਹੋਈ ਇਹ ਵੀ, ਉਨ੍ਹਾਂ ਨੂੰ ਸਭ ਪਤਾ ਲੱਗ ਜਾਣੈਂ…ਫਿਰ ਮੇਰੀ ਜਾਨ ਕੁੜਿੱਕੀ ‘ਚ..।” ” ਤੂੰ ਦੱਸ ਕਿਹੜੇ ਟਾਈਮ ਟ੍ਰੇਨ ਵਿੱਚ ਹੁੰਦੀ ਹੈਂ ? ਅਸੀਂ ਉਦੋਂ ਕਾਂਟੈਕਟ ਕਰਾਂਗੇ…..।” ” …. ਨਹੀਂ ਤਾਂ ਆਫਿਸ ਦੀ ਆਈਡੀ ਤੋਂ ਈਮੇਲ ਭੇਜ ਦਿਆ ਕਰ ! .. ਤੂੰ ਇਕੱਲੀ ਨਹੀਂ ਹੈਂ ਗੁੜੀਆ ! ਅਸੀਂ ਸਭ ਤੇਰੇ ਨਾਲ ਆਂ ।” ਤੇ ਉਹਨੇ ਦਰਦ ਪਟਾਰੀ ਖੋਲ੍ਹ ਦਿੱਤੀ ਹੈ : from” sarghi <@…….au ਹੈਲੋ ਮੰਮਾ ਪਾਪਾ ! … ਮੈਂ ਕਦੀ ਸੁਫ਼ਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਇਹ ਹਾਲ ਹੋਊਗਾ। ਮੇਰੇ ਲਈ ਵਿਆਹ ਇੱਕ ਖੂਬਸੂਰਤ ਸੰਸਾਰ ਸੀ, ਜਿਸ ਵਿੱਚ ਦੋ ਇਨਸਾਨ ਇਕੱਠੇ ਰਹਿੰਦੇ ਨੇ, ਇੱਕ ਦੂਜੇ ਦਾ ਸਾਥ ਦਿੰਦੇ ਨੇ ਤੇ ਖੁਸ਼ੀਆਂ, ਗ਼ਮੀਆਂ ਰਲ਼ ਕੇ ਹੰਢਾਉਂਦੇ ਨੇ। ਪਰ ਜੋ ਮੈਨੂੰ ਮਿਲਿਆ ਹੈ, ਉਹ ਇੱਕ ਡਰਾਵਣੀ ਦੁਨੀਆਂ ਹੈ। ਮੈਂ ਉਸ ਸ਼ਖਸ ਨਾਲ ਬੱਝ ਗਈ ਹਾਂ, ਜਿਹਨੇ ਮੇਰੇ ਵਿੱਚੋਂ ਜ਼ਿੰਦਗੀ ਚੂਸ ਲਈ ਹੈ। ਵਿਆਹ ਦੇ ਪਹਿਲੇ ਦਿਨ ਤੋਂ ਹੀ ਕੰਵਰ ਨੇ ਮੈਨੂੰ ਪੂਰੀ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਕੀਤੀ। ਮੈਂ ਉਹਨੂੰ ਖ਼ੁਸ਼ ਕਰਨ ਦਾ ਸਿਰਤੋੜ ਯਤਨ ਕੀਤਾ ਹੈ, ਪਰ ਜਾਪਦੈ ਕਿ ਉਹਨੂੰ ਮੇਰੀ ਲੋੜ ਨਹੀਂ। ਮੈਂ ਸੋਚ ਵੀ ਨਹੀਂ ਸਕਦੀ ਕਿ ਕੋਈ ਬੰਦਾ ਏਨਾ ਕਰੂਰ ਹੋ ਸਕਦੈ। ਮੈਂ ਉਹਦੇ ਤੋਂ ਚੈਨ ਦੀ ਭੀਖ ਮੰਗਦੀ ਹਾਂ, ਜੋ ਮੈਨੂੰ ਨਹੀਂ ਮਿਲਦੀ। ਮੈਂ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੀ ਹਾਂ, ਪਲ ਇਹ ਮੇਰੇ ਲਈ ਦਿਨ-ਬ-ਦਿਨ ਮੁਸ਼ਕਿਲ ਹੁੰਦਾ ਜਾ ਰਿਹੈ। ਮੈਂ ਤੁਹਾਨੂੰ ਚਿੰਤਾ ਵਿੱਚ ਨਹੀਂ ਪਾਉਣਾ ਚਾਹੁੰਦੀ, ਪਰ ਤੁਸੀਂ ਕਿਹਾ ਤਾਂ ਰਹਿ ਨਹੀਂ ਹੋਇਆ….. ਮੈਂ ਸਾਰਾ ਦਿਨ ਦਹਿਸ਼ਤ ਵਿੱਚ ਰਹਿੰਦੀ ਆਂ ਕਿ ਖ਼ੌਰੇ ਕਦੋਂ ਤੇ ਕਿਹੜੀ ਗੱਲ ‘ਤੇ ਉਹਨੇ ਮੈਨੂੰ ਦਬਕਣ ਲੱਗ ਜਾਣੈ ! ਹੋਰ ਬਹੁਤ ਕੁਝ ਹੈ ਜੋ ਲਿਖਣ ਨੂੰ ਜੀਅ ਕਰਦੈ, ਪਰ ਜਾਣਦੀ ਹਾਂ ਕਿ ਕੋਈ ਮੇਰੀ ਮੱਦਦ ਨਹੀਂ ਕਰ ਸਕਦਾ। ਸ਼ਾਇਦ ਇਹ ਮੇਰੀ ਤਕਦੀਰ ਵਿੱਚ ਸੀ। ਮੇਰੇ ਲਈ ਅਰਦਾਸ ਕਰਿਓ ! _ ਤੁਹਾਡੀ….”* ਪੰਨਾ ਨੰਬਰ 33,34
ਉਪਰੋਕਤ ਵੇਰਵੇ ਵਿਚੋਂ ਮੈਨੂੰ ਨਾਵਲ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਦਾ ਕੇਂਦਰੀ ਧੁਰਾ ਲੱਭਿਆ ਹੈ। ਇਸ ਨੂੰ ਮੈਂ ਵੱਖ-ਵੱਖ ਡਿਗਰੀ ਦੇ ਕੋਣਾਂ ਵਾਲੀ ਤਿਕੋਣ ਮੰਨਦਾ ਹਾਂ। ਮੇਰੀ ਇਸ ਧਾਰਨਾ ਦੀ ਪੁਸ਼ਟੀ ਨਾਵਲ ਦੀ ਪੂਰੀ ਕਹਾਣੀ ਪੜ੍ਹਨ ਉਪਰੰਤ ਸਹੀ ਸਿੱਧ ਹੁੰਦੀ ਹੈ। ਜਦੋਂ ਕਿ ਕਹਾਣੀ ਅਸਲ ਵਿੱਚ ਵੱਖ-ਵੱਖ ਕੋਣਾਂ ਵਾਲੀ ਚਤੁਰਭੁਜ ਹੈ। ਇਸ ਚਤੁਰਭੁਜ ਭੁਜ ਵਿੱਚ ਦੋ ਪਰਿਵਾਰ ਮਾਪਿਆਂ ਤੇ ਸਹੁਰਿਆਂ ਨਾਲ ਸਬੰਧਤ ਹਨ। ਇਹਨਾਂ ਪਰਿਵਾਰਾਂ ਵਿੱਚ ਹੀ ਕੁੜੀ ਮੁੰਡੇ ਦਾ ਵਿਆਹ ਹੋ ਕੇ ਇੱਕ ਨਵਾਂ ਪਰਿਵਾਰ ਜਨਮ ਲੈਂਦਾ ਹੈ। ਪਰ ! ਇਹ ਤਿੰਨ ਪਰਿਵਾਰ ਵੱਖ-ਵੱਖ ਡਿਗਰੀ ਦੇ ਕੋਣਾਂ ਦੀ ਵੱਖ-ਵੱਖ ਤਰ੍ਹਾਂ ਦੀ ਜੀਵਨ ਸ਼ੈਲੀ ਨਾਲ ਸਬੰਧਤ ਹੋਏ ਪਾਠਕ-ਮਨ ਦੇ ਰੂਬਰੂ ਹੁੰਦੇ ਹਨ। ਇਹ ਵੱਖ-ਵੱਖ ਤਰ੍ਹਾਂ ਦੀ ਜੀਵਨ ਸ਼ੈਲੀ ਹੀ ਇੱਕ ਦੂਜੇ ਨਾਲ ਤਣਾਅ ਤੇ ਟਕਰਾਅ ਨੂੰ ਜਨਮ ਦਿੰਦੀ ਹੈ। ਜਿਸ ਦੇ ਅਨੇਕਾਂ ਵੇਰਵੇ ਨਾਵਲ ਦੀ ਕਹਾਣੀ ਅੰਦਰ ਸ਼ਾਮਿਲ ਹਨ। ਇਸ ਜੀਵਨ ਸ਼ੈਲੀ ਦੀ ਵੱਖਰਤਾ ਇੱਕ ਦੂਜੇ ਦੇ ਨਾਲ ਜੁੜਣ ਦੇ ਸਹਿਯੋਗ ਦੀ ਨਹੀਂ ਹੈ। ਇਹ ਵੀ ਨਾਵਲ ਦੀ ਕਹਾਣੀ ਵਿਚੋਂ ਜਾਣਕਾਰੀ ਮਿਲ਼ਦੀ ਹੈ। ਪਰ ! ਤਿਕੋਣ ਅੰਤ ਨੂੰ ਚਤੁਰਭੁਜ ਬਣ ਜਾਂਦੀ ਹੈ।
ਇੱਕ ਧੀ ਦੇ ਵਿਚਾਰ ਮਨੁੱਖੀ ਜੀਵਨ ਨੂੰ ਜਿਊਣਾ ਤੇ ਮਾਨਣਾ ਚਾਹੀਦਾ ਹੈ ਦੇ ਸਿਧਾਂਤ ਅਨੁਸਾਰ ਪੇਸ਼ ਹੋਏ ਹਨ। ਇਸ ਧੀ ਪਾਤਰ ਦੇ ਵਿਚਾਰਾਂ ਵਿਚੋਂ ਨਾਵਲ ਦੀ ਕਹਾਣੀ ਦੇ ਕੇਂਦਰੀ ਭਾਵ ਨੂੰ ਸਮਝਣ ਲਈ ਜਿਵੇਂ_ ‘ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦੀ ਹਾਂ, ਵਿਆਹ ਇੱਕ ਖੂਬਸੂਰਤ ਸੰਸਾਰ ਹੈ।’
ਉਪਰੋਕਤ ਵਿਚਾਰ ਤੋਂ ਇਹ ਵੀ ਧਾਰਨਾ ਬਣਦੀ ਹੈ ਕਿ ਜਿੱਥੇ ਕੁਦਰਤ ਕਾਇਨਾਤ ਨੂੰ ਸਿਰਜਦੀ ਹੈ, ਉੱਥੇ ਮਨੁੱਖੀ ਜੀਵਨ ਦੇ ਵਿੱਚ ਔਰਤ ਵੀ ਪਰਿਵਾਰ ਨੂੰ ਸਿਰਜਦੀ ਹੈ। ਇਉਂ ਕੁਦਰਤ ਅਤੇ ਔਰਤ ਸਿਰਜਣਹਾਰ ਸ਼੍ਰੇਣੀ ਵਿੱਚ ਸ਼ਾਮਲ ਹੁੰਦੇ ਹਨ।
‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਦੀ ਪਾਤਰ ਧੀ ਨੇ ਆਪਣੇ ਈਮੇਲ ਵਾਲੇ ਤਾਲਮੇਲ ਦੀ ਪਹਿਲੀ ਜਾਣਕਾਰੀ ਵਿਚ ਜਿਵੇਂ ਨਾਵਲ ਦੀ ਕਹਾਣੀ ਦਾ ਕੇਂਦਰੀ ਭਾਵ ਦਿੱਤਾ ਹੈ, ਤਾਂ ਉਸ ਪੰਨੇ ਉੱਤੇ ਹੀ ਨਾਵਲਕਾਰ ਨੇ ਉਸ ਈਮੇਲ ਨੂੰ ਮਾਂ ਪਾਤਰ ਵੱਲੋਂ ਪੜ੍ਹਦੇ-ਪੜ੍ਹਦੇ ਹੀ ਧੀ ਦੀ ਹੋਰ ਈਮੇਲ ਆ ਗਈ ਦੇ ਸ਼ਬਦ, ‘… ਮੈਂ ਬਹੁਤ ਬਹਾਦਰ ਹਾਂ, ਮੈਂ ਜੁਝਾਰੂ ਹਾਂ ਤੇ ਅੰਤ ਤੱਕ ਜੂਝਾਂਗੀ, ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬੇਟੀ ਹਾਂ। …।’ * ਪੰਨਾ ਨੰਬਰ 34 ਪੇਸ਼ ਕਰਕੇ ਜਿੱਥੇ ਧੀ ਦੇ ਸੁਭਾਅ ਦੀ ਇੱਕ ਹੋਰ ਪਰਤ ਸਾਹਮਣੇ ਲਿਆਂਦੀ ਹੈ ਉੱਥੇ, ਇਸ ਪੇਸ਼ਕਾਰੀ ਜ਼ਰੀਏ ਸੰਭਾਵਨਾ ਭਰਪੂਰ ਯਥਾਰਥ ਵਾਲਾ ਬਿਰਤਾਂਤ ਸਿਰਜ ਦਿੱਤਾ। ਜਿਸ ਦੇ ਰੂਬਰੂ ਹੋ ਕੇ ਪਾਠਕ ਇਹ ਸੋਚ ਸਕਦਾ ਹੈ ਕਿ ਇਹ ਧੀ ਪਾਤਰ ਨਾਵਲ ਕਹਾਣੀ ਦੇ ਅਗਲੇ ਹਿੱਸੇ ਵਿਚ ਆਪਣੀ ਹੋਣੀ ਨਾਲ ਕਿਵੇਂ ਜੂਝਦੀ ਹੈ। ਅਜਿਹਾ ਪ੍ਰਸੰਗ ਨਾਵਲ ਦੀ ਕਹਾਣੀ ਨੂੰ ਪੜ੍ਹਨਯੋਗ ਬਣਾਉਂਦਾ ਹੈ।
ਇਸ ਦੇ ਨਾਲ ਹੀ ਅਗਲਾ ਵੱਡਾ ਪਹਿਰਾਗ੍ਰਾਫ ਵੀ ਨਾਵਲ ਦਾ ਮਹੱਤਵਪੂਰਨ ਊਰਜਾ ਭਰਪੂਰ ਬਿਰਤਾਂਤ ਹੈ। ਇਹ ਮਾਂ ਵੱਲੋਂ ਧੀ ਨੂੰ ਜਵਾਬੀ ਈਮੇਲ ਹੈ। ‘ ਸਾਡੀ ਜਾਨ ਤੋਂ ਪਿਆਰੀ ਬਿਟੀਆ ! ਅਸੀਂ ਬੇਹੱਦ ਉਦਾਸ ਹਾਂ, ਅਸੀਂ ਹੰਝੂਆਂ ਵਿੱਚ ਡੁੱਬੇ ਹੋਏ ਹਾਂ। ….. ਅਸੀਂ ਤਾਂ ਤੇਰੀਆਂ ਅੱਖਾਂ ਵਿੱਚ ਇੱਕ ਅੱਥਰੂ ਵੀ ਨਹੀਂ ਸਾਂ ਸਹਾਰ ਸਕਦੇ…ਤੇ ਹੁਣ..? ਮੈਂ ਬਹੁਤ ਬੇਵੱਸ ਹਾਂ, …. ਤੇਰੇ ਪਾਪਾ ਅੰਤਾਂ ਦੇ ਨਿਰਾਸ਼ ਤੇ ਉੱਖੜੇ ਹਨ। ਪਰ ਬੇਟਾ ! ਇਹ ਸਿਆਣਪ ਤੋਂ ਕੰਮ ਲੈਣ ਦਾ ਵੇਲ਼ਾ ਹੈ, ਹੌਸਲਾ ਬਿਲਕੁਲ ਨਹੀਂ ਹਾਰਨਾ ! ਕੰਵਰ ਨੂੰ ਪਤੀ ਦੀਆਂ ਜ਼ਿੰਮੇਵਾਰੀਆਂ ਸਮਝਾਉਣੀਆਂ ਪੈਣਗੀਆਂ। ….ਬਿਟੀਆ ! ਅਸੀਂ ਉਸ ਨਾਲ ਤੇਰਾ ਵਿਆਹ ਕਰਨ ਲਈ ਮਾਫ਼ੀ ਮੰਗਦੇ ਹਾਂ। ਪਰ ਫਿਰ ਵੀ, ਸਾਨੂੰ ਆਸ ਦਾ ਲੜ ਨਹੀਂ ਛੱਡਣਾ ਚਾਹੀਦਾ, ਕਈ ਵਾਰ ਪਿਆਰ ਤੇ ਸੁਚੱਜੀ ਦੇਖ-ਭਾਲ ਕ੍ਰਿਸ਼ਮੇ ਕਰ ਦਿੰਦੇ ਨੇ। ਤੇਰੇ ਵਿੱਚ ਬਹੁਤ ਸਬਰ ਸੰਤੋਖ ਹੈ। ਗੁੱਡੂ ! ਉਹਨੂੰ ਸਮਝਣ ਦੀ ਕੋਸ਼ਿਸ਼ ਕਰ ! ਖ਼ਬਰੇ ਉਹਦੇ ਅੰਦਰ ਪਿਆਰ ਦੀ ਜੋਤ ਜਗ ਪਵੇ। ਜੇ ਤੇਰੀ ਜ਼ਿੰਦਗੀ ਆਨੰਦ ਭਰਪੂਰ ਹੋ ਸਕੇ ਤਾਂ ਅਸੀਂ ਦੁਨੀਆਂ ਦੇ ਸਭ ਤੋਂ ਖੁਸ਼ਕਿਸਮਤ ਮਾਂ ਬਾਪ ਹੋਵਾਂਗੇ। …. ਇੱਕ ਦਿਨ ਇਹ ਹਨ੍ਹੇਰਾ ਛਟ ਜਾਵੇਗਾ ਤੇ ਤੂੰ ਖੁਸ਼ਹਾਲ ਵਿਆਹੁਤਾ ਜੀਵਨ ਬਸਰ ਕਰ ਰਹੀ ਹੋਵੇਗੀ। ਅਸੀਂ ਤੇਰੇ ਲਈ ਅਰਦਾਸ ਕਰਦੇ ਹਾਂ _ ਤੇਰੇ ਮੰਮਾ ਪਾਪਾ।’* ਪੰਨਾ ਨੰਬਰ 34,35
ਮਾਪੇ, ਧੀ ਦੇ ਚੰਗੇ ਭਵਿੱਖ ਲਈ ਅਰਦਾਸ ਕਰਦੇ ਹਨ ਪਰ ! ਵਰਤਮਾਨ ਸਥਿਤੀ ਵਿਚ ਉਨ੍ਹਾਂ ਨੂੰ ਅਨੋਖੀ ਖ਼ਬਰ ਮਿਲਦੀ ਹੈ। ‘ 2 ਅਪ੍ਰੈਲ 2008 ਟੀਕਾ-ਕਰਨ ਦਾ ਦਿਨ ਹੋਣ ਕਰਕੇ ਅੱਜ ਭੀੜ ਵੀ ਬਹੁਤ ਹੈ। ਗਿਆਰਾਂ ਕੁ ਵਜੇ ਫੋਨ ਆ ਗਿਐ, ” ਮਾਂ ? ਮੈਨੂੰ ਕਹਿੰਦੇ ਐ ਘਰੋਂ ਨਿੱਕਲ਼ ਜਾਹ ! ਹੁਣ ਮੈਂ ਬਾਹਰ ਸੜਕ ਤੋਂ ਫੋਨ ਕਰ ਰਹੀ ਆਂ…।” ਥਰਥਰਾਉਂਦੀ ਆਵਾਜ਼ ਮਸਾਂ ਹੀ ਸਮਝ ਆਉਂਦੀ ਹੈ। ਮੇਰੇ ਹੱਥਾਂ ਦੇ ਤੋਤੇ ਉੱਡ ਗਏ ਨੇ। ‘* ਪੰਨਾ ਨੰਬਰ 36
ਉਪਰੋਕਤ ਘਟਨਾ ਤੋਂ ਬਾਅਦ ਮਾਂ ਨੇ ਆਪਣੇ ਅਸਟ੍ਰੇਲੀਆ ਰਹਿ ਰਹੇ ਜਾਣਕਾਰਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਆਪਣੀ ਧੀ ਦੀ ਸਮੱਸਿਆਂ ਦੱਸੀ। ਉਨ੍ਹਾਂ ਤੋਂ ਮੱਦਦ ਮੰਗੀ। ਉਨ੍ਹਾਂ ਕੁਝ ਮੱਦਦ ਕੀਤੀ।
ਧੀ ਪਾਤਰ ਬਹੁਤ-ਬਹੁਤ ਨਰਮ ਦਿਲ ਹੈ। ਇਸ ਸਬੰਧੀ ਵੀ ਮਾਂ-ਧੀ ਦੇ ਵਾਰਤਾਲਾਪ ਵਿਚੋਂ ਅਹਿਸਾਸ ਪਾਠਕ ਨੂੰ ਮਿਲਦਾ ਹੈ। ਧੀ ਮੁੜ ਘਰ ਜਾ ਰਹੀ ਹੈ। ਮਾਂ ਵੀ ਉਸ ਨੂੰ ਆਪਣੇ ਪਤੀ ਨੂੰ ਫੋਨ ਕਰਨ ਬਾਰੇ ਕਹਿ ਰਹੀ ਹੈ। ਇਸ ਦੇ ਜਵਾਬ ਵਿੱਚ ਧੀ ਦੇ ਬੋਲ, ” ਹਾਂ ! ਪਰ ਜੇ ਕੋਈ ਹੋਰ ਗੜਬੜ ਹੋਈ ਤਾਂ ਉਲਟਾ ਲੜਾਈ ਹੋਊ ! ਡੌਂਟ ਨੋਅ ਵਟ ਟੂ ਡੂ …ਮੇਰਾ ਤਾਂ ਦਿਲ ਧਕ-ਧਕ ਕਰੀ ਜਾਂਦੈ!” * ਪੰਨਾ ਨੰਬਰ 39
ਮਾਂ ਦੇ ਪਰਿਵਾਰ ਦੀ ਕਹਾਣੀ ਵਿੱਚ ਇੱਕ ਤੋਂ ਬਾਅਦ ਇੱਕ ਘਟਨਾ ਵਾਪਰਦੀ ਹੈ ਕਿ ਕਹਾਣੀ ਸੰਘਣੀ ਹੁੰਦੀ ਜਾਂਦੀ ਹੈ। ਇਸ ਵਿੱਚ ਪਾਠਕ ਮਨ ਹੋਰ ਜੁੜਦਾ ਜਾਂਦਾ ਹੈ। ਇਉਂ ਕਹਾਣੀ ਦੀ ਪੜ੍ਹਨ ਯੋਗਤਾ ਵਧੇਰੇ ਉਤਸੁਕਤਾ ਦਾ ਰੋਲ ਅਦਾ ਕਰਨ ਲੱਗ ਜਾਂਦੀ ਹੈ। ਘਟਨਾਵਾਂ ਦੇ ਵਿੱਚ _ ਕੰਵਰ ਨੂੰ ਡਾਇਬਟੀਜ਼ ਹੈ_ ਕੰਵਰ ਨੇ ਸਰਘੀ ਦੇ ਬੈਂਕ ਖਾਤੇ ਦਾ ਪਾਸਵਰਡ ਮੰਗ ਲਿਆ ਹੈ_ ਦੂਜੇ ਪਾਸੇ ਮਾਂ ਨੂੰ ਇੱਕ ਹੋਰ ਪੋਤਾ ਆ ਗਿਐ ਦੀ ਖੁਸ਼ੀ ਵਾਲੀ ਖ਼ਬਰ ਵੀ ਮਿਲਦੀ ਹੈ _ ਮਾਪਿਆਂ ਦੀ ਵਾਰਤਾਲਾਪ ਹੈ _ ਸਰਘੀ ਅੱਗੋਂ ਹਿੱਕ ਤਾਣ ਕੇ ਕਿਉਂ ਨਹੀਂ ਖੜ੍ਹਦੀ ? …ਪਤਾ ਨਹੀਂ ਏਨਾ ਡਰਦੀ ਕਿਉਂ ਐਂ ? ਤੇ ਉਹ ਲਾਟ ਸਾਹਬ ਜਦੋਂ ਮੌਕਾ ਮਿਲ਼ਦੈ ਕੁੜੀ ‘ਤੇ ਬੰਬਾਰਮੈਂਟ ਕਰ ਦਿੰਦੈ। ਕਰਨੀ ਪਊ ਉਹਦੇ ਘਰਦਿਆਂ ਨਾਲ ਗੱਲ!” ” ਕੀ ਗੱਲ ਕਰੋਂਗੇ ? ਆਪਾਂ ਜੋ ਕਹਿ ਕੇ ਆਉਨੇ ਆਂ, ਉਹ ਵਧਾ ਚੜ੍ਹਾ ਕੇ ਮੁੰਡੇ ਨੂੰ ਦੱਸ ਦਿੰਦੇ ਐ ਤੇ ਉਹ ਚੌਗੁਣਾ ਭੜਕ ਕੇ ਕੁੜੀ ‘ਤੇ ਵਰ੍ਹ ਜਾਂਦੈ।” ” ਤੇ ਫਿਰ ਏਦਾਂ ਚੁੱਪ ਕਰ ਕੇ ਬੈਠੇ ਰਹੀਏ ? ” * ਪੰਨਾ ਨੰਬਰ 44
ਇਉਂ ਪਤਾ ਲੱਗਦਾ ਹੈ ਕਿ ਪੇਕਿਆਂ-ਸਹੁਰਿਆਂ ਦਾ ਤਣਾਅ ਅਤੇ ਟਕਰਾਅ ਵਿਆਹ ਸੰਸਕਾਰਾਂ ਤੋਂ ਪੈਦਾ ਹੁੰਦਾ ਹੈ। ਇਹ ਵਿਆਹ ਸੰਸਕਾਰ ਮਨੁੱਖੀ ਜੀਵਨ-ਜਾਚ ਨਾਲ ਸਬੰਧ ਰੱਖਦੇ ਹਨ। ਇੱਥੇ ਜਵਾਈ ਦੀ ਮਾਂ ਵੱਲੋਂ ਕੀਤੇ ਜ਼ਿਕਰ ਕਿ ‘ ਕੰਵਰ ਉਹਦੇ (ਭੈਣ) ਤੋਂ ਛੋਟੈ, ਫਿਰ ਵੀ ਬਥੇਰਾ ਰੋਹਬ ਪਾ ਲੈਂਦੈ ਡੌਲੀ ‘ਤੇ।’ ਤੋਂ ਧੀ ਦੀ ਮਾਂ ਨੇ ਲਿਖਿਆ, ‘ ਸਰਘੀ ਪਾਲਣ ਪੋਸਣ ਵਿੱਚ ਪੁੱਤ ਨੂੰ ਧੀ ਤੋਂ ਲਾਡਲਾ ਰੱਖਣ ਦੀ ਸਜ਼ਾ ਭੁਗਤ ਰਹੀ ਹੈ, ਉਹਨੂੰ ਕੰਵਰ ਦੀ ਕੋਈ ਵੀ ਨਜਾਇਜ਼ ਹਰਕਤ ਬਰਦਾਸ਼ਤ ਨਹੀਂ ਹੈ, ਉਹ ਬਿਲਕੁਲ ਉਸੇ ਤਰ੍ਹਾਂ ਜਿਊਣ ਦਾ ਹੱਕ ਚਾਹੁੰਦੀ ਹੈ, ਜਿਹੋ ਜਿਹਾ ਉਹਨੂੰ ਬਾਬਲ ਦੇ ਘਰ ਮਿਲਿਆ ਸੀ, ਪਰ ਕੰਵਰ ਉਹਨੂੰ ਰਬੜ ਦੀ ਗੁੱਡੀ ਸਮਝ ਕੇ ਤੋੜਨਾ, ਮਰੋੜਨਾ, ਵਰਤਣਾ ਚਾਹੁੰਦੈ…. ਤੇ ਇਹ ਉਹ ਬਣ ਨਹੀਂ ਸਕਦੀ, ਨਾ ਹੀ ਮੈਂ ਬਣਨ ਦੇਣਾ ਹੈ। * ਪੰਨਾ ਨੰਬਰ 52
ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆਂ ਹਾਂ ਕਿ ਮਨੁੱਖੀ ਜੀਵਨ-ਜਾਚ ਵਿੱਚ ਮਨੁੱਖੀ ਸੁਭਾਅ ਦੇ ਵਖਰੇਵੇਂ ਜਿੱਥੇ ਪਰਿਵਾਰਕ ਰਿਸ਼ਤਿਆਂ ਵਿਚਕਾਰ ਕੁਦਰਤੀ ਸੁਭਾਅ ਕਰਕੇ ਨੇੜੇ ਜਾਂ ਦੂਰ ਹੁੰਦੇ ਹਨ ਦੀ ਉਦਾਹਰਣ ਉਪਰੋਕਤ ਵੇਰਵਿਆਂ ਵਿੱਚ ਨਾਵਲਕਾਰ ਨੇ ਪੇਸ਼ ਕੀਤੀ ਹੈ। ਇਹ ਵੇਰਵਾ ਪਾਠਕ ਨੂੰ ਦੋ ਧਿਰਾਂ ਵਿਚਕਾਰ ਸਮਾਜਿਕ ਰਿਸ਼ਤਿਆਂ ਦੀ ਤ੍ਰਾਸਦੀ ਨੂੰ ਜਾਣਨ, ਸਮਝਣ ਦੇ ਨਾਲ ਨਾਲ ਇਨ੍ਹਾਂ ਰਿਸ਼ਤਿਆਂ ਦਾ ਅੰਤ ਜਾਣਨ ਦੀ ਉਤਸੁਕਤਾ ਪ੍ਰਦਾਨ ਕਰਦਾ ਹੈ। ਇਸ ਵਿੱਚ ਕਹਾਣੀ ਦੀ ਤ੍ਰਾਸਦਿਕ-ਰੌਚਕਤਾ ਵੀ ਪਈ ਹੋਈ ਹੈ।
336 ਪੰਨਿਆਂ ਵਾਲੇ ਨਾਵਲ ਦੇ ਪਹਿਲੇ 52 ਕੁ ਪੰਨੇ ਹੀ ਨਾਵਲਕਾਰ ਪਾਠਕ ਨੂੰ ਪੜ੍ਹਾ ਕੇ ਨਾਵਲ ਦੇ ਕਥਾ ਵਸਤੂ ਦੀ ਜਟਿਲਤਾ ਅਤੇ ਤ੍ਰਾਸਦਿਕ ਸੰਵੇਦਨਾ ਦੀ ਕਹਾਣੀ ਪ੍ਰਸ਼ਨ ਮੂਲਕ ਸੁਰ ਵਿਚ ਉਭਾਰ ਕੇ ਪਾਠਕ ਨੂੰ ਆਪਣੇ ਨਾਲ ਜੋੜ ਲੈਣ ਵਿੱਚ ਸਫਲ ਹੋ ਜਾਂਦਾ ਹੈ। ਪਾਠਕ ਵੀ ਅੱਗੇ ਜਾਣਨ ਲਈ ਉਤਸੁਕ ਹੋ ਜਾਂਦਾ ਹੈ। ਪਾਠਕ
ਸੋਚਦਾ ਹੈ ਕਿ ਸਰਘੀ ਦਾ ਸੰਘਰਸ਼ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਸਫ਼ਲ ਹੁੰਦਾ ਹੈ ਜਾਂ ਨਹੀਂ ?
ਸਰਘੀ ਦਾ ਪਤੀ ਦੇ ਸਾਥ ਵਿਚ ਪਹਿਲਾ ਬਰਥ ਡੇ ਰੋਣਾ ਦਿੰਦਾ ਹੈ। ਮਾਪਿਆਂ ਦੇ ਘਰ ਸੁੰਨ ਮਸਾਣ ਬਣਾਉਂਦਾ ਹੈ। ਫਿਰ, ਮਾਂ ਦੀ ਧੀ ਨੂੰ ਹਦਾਇਤ ਕਿ …’ਤੂੰ ਕੰਟਰਾਸੈਪਟਿਵਜ਼ ਲੈਂਦੀ ਹੈਂ ਨਾ ? ਦੇਖੀਂ ਭੁੱਲੀਂ ਨਾ….!” ” ਹਾਂ ਮਮਾ…!” ਕੇਹੀ ਨਿਰਦਈ ਮਮਤਾ ਹੈ ਮੇਰੀ ! ਚਾਹੁੰਦੀ ਹਾਂ ਕਿ ਮੇਰੀ ਧੀ ਅਜੇ ਮਾਂ ਨਾ ਬਣੇ, …।’* ਪੰਨਾ ਨੰਬਰ 58
ਅਗਲੇ ਪੰਨਿਆਂ ਉੱਤੇ ਸਰਘੀ ਵੱਲੋਂ ਹੋਰ ਪੜ੍ਹਾਈ ਕਰਨ ਦੀ ਇੱਛਾ ਪਰ ਪਤੀ ਵੱਲੋਂ ਨਾਂਹ ਅਤੇ ਸਰਘੀ ਦੇ ਮਾਪਿਆਂ ਵੱਲੋਂ ਹਾਈਕੋਰਟ ਦੇ ਵਕੀਲ ਨਾਲ ਗੱਲਬਾਤ ਕਿ ਰਿਸ਼ਤੇ ਨੂੰ ਤੋੜਨ ਦਾ ਫੈਸਲਾ ਕਰ ਲਿਆ ਹੈ। ਓਧਰ ਅਸਟ੍ਰੇਲੀਆ ਵਿਚ ਸਰਘੀ ਨੂੰ ਉਚੇਰੀ ਪੜ੍ਹਾਈ ਹੋਣ ਕਰਕੇ ਗੌਰਮਿੰਟ ਜਾਬ ਮਿਲ ਜਾਂਦੀ ਹੈ।
ਕਹਾਣੀ ਦੇ ਵਿਚ ਇੱਕ ਥਾਂ ਤ੍ਰਾਸਦਿਕ ਸੰਵੇਦਨਾ ਦਾ ਅਤੀ ਭਾਵੁਕ ਵੇਰਵਾ ਵੀ ਦੱਸਣਾ ਚਾਹੁੰਦਾ ਹਾਂ। ਸਰਘੀ ਦੇ ਮਾਪਿਆਂ ਘਰ ਉਸ ਦੀ ਮਾਸੀ ਆਈ ਹੈ। ਮਾਂ ਸਰਘੀ ਨੂੰ ਫੋਨ ਜ਼ਰੀਏ ਗੱਲ ਕਰਨ ਨੂੰ ਕਹਿੰਦੀ ਹੈ ਤਾਂ ਅੱਗੋਂ ਸਰਘੀ ਦੇ ਬੋਲ, ” ਨਹੀਂ ਮਾਂ ! ਮੈਂ ਨਹੀਂ ਕਰਨੀ, ਮੇਰਾ ਰੋਣ ਨਿੱਕਲ ਜਾਣੈ !”* ਪੰਨਾ ਨੰਬਰ 77
ਨਾਵਲ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਦੀ ਕਹਾਣੀ ਵਿਆਹ ਸੰਸਥਾ ਦੇ ਨਾਲ ਜੁੜੇ ਮਨੁੱਖੀ ਸਮਾਜ ਦੇ ਰਿਸ਼ਤਿਆਂ ਵਿਚਕਾਰ ਤਣਾਅ ਅਤੇ ਟਕਰਾਅ ਦੀ ਸਥਿਤੀ ਵਿੱਚ ਪਈ ਭਾਵੁਕਤਾ ਦੀ ਜਟਿਲਤਾ ਸੰਘਣੇ ਸਰੂਪ ਵਿੱਚ ਪੜ੍ਹਨ ਨੂੰ ਦਿੰਦੀ ਹੈ। ਅਜਿਹਾ ਸੰਘਣੇ ਸਰੂਪ ਵਾਲਾ ਬਿਰਤਾਂਤ ਪਾਠਕ ਨੂੰ ਧੀਮੀ ਗਤੀ ਨਾਲ ਚੱਲਣ ਲਈ ਸੰਬੋਧਤ ਹੁੰਦਾ ਹੈ। ਇਸ ਤਰ੍ਹਾਂ ਦੇ ਬਿਰਤਾਂਤ ਵਿਚਲੇ ਵੇਰਵੇ ਪਾਠਕ ਨੂੰ ਹਰ ਪੰਨੇ ਉੱਤੇ ਪ੍ਰਭਾਵਿਤ ਕਰਦੇ ਹਨ। ਪਿਉ-ਧੀ ਦੀ ਵਾਰਤਾਲਾਪ ਕਥਾ ਵਸਤੂ ਵਿਚ ਬਹੁਤ ਘੱਟ ਹੈ। ਜਿਹੜੀ ਹੈ ਦਾ ਇੱਕ ਵੇਰਵਾ, ‘ ” ਜਦੋਂ ਉਹ ਏਦਾਂ ਭੌਂਕਦੈ, ਤੂੰ ਅੱਗੋਂ ਮੋੜ ਕਿਉਂ ਨਹੀਂ ਕਰਦੀ ? ਤੇਰੀ ਜੀਭ ਸੁੱਕੀ ਹੋਈ ਐ ? ” ਦੇਵ ਔਖਾ ਭਾਰਾ ਹੋ ਗਿਐ। ” ਪਾਪਾ ! ਮੈਂ ਨੀ ਕਰ ਸਕਦੀ, ਮੇਰੀ ਹਿੰਮਤ ਹੈ ਨੀ, ਥੋਨੂੰ ਨੀ ਪਤਾ, ਜਦੋਂ ਇਹਨੂੰ ਗੁੱਸਾ ਚੜ੍ਹਦੈ ਅੱਖਾਂ ‘ਚ ਖ਼ੂਨ ਉੱਤਰ ਆਉਂਦੈ, ਸਾਰਾ ਮੂੰਹ ਲਾਲ ਹੋ ਜਾਂਦੈ, ਝੱਗ ਨਿੱਕਲਣ ਲੱਗ ਜਾਂਦੀ ਐ, ਮੈਨੂੰ ਤਾਂ ਦੇਖ ਕੇ ਕਾਂਬਾ ਛਿੜ ਜਾਂਦੈ।” ” ਕੋਈ ਇਲਾਜ ਤਾਂ ਕਰਨਾ ਹੀ ਪਊ ਇਹਦਾ !” ” ਮੇਰਾ ਕਰੋ ! ਬਸ ਮੈਨੂੰ ਹੌਸਲਾ ਦਈ ਰੱਖੋ ! ਮੈਂ ਤਾਂ ਈ ਫੋਨ ਕੀਤੈ। ” ” ਇਹ ਤਾਂ ਪੱਕੀ ਗੱਲ ਐ ਬਿਟੀਆ ! ਰਾਤ ਕਦੇ ਅਮੁੱਕ ਨਹੀਂ ਹੁੰਦੀ, ਹਰ ਰਾਤ ਦਾ ਸਵੇਰਾ ਹੋਣਾ ਹੈ ਹੋਣਾ ਹੁੰਦੈ, ਇਹ ਪੱਥਰ ‘ਤੇ ਲਕੀਰ ਐ।” ਮੈਂ ਸਪੀਕਰ ਵੱਲ ਝੁਕ ਕੇ ਆਖਦੀ ਹਾਂ। ‘ * ਪੰਨਾ ਨੰਬਰ 78,79
ਇੱਥੇ ਧੀ ਦਾ ਬਾਪ ਇੱਕ ਮਰਦ ਦੀ ਹਸਤੀ ਵਜੋਂ ਸਖ਼ਤ ਸ਼ਬਦਾਂ ਵਿੱਚ ਪੇਸ਼ ਹੋਇਆ ਹੈ। ਪਰ, ਮਾਂ ਦੀ ਮਮਤਾ ਨਰਮ ਦਿਲ ਅਤੇ ਔਲਾਦ ਦੇ ਚੰਗੇ ਭਵਿੱਖ ਲਈ ਸਮਰਪਿਤ ‘ ਰਾਤ ਕਦੇ ਅਮੁੱਕ ਨਹੀਂ ਹੁੰਦੀ, ਹਰ ਰਾਤ ਦਾ ਸਵੇਰਾ ਹੋਣਾ ਹੀ ਹੋਣਾ ਹੁੰਦੈ ‘ ਦੇ ਤੁਲਨਾਤਮਕ ਵੇਰਵੇ ਨਾਲ ਹੌਸਲਾ ਦਿੰਦੀ ਹੈ। ਸਾਰੇ ਨਾਵਲ ਵਿਚ ਹੀ ਇਹ ਮਾਂ ਆਪਣੀ ਧੀ ਨੂੰ ਹੌਸਲਾ ਦੇਂਦੀ ਹੈ। ਇਸ ਤਰ੍ਹਾਂ ਹੀ ਸਾਰੇ ਨਾਵਲ ਵਿਚ ਧੀ ਹੌਸਲੇ ਦੀ ਮੰਗ ਰੱਖਦੀ ਹੈ। ਇਉਂ ਵਿਆਹ ਸੰਸਥਾ ਦੇ ਪੇਕਿਆਂ ਅਤੇ ਸਹੁਰਿਆਂ ਦੇ ਰਿਸ਼ਤਿਆਂ ਦੀ ਸਾਂਝ ਵਿਚਲੀ ਨੇੜਤਾ ਅਤੇ ਦੂਰੀ ‘ਤੇ ਨਾਵਲਕਾਰ ਦਾ ਫੋਕਸੀਕਰਨ ਪਰਿਵਾਰਕ ਸਮੱਸਿਆ ਨੂੰ ਉਭਾਰਦਾ ਹੈ।
ਜਾਗੀਰੂ ਸੋਚ ਦੇ ਕੰਵਰ ਨੇ ‘ ਕਵਿਤਾ ‘ ਵਰਗੀ ਕੁੜੀ ਨੂੰ ਪਾਗਲ ਵਰਗਾ ਕਰ ਰੱਖਿਆ ਹੈ। ਉਸ ਦੀ ਗੌਰਮਿੰਟ ਜਾਬ ਛੁਡਾਉਣ ‘ਤੇ ਤੁਲ ਜਾਂਦਾ ਹੈ। ਆਪ ਖੁਦ ਗੰਭੀਰ ਬਿਮਾਰੀਆਂ ਤੋਂ ਪੀੜਤ ਹੁੰਦਾ ਹੈ। ਪਰ ਫਿਰ ਉਹੀ ਵਸਤੂ ਸਮਝੀ ਜਾ ਰਹੀ ਪਤਨੀ ਹੀ ਪਤੀ ਦੀ ਸਾਂਭ ਸੰਭਾਲ ਤੇ ਇਲਾਜ ਕਰਦੀ ਤੇ ਕਰਵਾਉਂਦੀ ਹੈ। ਤੇ ਉਸ ਦੇ ਮਾਪੇ ‘ ਚਲ ਹਊ ਪਰ੍ਹਾਂ ਕਰ ‘ ਕਹਿ ਹੌਸਲਾ ਦਿੰਦੇ ਹਨ। ਇੱਕ ਪਤੀ ਆਪਣੀ ਪਤਨੀ ਦੇ ਨਾਲ ਵਧੀਕੀਆਂ ਦਾ ਵਿਹਾਰ ਲਗਾਤਾਰ ਕਰਦਾ ਹੈ। ਪਰ ਪਤਨੀ ਦੇ ਰੋਲ ਨੂੰ ਨਿਭਾਉਂਦੀ ਨਰਮ ਦਿਲ ਮਾਪਿਆਂ ਦੀ ‘ ਕਵਿਤਾ ‘ ਵਰਗੀ ਕੁੜੀ ਅੱਕੀ ਹੋਈ ਕਹਿੰਦੀ ਹੈ, ‘ ” ਤੁਸੀਂ ਕਹਿੰਨੇ ਐਂ ਰੋਇਆ ਨਾ ਕਰ, ਮੇਰਾ ਰੋਣਾ ਆਪੇ ਈ ਨਿੱਕਲ ਜਾਂਦੈ, ਜੇ ਮੈਂ ਰੋਕਾਂ ਤਾਂ ਸਗੋਂ ਹੋਰ ਜ਼ਿਆਦਾ ਨਿੱਕਲ ਜਾਂਦੈ, ਸਹਿਣ ਨਹੀਂ ਹੁੰਦਾ ਮਮਾ ! ਮੈਂ ਇਸ ਰਿਸ਼ਤੇ ਨੂੰ ਬਚਾਉਣ ਲਈ ਸਭ ਕੁਛ ਦਾਅ ‘ਤੇ ਲਾਤਾ ਪਰ ਉਹ ਸਮਝਦਾ ਹੈ ਨਹੀਂ, ਚਲੋ ਛੱਡੋ ਮਾਂ, ਬਾਇ।” ਇਹ ਰਿਸ਼ਤਾ ਮੁਹੱਬਤ ਦਾ ਨਹੀਂ, ਮਰਿਆਦਾ ਦਾ ਹੈ। ਇਹ ਰਿਸ਼ਤਾ ਚਾਰ ਫੇਰਿਆਂ ਦਾ ਬੰਧਨ ਤਾਂ ਹੈ ਪਰ ‘ ਏਕ ਜੋਤਿ ਦੁਇ ਮੂਰਤੀ ‘ ਨਹੀਂ, ਇਹ ਰਿਸ਼ਤਾ ਜਿਵੇਂ ਸਤਮਾਹਿਆ ਬਾਲ ਹੈ, ਜਿਹੜਾ ਜੰਮਦਿਆਂ ਹੀ ਮਰ ਗਿਆ ਹੈ ਤੇ ਸਰਘੀ ਉਹਦੀ ਲਾਸ਼ ਮੋਢਿਆਂ ‘ਤੇ ਚੁੱਕੀ ਫਿਰਦੀ ਹੈ, ਕਦੋਂ ਤੱਕ ਢੋਵੇਗੀ ਇਸ ਲਾਸ਼ ਨੂੰ ? …..।” ‘ * ਪੰਨਾਂ ਨੰਬਰ 103
ਉਪਰੋਕਤ ਵੇਰਵੇ ਵਿਚ ਨਾਵਲਕਾਰ ਨੇ ਸਪੱਸ਼ਟ ਉਦਾਹਰਣ ਦੇ ਕੇ ਆਪਣੇ ਵੱਲੋਂ ਪਤੀ ਪਤਨੀ ਦੇ ਰਿਸ਼ਤੇ ਬਾਰੇ ਦੱਸ ਦਿੱਤਾ ਹੈ। ਇਸ ਉਦਾਹਰਣ ਤੋਂ ਪਹਿਲਾਂ ਵੀ ਕਈ ਵੇਰਵੇ ਆ ਚੁੱਕੇ ਹਨ ਕਿ ਜਗੀਰੂ ਮਾਨਸਿਕਤਾ ਦਾ ਮਰਦ ਤਰ੍ਹਾਂ ਤਰ੍ਹਾਂ ਦੀਆਂ ਵਧੀਕੀਆਂ ਕਰ ਰਿਹਾ ਹੈ ਪਰ ਉਸ ਦੇ ਉਲਟ ਉਸ ਦੇ ਨਾਲ ਵਿਆਹ ਦਿੱਤੀ ਗਈ ‘ ਕਵਿਤਾ ‘ ਵਰਗੀ ਕੁੜੀ ਆਪਣੀ ਸਹਿਣਸ਼ੀਲਤਾ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਤੇ ਹੌਸਲੇ ਦੇ ਜ਼ਰੀਏ ਦਿਨ ਕਟੀ ਕਰ ਰਹੀ ਹੈ। ਇਹ ਕੁੜੀ ਆਪਣੀ ਧੁਨ ਦੀ ਪੱਕੀ ਹੈ। ਉਹ ਪਤੀ ਦੇ ਅਨਿਆਂ ਵਿਰੁੱਧ ਵਰਤਮਾਨ ਸਥਿਤੀ ਨੂੰ ਸੰਭਾਲਦਿਆਂ ਆਪਣੀ ਉੱਚ ਯੋਗਤਾ ਵਾਲੀ ਪੜ੍ਹਾਈ ਵੀ ਕਰੀ ਜਾਂਦੀ ਹੈ। ਜਿਸ ਦੀ ਬਦੌਲਤ ਹੀ ਗੌਰਮਿੰਟ ਜਾਬ ਤੱਕ ਅੱਪੜੀ ਹੈ। ਅਜਿਹੇ ਗਤੀਸ਼ੀਲ ਵਰਤਾਰੇ ਨੂੰ ਪੜ੍ਹਦਿਆਂ ਤੇ ਸਮਝਦਿਆਂ ਪਾਠਕ ਨੂੰ ਨਾਵਲ ਦੀ ਕਹਾਣੀ ਦਾ ਅੰਤ ਜਾਣਨ ਦੀ ਉਤਸੁਕਤਾ ਤੀਖਣਤਾ ਨਾਲ ਮਹਿਸੂਸ ਹੋ ਸਕਦੀ ਹੈ। ਇਹ ਮੈਂ ਮਹਿਸੂਸ ਕੀਤਾ ਹੈ। ਨਾਵਲ ਦੀ ਕਹਾਣੀ ਦੇ ਅਨੁਸਾਰ ਕੰਵਰ ਦੀਆਂ ਬਿਮਾਰੀਆਂ ਉਸ ਦੀ ਮੌਤ ਦਾ ਕਾਰਨ ਬਣ ਸਕਦੀਆਂ ਹਨ ? ਸਰਘੀ ਆਪਣੇ ਪਤੀ ਵੱਲੋਂ ਪੈਦਾ ਕੀਤੀਆਂ ਸਮੱਸਿਆਵਾਂ ਵਿਚ ਘਿਰੀ ਹੋਣ ਦੇ ਬਾਵਜੂਦ ਵੀ ਮੈਡੀਕਲ ਦੀ ਔਖੀ ਪੜ੍ਹਾਈ ਪੂਰੀ ਕਰ ਲੈਂਦੀ ਹੈ ਜਾਂ ਨਹੀਂ ? ਇਉਂ ਨਾਵਲ ਦੀ ਕਹਾਣੀ ਦੇ ਕੇਂਦਰੀ ਭਾਵ ਨਾਲ ਜੁੜੇ ਇਹ ਦੋ ਵੱਡੇ ਪ੍ਰਸ਼ਨ ਦੋ ਧਿਰਾਂ ਦੀ ਜਿੱਥੇ ਨੁਮਾਇੰਦਗੀ ਕਰਦੇ ਹਨ ਉੱਥੇ ਪਤੀ ਪਤਨੀ ਦੇ ਰਿਸ਼ਤੇ ਨਾਲ ਸਬੰਧਤ ਸਮਾਜਿਕ ਵਿਆਹ ਸੰਸਥਾ ਦੇ ਬਾਰੇ ਵੀ ਗਹਿਰ ਗੰਭੀਰ ਪ੍ਰਸ਼ਨ ਉਭਾਰਦੇ ਹਨ।
ਜਟਿਲ ਬਿਰਤਾਂਤ ਦੀ ਲੰਮੀ ਕਹਾਣੀ ਦੇ ਨਾਵਲ ਦਾ ਅੰਤਲਾ ਪੜਾਅ ਦੱਸਦਾ ਹੈ ਕਿ ਕਵਿਤਾ ਵਰਗੀ ਧੀ ਪਾਤਰ ਦੇ ਮਾਪੇ ਆਪਣੀ ਧੀ ਦਾ ਤਲਾਕ ਅਪਲਾਈ ਕਰਵਾਉਂਦੇ ਹਨ। ਇਸ ਬਾਰੇ ਨਾਵਲ ਵਿਚ ਇੱਕ ਵੇਰਵਾ ਇਉਂ ਹੈ, ‘ ਮੈਂ ਦੇਵ ਦੀ ਸਲਾਹ ਅਨੁਸਾਰ ਈਮੇਲ ਭੇਜਦੀ ਹਾਂ, ” ਬਿਟੀਆ ਰਾਣੀ, ….. ਉਨ੍ਹਾਂ ਨੂੰ ਸਪੱਸ਼ਟ ਕਰ ਦੇਈਏ ਕਿ ਅਗਲਾ ਕਦਮ ਤਲਾਕ ਲਈ ਕਾਨੂੰਨੀ ਕਾਰਵਾਈ ਹੀ ਹੈ ! ਯਕੀਨ ਰੱਖ, ਤੇਰਾ ਭਵਿੱਖ ਬਹੁਤ ਖੁਸ਼ਹਾਲ ਹੋਵੇਗਾ।”* ਪੰਨਾ ਨੰਬਰ 316
ਤੇ ਮਾਪਿਆਂ ਦੀ ਕਵਿਤਾ ਵਰਗੀ ਧੀ ਆਪਣੇ ਪਤੀ ਨਾਲ ਨਾਤਾ ਤੋੜ ਇੰਡੀਆ ਆ ਜਾਂਦੀ ਹੈ। ਪਰ, ਉਸ ਦਾ ਪਤੀ ਫਿਰ ਵੀ ਕਈ ਚਾਲਾਂ ਖੇਡਦਾ ਹੈ। ਜਦੋਂ ਕਿ ਧੀ ਦੇ ਮਾਪੇ ਆਪਣੀ ਧੀ ਨੂੰ ਦਿੱਲੀ ਏਅਰਪੋਰਟ ਤੋਂ ਲਿਆਉਂਦੇ ਹਨ ਤਾਂ ਉਦੋਂ ਆਹਮੋ ਸਾਹਮਣੇ ਹੋਣ ਦੇ ਦ੍ਰਿਸ਼ ਨੂੰ ਨਾਵਲ ਦੀ ਮਾਂ ਪਾਤਰ ਬਿਰਤਾਂਤਕਾਰ ਵੱਲੋਂ ਲਿਖਿਆ, ‘ 9 ਫਰਵਰੀ 2009 ਅਸੀਂ ਦਿੱਲੀ ਹਵਾਈ ਅੱਡੇ ‘ਤੇ ਉਹਨੂੰ ਲੈਣ ਪਹੁੰਚੇ ਹੋਏ ਹਾਂ, ਉਹ ਬਾਹਰ ਆਉਂਦੀ ਹੈ, ਲੁੱਟੀ ਪੁੱਟੀ ਜਿਹੀ, ਚੂਪੇ ਗੰਨੇ ਵਰਗਾ ਚਿਹਰਾ, ਪੀਲ਼ੀ ਭੂਕ, ਅੱਖਾਂ ਦਵਾਲੇ ਮੋਟੇ ਮੋਟੇ ਕਾਲ਼ੇ ਹਾਸ਼ੀਏ, ਪੈਰ ਘੜੀਸਦੀ ਆਉਂਦੀ ਨੇ ਭੱਜ ਕੇ ਬਾਬਲ ਨੂੰ ਜੱਫ਼ੀ ਪਾ ਲਈ ਹੈ ਤੇ ਧਾਹਾਂ ਮਾਰਨ ਲੱਗ ਪਈ ਹੈ। ਲੋਕ ਭਉਂ ਭਉਂ ਕੇ ਤਰਸਵਾਨ ਨਜ਼ਰਾਂ ਨਾਲ ਦੇਖ ਰਹੇ ਨੇ, ….।’* ਪੰਨਾ ਨੰਬਰ 317
ਉਪਰੋਕਤ ਵੇਰਵੇ ਤੋਂ ਇੱਕ ਹਿੰਦੀ ਦਾ ਮੁਹਾਵਰਾ ਚੇਤੇ ਆ ਗਿਆ ਹੈ ਕਿ ‘ ਜਾਨ ਛੂਟੀ ਤੋਂ ਲਾਖੋਂ ਪਾਏ ‘। ਮਾਪਿਆਂ ਨੂੰ ਧੀ ਮਿਲ ਗਈ ਭਾਵੇਂ ਕਿ ਉਸ ਦੀ ਹਾਲਤ ਤਰਸਯੋਗ ਹੈ।
ਪੇਕਿਆਂ-ਸਹੁਰਿਆਂ ਦੀਆਂ ਮੀਟਿੰਗਾਂ ਹੁੰਦੀਆਂ ਹਨ। ਠਾਣੇ, ਕਚਹਿਰੀ ਵਿੱਚ ਗੇੜੇ ਕੱਢਦੇ ਹਨ। ਆਪੋ ਆਪਣੀਆਂ ਸਫ਼ਾਈਆਂ ਦਿੱਤੀਆਂ ਜਾਂਦੀਆਂ ਹਨ। ਮਾਪਿਆਂ ਦੀ ਇੱਕ ਸਫ਼ਾਈ ਦੇ ਸ਼ਬਦ ਨੇ, ‘ ” ਤੁਸੀਂ ਤਾਂ ਕਿਸੇ ਥਰਡ ਪਰਸਨ ਦਾ ਬਹਾਨਾ ਕਰ ਕੇ ਕਹਿਤਾ ਕਿ ਅਸੀਂ ਥੋਡੇ ਮੁੰਡੇ ਨੂੰ ਨਿਖੱਟੂ, ਨਿਕੰਮਾ ਆਖਿਐ, ਅੱਜ ਮੈਂ ਹਿੱਕ ਥਾਪੜ ਕੇ ਕਹਿੰਨਾਂ ਕਿ ਇਹ ਪੂਰੇ ਦਾ ਪੂਰਾ ਸੱਚ ਐ, ਤੁਸੀਂ ਉਹਦਾ ਅਸਲਾ ਲੁਕਾ ਕੇ ਸਾਨੂੰ ਧੋਖੇ ‘ਚ ਰੱਖਿਆ…. ਤੁਸੀਂ ਸਾਨੂੰ ਝੂਠ ਬੋਲਦੇ ਰਹੇ, ..।”* ਪੰਨਾ ਨੰਬਰ 327
‘ ਸਾਲ 2010
ਕਚਹਿਰੀ ਵਿੱਚ ਪੇਸ਼ੀਆਂ ਦਾ ਦੌਰ ਸ਼ੁਰੂ ਹੋ ਗਿਐ…ਲੁਕ ਆਊਟ ਨੋਟਿਸ ਜਾਰੀ… ਅਸਟ੍ਰੇਲੀਆ ਸਰਕਾਰ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ ਜਾ … ਉਨ੍ਹਾਂ ਨੇ ਸਾਡਾ ਵਕੀਲ ਖਰੀਦ ਲਿਆ ਹੈ, ਜੱਜ ਵੀ। ‘ *ਪੰਨਾ ਨੰਬਰ 331
ਉਪਰੋਕਤ ਤਰ੍ਹਾਂ ਦੇ ਹੋਰ ਬੋਲ ਵੀ ਪਾਠਕ ਮਨ ਨੂੰ ਵਿਆਹ ਸੰਸਥਾ ਦੇ ਬਾਰੇ ਸੋਚਣ ਲਾਉਂਦੇ ਹਨ। ਇਹ ਪ੍ਰਸ਼ਨ ਮੂਲਕ ਧਾਰਨਾਵਾਂ ਨਾਵਲ ਦੇ ਪਹਿਲੇ ਭਾਗ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਦੇ ਆਖ਼ਰ ਵਿੱਚ ਪਹੁੰਚ ਕੇ ਬਣ ਜਾਂਦੀਆਂ ਹਨ।
ਫਿਰ ਅੱਗੇ ਇੱਕ ਪੰਨੇ ਦੇ ਬਿਰਤਾਂਤ ਉੱਤੇ ਸਿਰਲੇਖ ਹੈ, ‘ ਅੰਬਰੀਂ ਉੱਡਣ ਵੇਲ਼ੇ ‘ ਸਾਲ 2014 ਸਰਘੀ ਨੂੰ ਤਲਾਕ ਮਿਲ ਚੁੱਕਿਐ, ਅਕਾਦਮਿਕ ਪ੍ਰਾਪਤੀਆਂ ਤੇ ਆਸਟ੍ਰੇਲੀਆ ਵਿਖੇ ਆਪਣੇ ਕਿੱਤੇ ਵਿੱਚ ਵਧੀਆ ਕਾਰਗੁਜ਼ਾਰੀ ਦੇ ਅਧਾਰ ਉੱਤੇ ਉਹਨੂੰ ਕੈਨੇਡਾ ਦੇ ਇੱਕ ਪ੍ਰਸਿੱਧ ਕਾਲਜ ਵਿੱਚ ਕੈਂਸਰ ਦੇ ਵਿਸ਼ੇਸ਼ ਕੋਰਸ ਵਿੱਚ ਦਾਖਲਾ ਮਿਲ ਗਿਐ, ਕੋਰਸ ਖਤਮ ਹੋਣ ਤੋਂ ਪਹਿਲਾਂ ਹੀ ਕੈਂਪਸ-ਪਲੇਸਮੈਂਟ ਰਾਹੀਂ ਇੱਕ ਵੱਡੀ ਕੰਪਨੀ ‘ ਰੋਬਾਰਟਸ ‘ ਨੇ ਉਹਨੂੰ ਨੌਕਰੀ ਲਈ ਚੁਣ ਲਿਐ, …ਉਸੇ ਦੇ ਸਿਰ ਉੱਤੇ ਉਹਨੂੰ ਕੈਨੇਡਾ ਦੀ ਪੀ.ਆਰ. ਮਿਲ ਗਈ ਹੈ। ਇੱਕ ਮੁਹੱਬਤੀ ਮੁੰਡੇ ਨੇ ਸ਼ਾਦੀ ਦੀ ਪੇਸ਼ਕਸ਼ ਕੀਤੀ ਹੈ, …..।’* ਪੰਨਾ ਨੰਬਰ 335
ਇਹਨਾਂ ਵੇਰਵਿਆਂ ਵਿੱਚ ਪੇਸ਼ ਜੀਵਨ ਯਥਾਰਥ ਇੱਕ ਇੱਕ ਵਾਕ ਵਿੱਚ ਸੰਕੇਤਕ ਜੁਗਤ ਵਾਲਾ ਬਿਰਤਾਂਤ ਹੈ। ਇਸ ਨੂੰ ਸੂਚਨਮਈ ਬਿਰਤਾਂਤ ਕਿਹਾ ਜਾਂਦਾ ਹੈ। ਇਸ ਵਿਚੋਂ ਪਾਠਕ ਨੂੰ ਪਹਿਲੇ ਭਾਗ ਵਿਚ ਅਨੁਮਾਨ ਲਗਾਏ ਅਨੁਸਾਰ ਉੱਤਰ ਮਿਲਦਾ ਹੈ। ਇੱਥੇ ਤਿਕੋਣ, ਚਤੁਰਭੁਜ ਵਿਚ ਤਬਦੀਲ ਹੁੰਦੀ ਹੈ। ਇਹ ਸੁਖਾਂਤ ਅੰਤ ਵਾਲਾ ਅੰਤ ਪੇਸ਼ ਕਰਦਾ ਹੈ। ਇਸ ਪ੍ਰਾਪਤੀ ਤੋਂ ਧੀ ਪਾਤਰ ਦੀ ਸਹਿਣਸ਼ੀਲਤਾ, ਉੱਚਤਮ ਵਿਦਿਆ ਪ੍ਰਾਪਤੀ, ਉੱਚਤਮ ਨੌਕਰੀ ਤੇ ਜਗੀਰਦਾਰੀ ਮਰਦ ਪਤੀ ਤੋਂ ਛੁਟਕਾਰਾ ਅਤੇ ਮੁਹੱਬਤੀ ਮੁੰਡੇ ਵੱਲੋਂ ਵਿਆਹ ਦੀ ਪੇਸ਼ਕਸ, ਧੀ ਦੇ ਮਾਪਿਆਂ ਦੇ ਸਹਿਯੋਗ ਵਾਲੇ ਵਿਹਾਰ ਨਾਲ ਹੀ ਇਹ ਸਭ ਸਫ਼ਲ ਹੋ ਗਏ ਦੀ ਉਦਾਹਰਣ ਬਣ ਜਾਂਦੇ ਹਨ।
ਨਾਵਲ ਦਾ ਬਿਲਕੁਲ ਆਖ਼ਰੀ ਅੱਧਾ ਪੰਨਾ, ਜਿਸ ਦਾ ਸਿਰਲੇਖ ‘ ਅੰਬਰ ਵਿੱਚ ਉਡਾਰੀਆਂ ‘ ਹੈ। ਇਸ ਦਾ ਅੰਕ ਆਧਾਰਿਤ ਤੱਥ ਹੈ ‘ ਸਾਲ 2022 ‘। ਇਸ ਦੇ ਹੇਠਾਂ ਨਾਵਲਕਾਰ ਨੇ ਉਹੀ ਸੂਚਨਾਮਈ ਤੇ ਸੰਕੇਤਕ ਜੁਗਤ ਵਾਲਾ ਬਿਰਤਾਂਤ ਪੇਸ਼ ਕੀਤਾ ਹੈ। ਜਿਸ ਦਾ ਪਹਿਲਾ ਵਾਕ ਹੈ, ‘ ਹੁਣ ਸਰਘੀ ਦਾ ਸੁਖੀ ਵਸਦਾ ਘਰ-ਸੰਸਾਰ ਹੈ, ਉਹਦੇ ਕੋਲ ਪਿਆਰ ਕਰਨ ਵਾਲਾ ਜੀਵਨ ਸਾਥੀ ਹੈ, ….।… ਭਿਆਨਕ, ਕਾਲੀ, ਲੰਮੀ ਰਾਤ ਤੋਂ ਬਾਅਦ ਸਰਘੀ ਸੱਚਮੁੱਚ ਜ਼ਿੰਦਗੀ ਦੀ ਸਰਘੀ ਮਾਣ ਰਹੀ ਹੈ। ਉਹਦੀ ਜਿਹੜੀ ਤਲੀ ਅੱਥਰੂ ਪੂੰਝ ਪੂੰਝ ਸਿੱਲ੍ਹੀ ਹੋ ਗਈ ਸੀ, ਅੱਜ ਉਸ ਉੱਤੇ ਖ਼ੁਸ਼ੀ ਦੀਆਂ ਲਕੀਰਾਂ ਚਮਕ ਰਹੀਆਂ ਨੇ।…।’* ਪੰਨਾ ਨੰਬਰ 336
ਉਪਰੋਕਤ ਸੁਖਾਂਤ ਅੰਤ ਮਨੁੱਖੀ ਜ਼ਿੰਦਗੀ ਦੇ ਸਮੇਂ ਦੀ ਗਤੀ ਵਿਚਲਾ ਉਹ ਭੇਤ ਭਰਿਆ ਹਾਲਾਤ ਹੈ ਜੋ ਆਰੰਭ ਵਿਚ ਨਹੀਂ ਸੀ। ਕਹਾਣੀ ਦਾ ਆਰੰਭ ਕਰਨ ਤੋਂ ਲੈ ਕੇ ਅੰਤ ਤੱਕ ਗਲਪੀ ਕਲਾ-ਜੁਗਤਾਂ ਕਹਾਣੀਕਾਰ ਦੇ ਕੋਲ ਹੁੰਦੀਆਂ ਹਨ ਕਿ ਉਹ ਆਪਣੀ ਗੱਲ ਕਿਸੇ ਵੀ ਪਾਸੇ ਭਾਵ ਦੁਖਾਂਤ ਤੋਂ ਦੁਖਾਂਤ ਜਾਂ ਦੁਖਾਂਤ ਤੋਂ ਸੁਖਾਂਤ ਆਦਿ ਕਈ ਸੰਭਾਵਨਾਵਾਂ ਹੁੰਦੀਆਂ ਹਨ। ਗਲਪੀ ਕਲਾ-ਜੁਗਤਾਂ ਵਿੱਚ ਹੀ ਕਲਾਕਾਰ ਦੀ ਕਲਾ ਜਾਂ ਰਚਨਾ ਜਾਂ ਬਿਰਤਾਂਤ ਦ੍ਰਿਸ਼ਟੀ ਛੁਪੀ ਹੋਈ ਹੁੰਦੀ ਹੈ। ਇਹ ਦ੍ਰਿਸ਼ਟੀ ਹੀ ਆਰੰਭ ਤੋਂ ਅੰਤ ਤੱਕ ਸਫ਼ਰ ਕਰਵਾਉਂਦੀ ਹੈ। ਇਹ ਸਫ਼ਰ ਸਿੱਧਾ ਹੈ ਜਾਂ ਮੋੜਾ- ਘੋੜਾ ਵਾਲਾ ਹੈ। ਇਹ ਵੀ ਬਹੁਤ ਮਹੱਤਵਪੂਰਨ ਕਲਾ-ਭੇਤ ਹੈ।
ਸੋ, ਡਾ.ਗੁਰਮਿੰਦਰ ਸਿੱਧੂ ਜੀ ਨੇ ਆਪਣੇ ਪਲੇਠੇ ਨਾਵਲ ਦੇ ਨਾਮ ਵਿਚ ਪ੍ਰਸ਼ਨ-ਮੂਲਕ ਕਲਾ-ਜੁਗਤ ਵਰਤੋਂ ਵਿੱਚ ਲਿਆਂਦੀ ਹੈ। ਇਸ ਤਰ੍ਹਾਂ ਆਰੰਭ ਵਾਲਾ ਪ੍ਰਸ਼ਨ ਕਿਉਂ ਪੈਦਾ ਹੋਇਆ ਦਾ ਨਾਵਲ ਦੀ ਕਹਾਣੀ ਵਿਚ ਵਿਸਥਾਰ ਸਹਿਤ ਇੱਕ ਲਕੀਰੀ ਬਿਰਤਾਂਤ ਦੁਆਰਾ ਉੱਤਰ ਦਿੱਤਾ ਹੈ। ਇਸ ਅੰਤਰ ਦੀ ਦੀਆਂ ਸਥਿਤੀਆਂ-ਪ੍ਰਸਥਿਤੀਆਂ ਜਿਸ ਅੰਤ ਦੀ ਸੰਭਾਵਨਾ ਵੱਲ ਵਧਦੀਆਂ ਹਨ ਉਹੀ ਵਰਤਾਰਾ ਸੁਖਾਂਤ ਅੰਤ ਵਿੱਚ ਵਾਪਰਿਆ ਹੈ। ਨਾਵਲਕਾਰ ਨੇ ਕਲਾ-ਜੁਗਤਾਂ ਦੀ ਵਰਤੋਂ ਜ਼ਰੀਏ ਨਾਵਲ ਦੀ ਕਹਾਣੀ ਦੇ ਬਿਲਕੁਲ ਅੰਤ ਵਿਚ ਪਹਿਲੀ ਸੰਭਾਵਨਾ ਵਾਲੀ ਪ੍ਰਸਥਿਤੀ ਨੂੰ ਅਸਲੀਅਤ ਵਿੱਚ ਬਦਲ ਜਾਣ ਨਾਲ ‘ ਅੰਬਰੀਂ ਉੱਡਣ ਵੇਲ਼ੇ ‘ ਸਿਰਲੇਖ ਹੇਠ ਸੰਖੇਪਤਾ ਦੀ ਸੰਕੇਤਕ ਜੁਗਤ ਨਾਲ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਉਸ ਅਸਲੀਅਤ ਦੀ ਗਤੀਸ਼ੀਲ ਜ਼ਿੰਦਗੀ ਦਾ ਵਰਤਾਰਾ ‘ ਅੰਬਰ ਵਿੱਚ ਉਡਾਰੀਆਂ ‘ ਸਿਰਲੇਖ ਹੇਠ ਉਹੀ ਸੰਖੇਪਤਾ ਦੀ ਸੰਕੇਤਕ ਜੁਗਤ ਨਾਲ ਨਾਵਲ ਦਾ ਅੰਤ ਖੁੱਲ੍ਹੇ ਅੰਤ ਦੀ ਜੁਗਤ ਨਾਲ ਕੀਤਾ ਹੈ। ਖੁੱਲ੍ਹੇ ਅੰਤ ਦਾ ਭਾਵ ਅਰਥ ‘ ਅੰਬਰ ਵਿੱਚ ਉਡਾਰੀਆਂ ‘ ਸਿਰਲੇਖ ਵਿਚ ਪਿਆ ਹੈ। ਜਿਸ ਦਾ ਜਿਵੇਂ ਉੱਪਰ ਦੱਸਿਆ ਕਿ ਜ਼ਿੰਦਗੀ ਚੱਲ ਰਹੀ ਹੈ। ਨਾਵਲਕਾਰ ਦਾ ਨਾਵਲ ਦੀ ਕਹਾਣੀ ਰਾਹੀਂ ਇਹੋ ਕਹਿਣਾ ਹੈ ਕਿ ਜ਼ਿੰਦਗੀ ਵਿਚ ਬਹੁਤ ਕੁਝ ਚੰਗਾ-ਮਾੜਾ ਵਾਪਰਦਾ ਹੈ। ਉਸ ਨੂੰ ਕਿਵੇਂ ਨਜਿੱਠਣਾ ਹੈ ਦਾ ਮੁੱਦਾ ਸਭ ਤੋਂ ਮਹੱਤਵਪੂਰਨ ਹੈ।
ਨਾਵਲ ‘ ਅੰਬਰੀਂ ਉੱਡਣ ਤੋਂ ਪਹਿਲਾਂ ‘ ਪ੍ਰਸ਼ਨ-ਉੱਤਰ ਦੀ ਵਿਧੀ ਰਾਹੀਂ ਮਨੁੱਖੀ ਜੀਵਨ ਦੀ ਵਿਆਹ ਜ਼ਰੀਏ ਬਦਲੀ ਜ਼ਿੰਦਗੀ ਦੇ ਨਾਲ ਦੋ-ਚਾਰ ਹੁੰਦਿਆਂ ਕੁਦਰਤੀ ਜਾਂ ਸਮਾਜਿਕ ਤੌਰ ਉੱਤੇ ਵਾਪਰਦੇ ਵਰਤਾਰਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ ਬਲਕਿ ਨਜਿੱਠਦਾ ਹੋਇਆ ਇੱਕ ਪ੍ਰੇਰਨਾਦਾਇਕ ਕਹਾਣੀ ਪੇਸ਼ ਕਰਦਾ ਹੈ।
()
