ਮਲਕਪੁਰ,ਘੋਨੇਵਾਲ ਤੇ ਹੋਰ ਪਿੰਡਾਂ ਵਿਚ ਹੜ੍ਹ ਨੇ ਮਚਾਈ ਤਬਾਹੀ ,ਲੋਕ ਘਰਾਂ ਤੋਂ ਬਾਹਰ ਸੜਕਾਂ ਤੇ ਰਹਿਣ ਲਈ ਮਜਬੂਰ, ਲੋਕਾਂ ਵੱਲੋਂ ਰਾਹਤ ਕੰਮਾਂ ਦਾ ਵੀ ਲਿਆਂਦਾ ਗਿਆ ਹੜ੍ਹ—
ਅੰਮ੍ਰਿਤਸਰ, 13 ਸਤੰਬਰ ( ਪਰਵੀਨ ਪੁਰੀ ) -ਅਜਨਾਲਾ ਹਲਕੇ ਦੇ ਬਹੁਤ ਸਾਰੇ ਪਿੰਡਾਂ ਦੇ ਵਿਚ ਜਿੱਥੇ ਹੜ੍ਹ ਆਇਆ ਉੱਥੇ ਹੁਣ ਰਾਹਤ ਪਹੁੰਚਾਉਣ ਵਾਲਿਆਂ ਦਾ ਹੜ੍ਹ ਆਇਆ ਹੋਇਆ ਹੈ। ਅੰਮ੍ਰਿਤਸਰ ਤੋਂ ਜੱਦੋਂ ਮੈਂ ਆਪਣੀ ਟੀਮ ਨਾਲ ਤੁਰਿਆ ਤਾਂ ਸਾਥੋਂ ਟਰੈਕਟਰ-ਟਰਾਲੀਆਂ, ਟਰੱਕਾਂ, ਅਤੇ ਹੋਰ ਵਾਹਨਾਂ ਤੇ ਲੋੜਵੰਦ ਲੋਕਾਂ ਲਈ ਪਹੁੰਚਿਆਂ ਜਾ ਰਿਹਾ ਸਮਾਨ ਦੀ ਗਿਣਤੀ ਕਰਨੀ ਔਖੀ ਹੋ ਗਈ।ਸਾਡਾ ਨਿਸ਼ਾਨਾ ਮਲਕਪੁਰ ਅਤੇ ਘੋਨੇਵਾਲ ਪਿੰਡ ਪੁੱਜਣਾ ਸੀ ਅਤੇ ਉਥੋਂ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਸਮਾਨ ਉਨ੍ਹਾਂ ਨੂੰ ਪੁੱਜਦਾ ਕਰਨਾ ਸੀ ਜੋ ਉਨ੍ਹਾਂ ਵੱਲੋਂ ਸਾਡੀ ਟੀਮ ਦੱਸਿਆ ਗਿਆ ਸੀ। ਇਸ ਵਿਦਿਆਰਥੀਆਂ, ਬਜ਼ੁਰਗਾਂ ਦੇ ਸਮਾਨ ਤੋਂ ਇਲਾਵਾ ਬਿਮਾਰ ਲੋਕਾਂ ਦੀਆਂ ਦਿਵਾਈਆਂ ਸਨ। ਉਬੜਖਾਬੜ, ਟੁੱਟੇ-ਭੱਜੇ ਰਸਤਿਆ ਰਾਹੀਂ ਉੱਥੇ ਪੁੱਜੇ ਸਾ ਉਹ ਪਹਿਲਾ ਹੀ ਸਾਡਾ ਇੰਤਜ਼ਾਰ ਕਰ ਰਹੇ ਸਨ। ਦੋਵਾਂ ਪਿੰਡਾਂ ਦੇ ਸਰਪੰਚਾਂ ਨੇ ਬੜੀ ਸਿਆਣਪ ਨਾਲ ਹਰ ਲੋੜਵੰਦ ਨੂੰ ਸਮਾਨ ਪੁੱਜਦਾ ਕੀਤਾਤਾਂ ਕਿਤੇ ਜਾ ਕਿ ਅਸੀਂ ਸੁਰਖ਼ਾਰੂ ਹੋਏ। ਅਸੀਂ ਸਿਰਫ਼ ਸਮਾਨ ਪੁੱਜਦਾ ਕਰਨ ਵਾਲਿਆਂ ਵਿਚ ਹੀ ਸਾਂ ਸਾਰਾ ਸਾਮਾਨ ਵੱਖ ਵੱਖ ਦਾਨੀਆਂ ਵੱਲੋਂ ਦਿੱਤਾ ਗਿਆ ਸੀ ਜਾ ਸਾਡੇ ਤਕ ਪੁੱਜਦਾ ਕੀਤਾ ਸੀ ਤਾਂ ਜੋ ਅਸੀਂ ਇਸ ਨੂੰ ਸਹੀ ਹੱਥਾਂ ਤਕ ਪੁੱਜਦਾ ਕਰ ਦਈਏ।
1988 ਤੋਂ ਬਾਅਦ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਦਾ ਹੌਸਲਾ ਵੇਖਿਆ ਹੀ ਬਣਦਾ ਸੀ। ਪਰਮਾਤਮਾ ਤੇ ਉਨ੍ਹਾਂ ਦਾ ਅਟੱਲ ਵਿਸ਼ਵਾਸ਼ ਸਾਡੇ ਵਰਗੇ ਥੋੜ੍ਹ ਦਿਲਾਂ ਨੂੰ ਰੋਆਂ ਰਿਹਾ ਸੀ। ਅਸੀਂ ਇੱਕ-ਦੂਜੇ ਤੋਂ ਲੁਕ ਕੇ ਉਨ੍ਹਾਂ ਦੇ ਦੁਖਾਂ ਵੱਲ ਵੇਖ ਕੇ ਰੋਂਦੇ ਸਾਂ ਪਰ ਉਨ੍ਹਾਂ ਲਈ ਇਹ ਦੁੱਖ ਸੁੱਖ ਇੱਕੋ ਜਹੇ ਹੋ ਗਏ ਸਨ। ਕਦੇ ਹੜ੍ਹ ਆ ਜਾਦੇ… ਕਦੇ ਜੰਗ… ਹੋ ਜਾਂਦੀ… ਕਦੇ ਵੰਡ ਹੋ ਜਾਂਦੀ… ਕਦੇ ਹਮਲੇ… ਅਸੀਂ ਤਾਂ ਹੁਣ ਆਦੀ ਹੋ ਗਏ ਦੁਖਾਂ ਪੀੜਾਂ ਦੇ। ਸਰਹੱਦ ਤੇ ਰਹਿੰਦੇ ਲੋਕ ਮੁੱਢਲੀਆਂ ਲੋੜ੍ਹਾਂ ਲਈ ਅਜਨਾਲੇ ਵਰਗੇ ਕਸਬੇ ਤੇ ਨਿਰਭਰ ਹਨ। ਸਰਹੱਦ ਤੇ ਰਹਿੰਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਦਾ ਵਾਅਦਾ ਹਰ ਚੋਣ ਦੇ ਬਾਅਦ ਲਾਰਾ ਹੀ ਸਾਬਤ ਹੁੰਦਾ ਰਿਹਾ, ਹੋਣ ਕਰਕੇ ਇਹ ਆਪਣੀ ਜ਼ਿੰਦਗੀ ਪਹਿਲਾ ਹੀ ਜੀਅ ਨਹੀਂ ਰਹੇ ਢੋਹ ਰਹੇ ਹਨ। ਸਰਹੱਦ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਦਾ ਅਜੇ ਤਕ ਕਿਸੇ ਵੀ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ ਪਰ ਫਿਰ ਵੀ ਇਹ ਕਿਸੇ ਨਾਲ ਵੀ ਕੋਈ ਗੁੱਸਾ-ਗਿੱਲਾ ਨਹੀਂ ਕਰਦੇ। ਖੁਸ਼ ਹਨ ਸਾਰੇ… ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚੇ, ਢਿੱਡਪੀੜ, ਸਿਰਪੀੜ ਦੀ ਦਿਵਾਈ ਲਈ ਤਰਸਦੇ ਬਜ਼ੁਰਗ, ਖੇਡਾਂ ਖੇਡਣ ਲਈ ਉਤਾਵਲੇ ਨੌਜਵਾਨ । ਹੜ੍ਹ ਜਾ ਹੋਰ ਮੁਸੀਬਤਾਂ ਉਨ੍ਹਾਂ ਘਰ-ਬਾਹਰ ਤਾਂ ਢਾਹ ਸਕਦੇ ਪਰ ਉਹਨਾਂ ਦੇ ਹੌਸਲਾ ਨਹੀਂ ।ਇਹ ਹੜ੍ਹ ਅਗਸਤ ਮਹੀਨੇ ਵਿੱਚ ਭਾਰੀ ਮਾਨਸੂਨੀ ਮੀਂਹ ਕਾਰਨ ਆਏ ਜਾਂ ਕਿਸੇ ਹੋਰ ਕਾਰਨ ਪਰ ਇਸ ਨਾਲ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵਧ ਗਿਆ। ਪੋੰਗ, ਰਣਜੀਤ ਸਾਗਰ ਅਤੇ ਭਾਖੜਾ ਡੈਮਾਂ ਤੋਂ ਵਾਧੂ ਪਾਣੀ ਛੱਡਣ ਨਾਲ ਹਾਲਾਤ ਹੋਰ ਵੀ ਵਿਗੜ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ਨੂੰ ਇਸ ਤਬਾਹੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਹੁਣ ਤਕ ਦੇ ਸਰਕਾਰੀ ਅੰਕੜਿਆਂ ਮੁਤਾਬਕ ਤਹਿਸੀਲ ਅਜਨਾਲਾ ਦੇ ਲਗਭਗ 140 ਪਿੰਡ ਅਤੇ 14,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਪੂਰੇ ਪੰਜਾਬ ਵਿੱਚ 1,400 ਤੋਂ ਵੱਧ ਪਿੰਡ ਡੁੱਬੇ, ਜਿਸ ਵਿੱਚ ਅਜਨਾਲਾ ਦੇ ਪਿੰਡ ਜਿਵੇਂ ਘੋਨੇਵਾਲ, ਮਲਕਪੁਰ, ਗੱਗੋਮਹਿਲ, ਥੋਬਾ, ਫੱਤੇਵਾਲ,ਸਾਰੰਗਦੇਵ ਇੱਥੇ ਨਹਿਰ ਦਾ ਬੰਨ ਟੁੱਟਣ ਕਾਰਨ ਬਹੁਤ ਸਾਰੇ ਪਿੰਡਾਂ ਵਿੱਚ ਸੜਕਾ ਸੰਪਰਕ ਟੁੱਟ ਗਿਆ,ਘਰ ਡੁੱਬ ਗਏ ਅਤੇ ਪਸ਼ੂ ਰੁੜ ਗਏ। ਰਾਵੀ ਦਰਿਆ ਨੇ ਅੰਮ੍ਰਿਤਸਰ ਦੇ ਅਜਨਾਲਾ ਨੇੜੇ ਘੋਨੇਵਾਲ ਅਤੇ ਮਲਕਪੁਰ ਵਰਗੇ ਹਜਾਰਾ ਪਿੰਡਾਂ, ਇਲਾਕੇ ਵਿੱਚ ਫਸਲਾਂ ਅਤੇ ਘਰਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।ਲੋਕਾਂ ਨੂੰ ਬੇਘਰ ਹੋਣਾ ਪਿਆ ਅਤੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। ਲੋਕ ਅਜੇ ਰਾਤ ਨੂੰ ਬੁੜ੍ਹਬੜਾ ਉਠਦੇ ਹਨ। ਸ਼ੜਕਾ ‘ਤੇ ਤੰਬੂਆਂ ਲਾ ਕੇ ਰਹਿਣ ਲਈ ਮਜਬੂਰ ਹਨ। ਸੱਪ ਹੋਰ ਜਹਿਰਲੇ ਜੀਵ-ਜੰਤੂ ਵੀ ਉਨ੍ਹਾਂ ਦੇ ਆਲੇ ਦੁਆਲੇ ਆਮ ਤੁਰੇ ਫਿਰਦੇ। ਲੋਕ ਕਹਿੰਦੇ ਨੇ ਕਿ ਇਹ ਜੀਵਾਂ ਨੂੰ ਨਹੀ ਮਾਰ ਸਕਦੇ। ਇਹ ਵੀ ਰੱਬ ਦੇ ਜੀਅ ਨੇ।
ਪੂਰੇ ਪੰਜਾਬ ਵਿੱਚ 3,71,475 ਏਕੜ ਖੇਤੀ ਜ਼ਮੀਨ ਡੁੱਬੀ ਹੈ, ਜਿਸ ਵਿੱਚ ਫਸਲਾਂ ਨੂੰ ਵੱਡਾ ਨੁਕਸਾਨ ਹੋਇਆ ਹੈ।
ਅਜਨਾਲਾ ਵਿੱਚ ਲਗਭਗ 57,000 ਪਸ਼ੂ ਪ੍ਰਭਾਵਿਤ ਹੋਏ ਹਨ। ਪਸ਼ੂਆਂ ਲਈ ਰਾਹਤ ਕੇਂਦਰ ਬਣਾਏ ਹਨ।ਪਸ਼ੂਆਂ ਨੂੰ ਚਾਰਾ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ। ਘਰਾਂ, ਸੜਕਾਂ ਅਤੇ ਸਰਕਾਰੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਅਤੇ ਪੀ ਡਬਲਯੂ ਡੀ ਨੂੰ ਨੁਕਸਾਨੀ ਇਮਾਰਤਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।
ਕੇਂਦਰ,ਪੰਜਾਬ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਤੋਂ ਇਲਾਵਾ ਦੇਸ਼ ਦੇ ਹਰ ਸੂਬੇ, ਪੰਜਾਬ ਦੇ ਹਰ ਜ਼ਿਲ੍ਹੇ ਤੋਂ ਇਲਾਵਾ ਐਨ. ਆਈ.ਆਰਜ਼ ਵੱਲੋਂ ਰਾਹਤ ਕੰਮਾਂ ਦਾ ਹੜ੍ਹ ਲਿਆ ਦਿੱਤਾ ਹੈ ਸਾਰੇ ਲੋਕਾਂ ਨੇ ਹੱਦਾਂ-ਸਰਹੱਦਾਂ, ਧਰਮਾਂ, ਜਾਤ-ਪਾਤ ਤੋਂ ਉਪਰ ਉੱਠ ਕੇ ਜੋ ਮਦਦ ਕੀਤੀ ਆਪਣੇ ਆਪ ਵਿਚ ਮਿਸਾਲ ਬਣ ਗਈ ਹੈ।। ਮੈਂਬਰ ਪਾਰਲੀਮੈਂਟ ਸ੍ਰ ਗੁਰਜੀਤ ਸਿੰਘ ਔਜਲਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਪਹਿਲੇ ਦਿਨ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਪਹਿਲੇ ਦਿਨ ਤੋਂ ਰਾਹਤ ਅਤੇ ਮੈਡੀਕਲ ਕੈਂਪ ਲਗਾਏ। 15 ਨਵੀਆਂ ਐਂਬੂਲੈਂਸਾਂ ਅਜਨਾਲਾ ਲਈ ਰਵਾਨਾ ਕੀਤੀਆਂ ਗਈਆਂ ਅਤੇ ਮੁਆਵਜ਼ੇ ਦੇ ਚੈੱਕ ਵੰਡੇ ਗਏ। ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਰੋਕਣ ਲਈ ਫੌਗਿੰਗ ਕੀਤੀ ਜਾ ਰਹੀ ਹੈ। ਵੱਖ ਵੱਖ ਐੱਨ ਜੀ ਓ ਤੋਂ ਇਲਾਵਾ ਮਸ਼ਹੂਰ ਹਸਤੀਆਂ ਦੀਆਂ ਸਰਗਰਮੀਆਂ ਅਤੇ ਮੀਡਿਆ ਵੱਲੋਂ ਨਿਭਾਈ ਗਈ ਭੂਮਿਕਾ ਵੀ ਸਲਾਹੁਣਯੋਗ ਰਹੀ।
ਪੰਜਾਬੀ ਗਾਇਕ ਮਨਕੀਰਤ ਔਖਲ ਨੇ 5 ਕਰੋੜ ਅਤੇ 100 ਟਰੈਕਟਰ ਦੇਣ ਦਾ ਵਾਅਦਾ ਕੀਤਾ ਤੇ 10 ਟਰੈਕਟਰ ਦੇਣ ਦੇ ਨਾਲ ਨਾਲ ਲੱਖ ਰੁਪਏ ਘਰ ਘਰ ਜਾ ਕੇ ਵੰਡ ਰਿਹਾ ਆ, ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਨੇ 15 ਪਿੰਡਾ ਦੀ ਸੇਵਾ ਦਾ ਵਾਅਦਾ ਕੀਤਾ, ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਜੀ ਨੇ ਅਜਨਾਲਾ ਵਿੱਚ 500 ਪਰਿਵਾਰਾਂ ਲਈ ਇੱਕ ਮਹੀਨੇ ਦਾ ਰਾਸ਼ਨ ਵੰਡਿਆ। ਐਬੀ ਵਿਰਕ ਨੇ ਪਸ਼ੂ ਲਈ ਫੀਡ ਦੇ ਖਾਣ ਪੀਣ ਦੇ ਟਰੱਕ ਭੇਜੇ। ਪੰਜਾਬ ਦੇ ਹਰੇਕ ਗਾਇਕ
ਹੋਰ ਗਾਇਕ ਜਿਵੇਂ ਅਰਜਨ ਢਿੱਲੋਂ ਅਤੇ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ ਹੋਰ ਬਹੁਤ ਸਾਰੇ ਕਲਾਕਾਰ ਮਦਦ ਲਈ ਅੱਗੇ ਆਉਣ ਦੇ ਨਾਲ ਨਾਲ ਗਰਾਉਂਡ ਲੈਵਲ ਤੇ ਸੇਵਾ ਵੀ ਕਰ ਰਹੇ। ਪ੍ਰਸਿੱਧ ਗਾਇਕ ਜੱਸ ਬਾਜਵਾ ਤੇ ਜਸਬੀਰ ਜੱਸੀ ਗਰਾਉਂਡ ਲੈਵਲ ਤੇ ਅੱਜ ਵੀ ਸੇਵਾ ਨਿਭਾ ਰਹੇ ਆ।
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ 25 ਰੈਸਕਿਊ ਬੋਟਾਂ, 25,000 ਰਾਸ਼ਨ ਪੈਕੇਟ ਅਤੇ 5 ਲੱਖ ਐਂਟੀਬਾਇਓਟਿਕ ਗੋਲੀਆਂ ਭੇਜੀਆਂ। ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਹੜ੍ਹ ਵਿੱਚ ਆ ਕੇ ਹੜ੍ਹ ਪੀੜਤਾ ਦੀ ਸੇਵਾ ਕੀਤੀ। ਦਿੱਲੀ ਏਮਸ ਹਸਪਤਾਲ ਦੇ ਡਾਕਟਰਾਂ ਦੀ ਟੀਮਾਂ ਵੱਲੋ ਵੱਖ-ਵੱਖ ਪਿੰਡਾਂ ਇਲਾਕਿਆਂ ਵਿੱਚ ਕੈਪ ਲਗਾਏ ਜਾ ਰਹੇ ਹਨ। ਖਾਲਸਾ ਏਡ ਅਤੇ ਗਲੋਬਲ ਸਿੱਖਸ਼ ਏਡ ਵਾਲਿਆਂ ਇੱਕ ਦੂਜੇ ਤੋਂ ਵੱਧ ਕਿ ਜਿੱਥੇ ਸੇਵਾ ਕੀਤੀ ਕਿ ਅਸੀਂ ਪਿੱਛੇ ਨਾ ਰਹਿ ਜਾਈਏ ਉੱਥੇ ਐੱਸ ਏ ਡੀ ਵਰਗੀਆਂ ਸੰਸਥਾਵਾਂ ਨੇ ਰਾਹਤ ਕੈਂਪ ਲਗਾਏ।
ਕਈ ਕੇਂਦਰੀ ਮੰਤਰੀਆਂ ਵੱਲੋਂ ਵੱਖਰੇ ਤੌਰ ਤੇ ਅਜਨਾਲਾ ਦਾ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਐੱਨ ਡੀ ਆਰ ਐੱਫ, ਫੌਜ ਅਤੇ ਹੈਲੀਕਾਪਟਰਾਂ ਨਾਲ ਰੈਸਕਿਊ ਕੀਤਾ ਗਿਆ। ਫੌਜ ਦੇ ਤਿੰਨ ਟਰੱਕ ਅਤੇ ਜੇ ਬੀ ਸੀ ਮਸ਼ੀਨ ਅਜੇ ਵੀ ਘੋਨੇਵਾਲ ਫਸੀ ਪਈ ਹੈ। ਹੜ੍ਹ ਦਾ ਪਾਣੀ ਤਾਂ ਲੋਕਾਂ ਦੇ ਸਿਰਾਂ ਤੋਂ ਨਿਕਲ ਗਿਆ ਪਰ ਪਿੱਛੇ ਜੋ ਬਰਬਾਦੀ ਛੱਡ ਗਿਆ ਹੈ ਉਸ ਦੀ ਭਰਪਾਈ ਆਉਣ ਵਾਲੇ 5 ਸਾਲਾਂ ਤਕ ਵੀ ਨਹੀਂ ਹੋਣੀ।ਸਤੰਬਰ ਦੇ ਸ਼ੁਰੂ ਵਿੱਚ ਪਾਣੀ ਦਾ ਪੱਧਰ ਤਾਂ ਘੱਟ ਗਿਆ ਪਰ ਇਸ ਪਿੱਛੋਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਸੜਾਂਦ ਮਾਰਦੇ ਝੋਨੇ ਦੇ ਖੇਤਾਂ ਲਾਗੇ ਮਿੰਟ ਤੋਂ ਵੱਧ ਖਲੋਤਾ ਨਹੀਂ ਜਾ ਸਕਦਾ। ਮੱਛਰ ਦੇ ਡੰਗ ਡਰਾ ਰਹੇ।ਇਸ ਲਈ ਕਲੋਰੀਨ ਟੈਬਲੇਟਾਂ ਅਤੇ ਦਵਾਈਆਂ ਵੰਡੀਆਂ ਜਾ ਰਹੀਆਂ ਹਨ।ਪਰ ਇੱਕ ਗੱਲ ਜਿਹੜੀ ਲੋਕਾਂ ਦੇ ਗਲ਼ੇ ਤੋਂ ਹੇਠਾਂ ਨਹੀਂ ਉਤਰ ਰਹੀ ਉਹ ਇਹ ਹੈ ਕਿ ਰਾਜਨੀਤਕ ਪਾਰਟੀਆਂ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਹਨ ਪਰ ਲੋਕ ਪੁੱਛ ਰਹੇ ਸਾਡਾ ਕੀ ਕਸੂਰ ਹੈ ਅਸੀਂ ਵੀ ਤਾਂ ਭਾਰਤ ਦੇਸ਼ ਦੇ ਨਾਗਰਿਕ ਹਾਂ ਸਾਡੀ ਵੀ ਤਾਂ ਸੁਣੀ ਜਾਣੀ ਚਾਹੀਦੀ ਹੈ।ਫ਼ਿਲਹਾਲ ਪੰਜਾਬ ਸਰਕਾਰ ਵੱਲੋਂ ਗਿਰਦਾਵਰੀ ਸ਼ੁਰੂ ਹੋ ਗਈ ਹੈ ਅਤੇ ਅਗਲੇ ਕੁੱਝ ਦਿਨਾਂ ਵਿਚ ਲੋਕਾਂ ਮੁਆਵਜ਼ਾ ਨੂੰ ਮੁਆਵਜ਼ਾਂ ਮਿਲਣਾ ਸ਼ੁਰੂ ਹੋ ਜਾਵੇਗਾ ਪਰ ਜਿਨ੍ਹਾਂ ਦੇ ਜੀਅ ਨਹੀਂ ਰਹੇ ਉਹਨਾਂ ਨੂੰ ਜ਼ਿੰਦਗੀ ਭਰ ਇਹ ਹੜ੍ਹ ਟਸ-ਟਸ ਕਰਕੇ ਦੁੱਖ ਦਿੰਦੇ ਰਹਿਣਗੇ। ਅਜਨਾਲਾ ਹਲਕੇ ਨੂੰ ਇਸ ਹੜ੍ਹ ਨੇ ਵੱਡੀ ਤਬਾਹੀ ਦਿੱਤੀ ਹੈ, ਪਰ ਸਰਕਾਰ, ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਬਹਾਲੀ ਦੇ ਕੰਮ ਜਾਰੀ ਹਨ। ਇਹ ਤਬਾਹੀ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਉਜਾਗਰ ਕਰਦੀ ਹੈ ਅਤੇ ਭਵਿੱਖ ਵਿੱਚ ਅਜਿਹੇ ਹਾਲਾਤਾਂ ਲਈ ਵਧੇਰੇ ਤਿਆਰੀ ਦੀ ਲੋੜ ਨੂੰ ਦਰਸਾਉਂਦੀ ਹੈ।ਪੰਜਾਬ ਵਾਸੀਆਂ ਨੂੰ ਇੱਕਜੁੱਟ ਹੋ ਕੇ ਮੱਦਦ ਕਰਨੀ ਚਾਹੀਦੀ ਹੈ ਤਾਂ ਜੋ ਪੀੜਤ ਲੋਕ ਜਲਦੀ ਆਮ ਜ਼ਿੰਦਗੀ ਵੱਲ ਵਾਪਸ ਆ ਸਕਣ। ਇਥੇ ਇੱਕ ਗੱਲ ਸਲਾਹੁਣਯੋਗ ਹੈ ਕਿ ਜਿਥੇ ਪੰਜਾਬ ਦੇ ਨੌਜਵਾਨਾਂ ਨੇ ਦਰਿਆਵਾਂ ਦੇ ਮੂੰਹ ਮੋੜ ਦਿੱਤੇ। ਇੱਥੇ ਇਹ ਕਹਿ ਸਕਦੇ ਆ ਅੱਜ ਪੰਜਾਬ ਉਜੜਦਾ ਨਹੀ , ਇਹ ਤਾ ਹੁਣ ਉਡਦਾ ਪੰਜਾਬ ਆ……..
