Mar 7, 2026

Screenshot

● ਖਤਰਨਾਕ ਭਵਿੱਖ ਤੋਂ ਦੜ ਵੱਟ ਰਹੀਆਂ ਨੇ ਸਰਕਾਰਾਂ—

ਮਨਿੰਦਰ ਸਿੰਘ ਗਿੱਲ*

ਸਰੀ- ਪ੍ਰਵਾਸ ਮਨੁੱਖੀ ਇਤਿਹਾਸ ਅਤੇ ਮਨੁੱਖੀ ਹੋਂਦ ਦਾ ਇੱਕ ਅਨਿਖੜਵਾਂ ਅੰਗ ਹੈ। ਹਜ਼ਾਰਾਂ ਸਾਲਾਂ ਤੋਂ ਮਨੁੱਖ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਪ੍ਰਵਾਸ ਕਰਦਿਆਂ ਨਵੀਆਂ ਬਸਤੀਆਂ ਵਸਾਉਂਦਾ ਤੇ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕਿਰਿਆਸ਼ੀਲ ਰਿਹਾ ਹੈ। ਕੈਨੇਡਾ ਵਿੱਚ ਪ੍ਰਵਾਸ ਦੀ ਕਹਾਣੀ ਬਹੁਤ ਲੰਮੀ ਹੈ ਜਿੱਥੇ ਕੈਨੇਡਾ ਦਾ ਮੁਕਾਮੀ ਮੂਲਵਾਸੀ ਭਾਈਚਾਰਾ ਹਜ਼ਾਰਾਂ ਸਾਲਾਂ ਤੱਕ ਕੈਨੇਡਾ ਦੀ ਧਰਤੀ ‘ਤੇ ਸੁੱਖ ਸ਼ਾਂਤੀ ਨਾਲ ਰਹਿੰਦਾ ਆਇਆ ਸੀ ਤੇ ਉਸ ਤੋਂ ਬਾਅਦ ਯੂਰਪੀਅਨ ਪ੍ਰਵਾਸ ਕਰਕੇ ਇਸ ਧਰਤੀ ਦੀ ਰੂਪ ਰੇਖਾ ਬਦਲ ਕੇ ਰੱਖ ਦਿੱਤੀ ਸੀ। ਯੂਰਪੀਅਨ ਪ੍ਰਵਾਸ ਤੋਂ ਬਾਅਦ ਵੱਖ ਵੱਖ ਭਾਈਚਾਰੇ ਚਾਹੇ ਉਹ ਚਾਈਨੀ, ਜਪਾਨੀ, ਸਾਊਥ ਅਮਰੀਕਨ ਜਾਂ ਫਿਰ ਭਾਰਤੀ ਹੋਣ ਸਮੇਂ ਸਮੇਂ ‘ਤੇ ਕੈਨੇਡਾ ਨੂੰ ਆਪਣਾ ਘਰ ਬਣਾਉਂਦੇ ਰਹੇ ਸਨ। ਇਹਨਾਂ ਭਾਈਚਾਰਿਆਂ ਨੂੰ ਆਪੋ ਆਪਣੇ ਸਮੇਂ ਉੱਤੇ ਕੈਨੇਡਾ ਵਿੱਚ ਵੱਸਣ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਕੈਨੇਡਾ ਦੀ ਧਰਤੀ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਅਤੇ ਆਪਣਾ ਭਵਿੱਖ ਸਿਰਜਣ ਦੇ ਕਾਬਲ ਬਣਾਇਆ।
ਉੱਤਰੀ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਦਾ ਇਤਿਹਾਸ ਲਗਭਗ 125 ਸਾਲ ਪੁਰਾਣਾ ਹੈ। ਪੰਜਾਬੀ ਭਾਈਚਾਰੇ ਦਾ ਆਗਮਨ ਇਸ ਧਰਤੀ ਉੱਪਰ 1887ਵਿਆਂ ਵਿੱਚ ਹੋਇਆ ਅਤੇ ਪਹਿਲੇ ਪ੍ਰਵਾਸੀ ਕੈਨੇਡਾ ਅਤੇ ਅਮਰੀਕਾ ਦੀ ਵੈਸਟ ਕੋਸਟ ਦੇ ਉੱਪਰ ਆਏ ਜਿੱਥੇ ਇਹਨਾਂ ਨੇ ਖੇਤੀਬਾੜੀ ਅਤੇ ਜੰਗਲਾਤ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਲੰਬਰ ਮਿੱਲਾਂ ਇੱਕ ਲੰਬੇ ਸਮੇਂ ਤੱਕ ਸਭ ਤੋਂ ਮਹੱਤਵਪੂਰਨ ਰੋਜ਼ਗਾਰ ਦਾ ਸਾਧਨ ਰਿਹਾ ਜਿੱਥੇ ਇਹਨਾਂ ਮੁੱਢਲੇ ਪ੍ਰਵਾਸੀਆਂ ਨੂੰ ਨਸਲਵਾਦ ਮਸਲੇ ਤੇ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸਾਨੂੰ 1907 ਦਾ ਬੈਲਿੰਗਮ ਦਾ ਉਹ ਦੰਗਾ ਫਸਾਦ ਯਾਦ ਆਉਂਦਾ ਹੈ ਜਦੋਂ ਸਤੰਬਰ ਮਹੀਨੇ ਵਿੱਚ ਸਾਰੇ ਬੈਲਿੰਗਹੈਮ ਸ਼ਹਿਰ ਵਿੱਚ ਇੱਕ ਯੋਜਨਾਬੱਧ ਤਰੀਕੇ ਨਾਲ ਸਿੱਖ ਕਾਮਿਆਂ ਨੂੰ ਘਰਾਂ ਵਿੱਚੋਂ ਕੱਢ ਕੇ ਕੁੱਟਿਆ ਮਾਰਿਆ ਗਿਆ ਸੀ ਕਿਉਂਕਿ ਨਸਲਵਾਦੀ ਨਹੀਂ ਸੀ ਚਾਹੁੰਦੇ ਕਿ ਪੰਜਾਬੀ ਲੰਬਰ ਮਿੱਲਾਂ ਵਿੱਚ ਕੰਮ ਕਰਨ। ਉਸ ਵੇਲੇ ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਇਹਨਾਂ ਨਸਲਵਾਦੀ ਤਾਕਤਾਂ ਦਾ ਸਾਥ ਦਿੱਤਾ ਸੀ ਅਤੇ ਕੁੱਟੇ ਮਾਰੇ ਜਾਣ ਵਾਲੇ ਪੰਜਾਬੀਆਂ ਨੂੰ ਹੀ ਹਵਾਲਾਤ ਵਿੱਚ ਡੱਕ ਦਿੱਤਾ ਸੀ। ਉਸ ਸਮੇਂ ਇੱਕ ਵੀ ਪੰਜਾਬੀ ਪਰਿਵਾਰ ਨੂੰ ਬੈਲਿੰਗਹੈਮ ਸ਼ਹਿਰ ਵਿੱਚ ਰਹਿਣ ਨਹੀਂ ਦਿੱਤਾ ਗਿਆ ਸੀ। ਮੁਕਾਮੀ ਮੀਡੀਏ ਨੇ ਵੀ ਪੰਜਾਬੀ ਭਾਈਚਾਰੇ ਦੇ ਖਿਲਾਫ ਨਸਲਵਾਦੀ ਟਿੱਪਣੀਆਂ ਕੀਤੀਆਂ ਸਨ ਅਤੇ ਪੰਜਾਬੀ ਭਾਈਚਾਰੇ ਨੂੰ ‘ਡਸਕੀ ਪੈਰਲ’ ਯਾਨੀ ‘ਭੂਰੇ ਰੰਗ ਦੀ ਆਫਤ’ ਕਹਿ ਕੇ ਨਸਲੀ ਵਿਤਕਰੇ ਨੂੰ ਸਿਖਰਾਂ ਤੱਕ ਪਹੁੰਚਾਇਆ ਸੀ। ਮੈਂ ਆਪਣੇ ਨਿੱਜੀ ਤਜਰਬੇ ਵਿੱਚੋਂ ਦੱਸਣਾ ਚਾਹੁੰਦਾ ਹਾਂ ਕਿ ਜਦੋਂ 1970 ਤੋਂ 80 ਵਿਆਂ ਵਿੱਚ ਮੈਂ ਕੈਨੇਡਾ ਵਿੱਚ ਆਪਣਾ ਸਾਰਵਜਨਿਕ ਜੀਵਨ ਸ਼ੁਰੂ ਕੀਤਾ ਤਾਂ ਸਾਡੇ ਭਾਈਚਾਰੇ ਨੂੰ ਇੱਕ ਭਿਅੰਕਰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਵੇਲੇ ਮੈਂ ਬ੍ਰਿਟਿਸ਼ ਕੋਲੰਬੀਆ ਦੇ ਕਨੈਲ ਸ਼ਹਿਰ ਵਿੱਚ ਰਹਿੰਦਾ ਸਾਂ ਜਿੱਥੇ ‘ਕਰੂ ਕਰਕਸ ਕਲੈਨ’ ਨਾਮ ਦੇ ਇੱਕ ਜਾਲਮ ਤੇ ਬਦਨਾਮ ਨਸਲਵਾਦੀ ਗਰੁੱਪ ਵੱਲੋਂ ਪ੍ਰਵਾਸੀ ਭਾਈਚਾਰੇ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਸੀ। ਉਸ ਵੇਲੇ ਦੀ ਦਰਦਨਾਕ ਘਟਨਾ ਦਾ ਮੈਂ ਚਸ਼ਮਦੀਦ ਗਵਾਹ ਹਾਂ ਜਦੋਂ ਕਨੈਲ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਇਹਨਾਂ ਨਸਲੀ ਗਰੁੱਪਾਂ ਵੱਲੋਂ ਅਗਨ ਭੇਂਟ ਕਰ ਦਿੱਤਾ ਗਿਆ ਸੀ, ਜਿਸਨੂੰ ਲੈਕੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਵੱਡੀ ਠੇਸ ਪਹੁੰਚੀ ਸੀ।
ਇਹ ਸੱਚ ਹੈ ਕਿ ਸਾਰੀ ਦੁਨੀਆਂ ਵਿੱਚ ਹੀ ਪ੍ਰਵਾਸੀਆਂ ਦੇ ਖਿਲਾਫ ਨਸਲੀ ਵਿਤਕਰਾ ਉਦੋਂ ਵੱਧਦਾ ਹੈ ਜਦੋਂ ਅਰਥਚਾਰਾ ਕਮਜ਼ੋਰ ਹੋਵੇ ਅਤੇ ਨੌਕਰੀਆਂ ਦੇ ਲਈ ਜੱਦੋ ਜਹਿਦ ਚੱਲ ਰਹੀ ਹੋਵੇ। ਅੱਜ 2025 ਵਿੱਚ ਕੈਨੇਡਾ ਇੱਕ ਕਮਜ਼ੋਰ ਅਰਥਚਾਰੇ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜਿੱਥੇ ਅਗਸਤ ਦੇ ਮਹੀਨੇ 66 ਹਜਾਰ ਨੌਕਰੀਆਂ ਚਲੇ ਜਾਣ ਦਾ ਅਨੁਮਾਨ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਦਿੱਤਾ ਗਿਆ ਹੈ। ਜੇ 2019 ਤੋਂ ਲੈ ਕੇ 2023 ਤੱਕ ਦੀ ਗੱਲ ਕਰੀਏ ਤਾਂ ਸਾਊਥ ਏਸ਼ੀਅਨ ਭਾਈਚਾਰੇ ਦੇ ਖਿਲਾਫ ਕੀਤੀਆਂ ਜਾ ਰਹੀਆਂ ਆਨਲਾਈਨ ਨਸਲੀ ਟਿੱਪਣੀਆਂ ਵਿੱਚ 200% ਤੋਂ ਜਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਕਮਜ਼ੋਰ ਅਰਥਚਾਰੇ ਅਤੇ ਭਾਈਚਾਰੇ ਨੂੰ ਦਰਪੇਸ਼ ਹੋਰ ਸਮੱਸਿਆਵਾਂ ਜਿਵੇਂ ਘਰਾਂ ਦੀ ਮਹਿੰਗਾਈ, ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਅਤੇ ਬੇਘਰੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਆਦਿ ਤੇ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਲੰਬੇ ਸਮੇਂ ਤੋਂ ਫੇਲ ਸਾਬਤ ਹੋਈਆਂ ਹਨ। ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਪ੍ਰਵਾਸੀਆਂ ਦੇ ਖਿਲਾਫ ਪੈਦਾ ਹੋ ਰਹੇ ਨਫਰਤੀ ਮਾਹੌਲ ਦਾ ਇਸਤੇਮਾਲ ਕਰਕੇ ਰਾਜਨੀਤਿਕ ਲੀਡਰ ਆਪਣੀਆਂ ਕਮੀਆਂ ਅਤੇ ਨਾਕਾਮੀਆਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪ੍ਰਵਾਸੀ ਭਾਈਚਾਰੇ ਨੂੰ ਬਲੀ ਦਾ ਬੱਕਰਾ ਬਣਾਉਣ ਦੀ ਪ੍ਰਕਿਰਿਆ ਯੋਜਨਾਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ। ਇਸ ਵਰਤਾਰੇ ਵਿੱਚ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਨੂੰ ਬਹਾਨਾ ਬਣਾਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀਆਂ ਸਮੱਸਿਆਵਾਂ ਟੈਂਪਰੇਰੀ ਫੋਰਨ ਵਰਕਰਜ਼ ਕਾਰਨ ਹੀ ਹਨ। ਇਸ ਦੌੜ ਵਿੱਚ ਕੰਜਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਇਸ ਪ੍ਰੋਗਰਾਮ ਦੇ ਖਿਲਾਫ ਬਿਆਨ ਦੇ ਚੁੱਕੇ ਹਨ ਜਦੋਂਕਿ ਚੋਣਾਂ ਤੋਂ ਪਹਿਲਾਂ ਉਹ ਖੁਦ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਰੱਖਣ ਦੀ ਵਕਾਲਤ ਕਰਦੇ ਰਹੇ ਸਨ ਪਰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਪੈਂਤਰਾ ਬਦਲ ਲਿਆ ਹੈ ਅਤੇ ਪ੍ਰਵਾਸੀਆਂ ਖਿਲਾਫ ਬਣੇ ਮਾਹੌਲ ਨੂੰ ਕੈਸ਼ ਕਰਨ ਦਾ ਉਪਰਾਲਾ ਕੀਤਾ ਹੈ। ਦੂਸਰੇ ਪਾਸੇ ਬੀਸੀ ਦੇ ਪ੍ਰੀਮੀਅਰ ਨੇ ਸਾਰੀਆਂ ਹੱਦਾਂ ਬੰਨੇ ਪਾਰ ਕਰਦਿਆਂ ਪ੍ਰਵਾਸੀ ਭਾਈਚਾਰੇ ਖਿਲਾਫ ਗਲਤ ਬਿਆਨੀ ਕਰਦੇ ਹੋਏ ਕਿਹਾ ਹੈ ਕਿ ਇਮੀਗਰੈਂਟ ਜਾਂ ਪ੍ਰਵਾਸੀ ਹੋਮਲੈਸ ਸ਼ੈਲਟਰਾਂ ਨੂੰ ਭਰ ਰਹੇ ਹਨ ਅਤੇ ਫੂਡ ਬੈਂਕਸ ਉੱਪਰ ਵੀ ਦਬਾਅ ਵਧਾ ਰਹੇ ਹਨ ਜਦੋਂਕਿ ਬੀਸੀ ਦੇ ਪ੍ਰੀਮੀਅਰ ਦਾ ਇਹ ਬਿਆਨ ਤੱਥਾਂ ਦੇ ਬਿਲਕੁਲ ਉਲਟ ਹੈ ਕਿਉਂਕਿ ਆਂਕੜੇ ਦੱਸਦੇ ਹਨ ਕਿ ਹੋਮਲੈਸ ਸ਼ੈਲਟਰਾਂ ਵਿੱਚ ਕੇਵਲ 10 ਫੀਸਦੀ ਹੀ ਪ੍ਰਵਾਸੀ ਭਾਈਚਾਰਾ ਹੈ ਜਦੋਂਕਿ 90 ਫੀਸਦੀ ਮੁਕਾਮੀ ਭਾਈਚਾਰੇ ਦੇ ਲੋਕ ਇਹਨਾਂ ਹੋਮਲੈਸ ਸ਼ੈਲਟਰਾਂ ਦਾ ਆਸਰਾ ਲੈਂਦੇ ਹਨ। ਇਸ ਤਰਾਂ ਜਾਪਦਾ ਹੈ ਕਿ ਐਨਡੀਪੀ ਪਾਰਟੀ ਜੋ ਕਿ ਇਤਿਹਾਸਿਕ ਤੌਰ ‘ਤੇ ਪ੍ਰਵਾਸੀ ਭਾਈਚਾਰੇ ਦੀ ਬਾਂਹ ਫੜਦੀ ਆਈ ਹੈ ਅਤੇ ਹਮੇਸ਼ਾਂ ਪ੍ਰਵਾਸੀ ਭਾਈਚਾਰੇ ਦੇ ਹੱਕਾਂ ਲਈ ਇੱਕ ਬੁਲੰਦ ਆਵਾਜ਼ ਉਠਾਉਂਦੀ ਰਹੀ ਹੈ ਅੱਜ ਅੱਜ ਇੱਕ ਅਜਿਹੇ ਲੀਡਰ ਦੇ ਹੱਥਾਂ ਵਿੱਚ ਹੈ ਜੋ ਕਿ ਆਪਣੀ ਤੇਜ਼ੀ ਨਾਲ ਖੁੱਸਦੀ ਹੋਈ ਸਿਆਸੀ ਜ਼ਮੀਨ ਵਾਪਸ ਹਾਸਲ ਕਰਨ ਲਈ ਵੰਡ ਪਾਊ ਰਾਜਨੀਤੀ ਅਤੇ ਪ੍ਰਵਾਸੀ ਭਾਈਚਾਰੇ ਦੇ ਖਿਲਾਫ ਸਟੀਰੀਓ ਟਾਈਪ ਬਿਆਨੀਆਂ ਸਿਰਜਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਸਿਆਸੀ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ ਕਰਨ ਦੀ ਬਜਾਇ ਆਪਣੀਆਂ ਨਾਕਾਮੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਕੀ ਪਿਛਲੇ ਸਾਲਾਂ ਵਿੱਚ ਪ੍ਰੀਮੀਅਰ ਵੀ ਡਰੱਗ ਅਤੇ ਹੋਮਲੈੱਸਨੈੱਸ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਨਾਕਾਮ ਨਹੀਂ ਹੋਏ ? ਕੀ ਡਾਊਨ ਟਾਊਨ ਈਸਟ ਸਾਈਡ ਦੀ ਬੇਘਰਿਆਂ ਦੀ ਸਮੱਸਿਆ ਦਾ ਠੀਕਰਾ ਵੀ ਉਹ ਕੱਲ੍ਹ ਨੂੰ ਪ੍ਰਵਾਸੀਆਂ ਸਿਰ ਭੰਨਣਗੇ ? ਕੀ ਪ੍ਰਵਾਸੀਆਂ ਨੇ ਡੇਵਿਡ ਈਬੀ ਨੂੰ ਕਿਹਾ ਸੀ ਕਿ ਉਹ ਕਾਰਬਨ ਟੈਕਸ ਲਗਾ ਕੇ ਗਰੋਸਰੀ ਦੀਆਂ ਕੀਮਤਾਂ ਨੂੰ ਅਸਮਾਨ ਤੇ ਪਹੁੰਚਾਉਣ ਤਾਂ ਜੋ ਗਰੋਸਰੀ ਲੋਕਾਂ ਦੇ ਬਜਟ ਤੋਂ ਬਾਹਰ ਹੋ ਜਾਵੇ ? ਇਸ ਲਈ ਪ੍ਰੀਮੀਅਰ ਈਬੀ ਨੂੰ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ।
ਟੋਰੋਂਟੋ ‘ਚ ਹਾਲ ਹੀ ਵਿੱਚ ਇਮੀਗ੍ਰੇਸ਼ਨ ਨੀਤੀਆਂ ਖਿਲਾਫ ਹੋਈ ਰੈਲੀ ਅਤੇ ਹਿੰਸਾ ਇੱਕ ਚਿੰਤਾ ਦਾ ਵਿਸ਼ਾ ਹੈ। ਇੱਥੇ ਦੋ ਗਰੁੱਪ ਇੱਕ ਦੂਸਰੇ ਦੇ ਆਮੋ-ਸਾਹਮਣੇ ਹੋ ਗਏ ਸਨ, ਜਿਸ ਕਾਰਨ ਪੁਲਿਸ ਨੂੰ ਗ੍ਰਿਫਤਾਰੀਆਂ ਵੀ ਕਰਨੀਆਂ ਪਈਆਂ ਸਨ। ਇਹ ਪ੍ਰਦਰਸ਼ਨ ਸਾਰੀ ਦੁਨੀਆ ਵਿੱਚ ਹੀ ਹੋ ਰਹੇ ਨੇ ਚਾਹੇ ਉਹ ਆਸਟ੍ਰੇਲੀਆ ਹੋਵੇ, ਯੂਨਾਈਟਡ ਕਿੰਗਡਮ ਹੋਵੇ ਜਾਂ ਫਿਰ ਕੈਨੇਡਾ, ਇਨਾ ਨਾਜ਼ੁਕ ਹਾਲਾਤਾਂ ਵਿੱਚ ਜਿਸ ਦੀ ਕਿ ਜਿੰਮੇਵਾਰ ਕੈਨੇਡਾ ਦੇ ਸੰਦਰਭ ਵਿੱਚ ਜਸਟਿਨ ਟਰੂਡੋ ਦੀ ਫੇਲ ਇਮੀਗਰੇਸ਼ਨ ਨੀਤੀ ਹੈ ? ਪ੍ਰਵਾਸੀ ਭਾਈਚਾਰੇ ਨੂੰ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ, ਹਰੇਕ ਪ੍ਰਵਾਸੀ ਜੋ ਕੈਨੇਡਾ ਦੀ ਧਰਤੀ ਉੱਪਰ ਆਉਂਦਾ ਹੈ ਉਸ ਨੂੰ ਕੈਨੇਡਾ ਦੇ ਕਾਨੂੰਨ ਅਤੇ ਕੈਨੇਡਾ ਦੇ ਸੱਭਿਆਚਾਰ ਦੀ ਇੱਜ਼ਤ ਕਰਨੀ ਚਾਹੀਦੀ ਹੈ। ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦੀ ਹੁੱਲੜਬਾਜ਼ੀ ਪਲਾਜ਼ਿਆਂ ਵਿੱਚ ਚੰਦ ਖਰੂਦੀ ਤੱਤਾਂ ਵੱਲੋਂ ਕੀਤੀ ਜਾ ਰਹੀ ਹੈ ਜਾਂ ਜਿਸ ਤਰ੍ਹਾਂ ਪ੍ਰਵਾਸੀ ਭਾਈਚਾਰੇ ਵਿੱਚੋਂ ਕੁਝ ਲੋਕ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਸਾਰੇ ਭਾਈਚਾਰੇ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਖਿਲਾਫ ਸਾਨੂੰ ਆਪਣੇ ਪ੍ਰਵਾਸੀ ਭਾਈਚਾਰੇ ਵਿੱਚ ਇੱਕ ਚੇਤਨਾ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿਸ ਵਿੱਚ ਗੁਰਦੁਆਰਾ ਸਾਹਿਬਾਨਾਂ ਅਤੇ ਹੋਰ ਸਮਾਜਿਕ ਕਾਰਕੁਨਾਂ ਨੂੰ ਅੱਗੇ ਆਕੇ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਨਵੇਂ ਆਉਣ ਵਾਲੇ ਭਰਾ ਭੈਣਾਂ ਨੂੰ ਜਰੂਰੀ ਜਾਣਕਾਰੀ ਦੇ ਕੇ ਇਸ ਵਿਸ਼ੇ ਤੇ ਜਾਣੂੰ ਕਰਵਾਇਆ ਜਾ ਸਕੇ। ਕੈਨੇਡਾ ਵਿੱਚ ਬਰਾਬਰੀ ਦੇ ਹੱਕ ਲੈਣ ਅਤੇ ਇੱਜ਼ਤ ਨਾਲ ਸਿਰ ਚੁੱਕ ਕੇ ਜ਼ਿੰਦਗੀ ਜਿਉਣ ਲਈ ਪੰਜਾਬੀ ਭਾਈਚਾਰੇ ਨੇ 125 ਸਾਲ ਦਾ ਲੰਬਾ ਸੰਘਰਸ਼ ਲੜਿਆ ਹੈ ਜਿਸ ਵਿੱਚ ਭਾਈ ਮੇਵਾ ਸਿੰਘ ਲੋਪੋਕੇ ਵਰਗੇ ਅਮਰ ਸ਼ਹੀਦਾਂ ਨੇ ਆਪਣਾ ਖੂਨ ਡੋਲਿਆ ਹੈ। ਇਸ 125 ਸਾਲ ਦੇ ਸੰਘਰਸ਼ ਨੂੰ ਚੰਦ ਖਰੂਦ ਪਾਉਣ ਵਾਲੇ ਅਤੇ ਗੈਰ ਸਮਾਜੀ ਤੱਤਾਂ ਦੀ ਬਲੀ ਨਹੀਂ ਚਾੜ੍ਹਿਆ ਜਾ ਸਕਦਾ। ਕਿਸੇ ਵੀ ਨਸਲਵਾਦੀ ਹਮਲੇ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਸਭ ਤੋਂ ਪਹਿਲਾਂ ਤਾਂ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਚਾਹੀਦਾ ਹੈ, ਜੇ ਕੋਈ ਸ਼ਬਦੀ ਹਮਲਾ ਕਰਦਾ ਹੈ ਤਾਂ ਉਸਦਾ ਜਵਾਬ ਦੇਣ ਦੀ ਬਜਾਇ ਆਪਣੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਪੁਲਿਸ ਦੀ ਸਹਾਇਤਾ ਲੈਣੀ ਚਾਹੀਦੀ ਹੈ ਤਾਂ ਜੋ ਇਸ ਹਾਲਾਤ ਨੂੰ ਟਾਲਿਆ ਜਾ ਸਕੇ। 1970-80ਵਿਆਂ ਵਿੱਚ ਜਿਹੜੇ ਕਮਿਊਨਿਟੀ ਦੇ ਸਿਰ ਕੱਢ ਆਗੂਆਂ ਨੇ ਨਸਲਵਾਦ ਦੇ ਖਿਲਾਫ ਲੜਾਈ ਲੜੀ ਸੀ ਉਹ ਅੱਜ ਵੀ ਮੌਜੂਦ ਹਨ, ਜਿਨਾਂ ਵਿੱਚੋਂ ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਦੇ ਸਪੀਕਰ ਸ੍ਰੀ ਰਾਜ ਚੌਹਾਨ ਇੱਕ ਪ੍ਰਮੁੱਖ ਚਿਹਰਾ ਹਨ। ਅੱਜ ਪ੍ਰਵਾਸੀ ਭਾਈਚਾਰਾ ਆਪਣੇ ਇਹਨਾਂ ਆਗੂਆਂ ਵੱਲ ਵੇਖ ਰਿਹਾ ਹੈ ਕਿ ਇਹ ਲੋਕਾਂ ਵਿੱਚ ਆ ਕੇ ਮੀਡੀਆ ਰਾਹੀਂ ਆਪਣੇ ਤਜਰਬੇ ਸਾਂਝੇ ਕਰਨ ਅਤੇ ਨੌਜਵਾਨ ਪੀੜੀ ਨੂੰ ਸੇਧ ਦੇਣ ਦਾ ਉਪਰਾਲਾ ਕਰਨ।



* ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਕੈਨੇਡਾ)