ਵਿੰਨੀਪੈਗ ( ਸ਼ਰਮਾ)- ਪੰਜਾਬ ਵਿਚ ਆਏ ਹੜਾਂ ਕਾਰਣ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦੇਸ਼ ਵਿਦੇਸ਼ ਵਿਚ ਦਾਨੀ ਲੋਕਾਂ ਵਲੋਂ ਹਰ ਤਰਾਂ ਦੀ ਸਹਾਇਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ। ਬੀਤੇ ਦਿਨ ਮੈਨੀਟੋਬਾ ਦੀ ਸਰਕਾਰ ਵਲੋਂ ਪੰਜਾਬ ਦੇ ਹੜ ਪੀੜਤਾਂ ਦੀ ਸਹਾਇਤਾ ਲਈ ਇਕ ਲੱਖ ਡਾਲਰ ਦਾ ਚੈਕ ਖਾਲਸਾ ਏਡ ਸੰਸਥਾ ਨੂੰ ਭੇਟ ਕੀਤਾ ਗਿਆ। ਇਹ ਚੈਕ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਤੇ ਸਹਿਯੋਗੀਆਂ ਵਲੋਂ ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਜੋ ਇਥੇ ਉਚੇਚੇ ਤੌਰ ਤੇ ਪੁੱਜੇ ਸਨ, ਨੂੰ ਭੇਟ ਕੀਤਾ ਗਿਆ। ਇਸ ਮੌਕੇ ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਦਿਲਜੀਤ ਬਰਾੜ ਤੇ ਹੋਰ ਕਈ ਉਘੀਆਂ ਹਸਤੀਆਂ ਹਾਜ਼ਰ ਸਨ। ਪ੍ਰੀਮੀਅਰ ਕੈਨਿਊ ਨੇ ਇਹ ਚੈਕ ਭੇਟ ਕਰਦਿਆਂ ਖਾਲਸਾ ਏਡ ਵਲੋਂ ਹੜਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਵਲੰਟੀਅਰਾਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਜ਼ੋਰਦਾਰ ਸ਼ਲਾਘਾ ਕੀਤੀ।
