ਓਨਟਾਰੀਓ ਦੀ ਪੀਲ ਪੁਲਿਸ ਦੇ ਹਵਾਲੇ ਕੀਤਾ-
ਸਰੀ ( ਦੇ ਪ੍ਰ ਬਿ)- ਸਰੀ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਪੁਲਿਸ ਨੇ ਜਬਰੀ ਵਸੂਲੀ ਦੇ ਮਾਮਲੇ ਵਿਚ ਕੈਨੇਡਾ ਵਿਆਪੀ ਜਾਰੀ ਵਾਰੰਟਾਂ ਦੇ ਆਧਾਰ ਤੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ ਹਥਿਆਰ ਰੱਖਣ ਅਤੇ ਜਬਰੀ ਵਸੂਲੀ ਦੇ ਮਾਮਲੇ ਵਿਚ ਓਨਟਾਰੀਓ ਦੀ ਪੀਲ ਪੁਲਿਸ ਨੂੰ ਲੋੜੀਂਦਾ ਸੀ। ਸਰੀ ਪੁਲਿਸ ਦੇ ਸਾਰਜੈਂਟ ਟਾਈਗ ਪੋਲੌਕ ਨੇ ਦੱਸਿਆ ਕਿ ਪੀਲ ਪੁਲਿਸ ਨੇ ਉਹਨਾਂ ਨਾਲ 11 ਜੁਲਾਈ ਨੂੰ ਸੰਪਰਕ ਕਰਦਿਆਂ ਸਬੰਧਿਤ ਦੋਸ਼ੀ ਦੇ ਬੀਸੀ ਵਿਚ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਇਸ ਮੁਲਜ਼ਮ ਦੀ ਪਛਾਣ 26 ਸਾਲਾ ਗੁਰਦੀਪ ਸ਼ੇਰਗਿੱਲ ਦੱਸੀ ਗਈ ਹੈ।
ਪੋਲੋਕ ਨੇ ਹੋਰ ਦੱਸਿਆ ਕਿ ਸਰੀ ਪੁਲਿਸ ਨੂੰ 7 ਸਤੰਬਰ ਨੂੰ ਸਰੀ ਵਿੱਚ ਸ਼ੇਰਗਿੱਲ ਦੀ ਮੌਜੂਦਗੀ ਬਾਰੇ ਪਤਾ ਲੱਗਾ ਅਤੇ ਵਿਸ਼ੇਸ਼ ਜਾਂਚ ਟੀਮ ਨਾਲ ਕੰਮ ਕਰਦੇ ਹੋਏ, ਉਸਨੂੰ ਕ੍ਰਿਮੀਨਲ ਕੋਡ ਦੀ ਧਾਰਾ 244(1) ਦੇ ਖਤਰਨਾਕ ਇਰਾਦੇ ਨਾਲ ਹਥਿਆਰ ਚਲਾਉਣ ਦੇ ਇੱਕ ਦੋਸ਼ ਅਤੇ ਧਾਰਾ 346(1) ਦੇ ਜਬਰੀ ਵਸੂਲੀ ਦੇ ਇੱਕ ਦੋਸ਼ ਲਈ ਜਾਰੀ ਵਾਰੰਟ ਦੇ ਆਧਾਰ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮ ਗੁਰਦੀਪ ਸ਼ੇਰਗਿੱਲ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਬੀਸੀ ਜੇਲ ਦੇ ਸ਼ੈਰਿਫ਼ ਦੀ ਸਹਾਇਤਾ ਨਾਲ ਓਨਟਾਰੀਓ ਦੀ ਪੀਲ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
