ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਸਾਰਥਿਕ ਯਤਨ-
ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਹਰ ਸਾਲ ਵਿਸ਼ਵ ਪੰਜਾਬੀ ਦਿਵਸ ਮਨਾਉਣ ਦਾ ਅਹਿਦ-
ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੂਤ ਕਵੀ ਫਿਰੋਜਦੀਨ ਸ਼ਰਫ ਨੇ ਪੰਜਾਬੀ ਬੋਲੀ ਦੀ ਦਸ਼ਾ ਬਿਆਨਦਿਆਂ ਭੁੱਬ ਮਾਰੀ-
‘ਮੁੱਠਾਂ ਮੀਟ ਕੇ ਨੁੱਕਰੇ ਹਾਂ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆਂ ਦੀ।
ਪੁੱਛੀ ਬਾਤ ਨਾਂ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।
ਕਵੀ ਫਿਰੋਜਦੀਨ ਸ਼ਰਫ ਦੇ ਨਿੱਕਲੇ ਹੰਝੂ ਅੱਜ ਦੇ ਦੌਰ ਵਿੱਚ ਵੀ ਹੂਬਹੂ ਸੱਚ ਸਾਬਿਤ ਹੋ ਰਹੇ ਹਨ। ਉਦੋਂ ਬੜਾ ਦੁੱਖ ਲੱਗਦਾ ਹੈ ਜਦੋਂ ਕਿਸੇ ਵਿਦਵਾਨ ਲੇਖਕ ਜਾਂ ਬੁਲਾਰੇ ਦੇ ਮੂੰਹੋਂ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀ ਬੋਲੀ ਦੁਨੀਆਂ ਦੀਆਂ ਲੁਪਤ ਹੋ ਰਹੀਆਂ ਬੋਲੀਆਂ ਵਿੱਚੋਂ ਇੱਕ ਹੈ। ਪਰ ਇਸ ਪਾਸੇ ਸਾਨੂੰ ਸਭ ਨੂੰ ਹੀ ਸਿਰ ਜੋੜ ਕੇ ਬੈਠਣ ਦੀ ਲੋੜ ਹੈ।
ਜੇਕਰ ਸੰਸਾਰ ਪੱਧਰ ਤੇ ਨਿਗ੍ਹਾ ਮਾਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਪੰਜਾਬੀ ਪੂਰੇ ਵਿਸ਼ਵ ਦੇ ਕੋਨੇ ਕੋਨੇ ਤੱਕ ਵਸ ਚੁੱਕੇ ਹਨ। ਕੇਵਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬੀ ਮਾਂ ਬੋਲੀ ਦੀ ਬਿਹਤਰੀ, ਪ੍ਰਚਾਰ ਤੇ ਪਸਾਰ ਲਈ ਵੱਡੇ ਯਤਨ ਹੋ ਰਹੇ ਹਨ। ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੂੰ ਵੀ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਸਾਰਥਿਕ ਉਪਰਾਲੇ ਕੀਤੇ ਜਾਂਦੇ ਹਨ. ਪਰ ਇਹ ਇੱਕ ਕੌੜੀ ਸਚਾਈ ਹੈ ਕਿ ਇਹਨੇ ਯਤਨ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਦਾ ਘੇਰਾ ਵਿਸ਼ਾਲ ਹੋਣ ਦੀ ਜਗ੍ਹਾ ਘਟਦਾ ਜਾ ਰਿਹਾ ਹੈ।ਕੈਨੇਡਾ ਵਰਗੇ ਮੁਲਕ ਨੇ ਪੰਜਾਬੀ ਨੂੰ ਫਰੈਂਚ ਦੇ ਮੁਕਾਬਲੇ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਹੋਇਆ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਪੰਜਾਬੀ ਬੋਲੀ ਨਾਲ ਜੁੜਨ ਲਈ ਪ੍ਰੇਰਨਾਂ ਮਿਲਦੀ ਹੈ। ਪ੍ਰੰਤੂ ਕੈਨੇਡਾ ਦੇ ਬਹੁਤਾਤ ਪੰਜਾਬੀ ਮੀਡੀਆ ਅਦਾਰਿਆਂ ਵਲੋਂ ਪੰਜਾਬੀ ਦੇ ਪ੍ਰੋਗਰਾਮਾਂ ਵਿੱਚ ਪੰਜਾਬੀ ਦੀ ਜਗ੍ਹਾ ਜਿਆਦਾਤਰ ਅੰਗਰੇਜੀ ਲਫਜਾਂ ਨੂੰ ਪਹਿਲ ਦੇਣੀ ਬੇਹੱਦ ਚਿੰਤਾਜਨਕ ਹੈ। ਇਸ ਦੇ ਬਾਵਜੂਦ ਵੀ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਪੰਜਾਬ ਦੇ ਮੁਕਾਬਲੇ ਵਧੇਰੇ ਪ੍ਰਫੁੱਲਿਤ ਹੋ ਰਹੀ ਹੈ।
ਪੰਜਾਬ ਵਿੱਚ ਸੜਕਾਂ ਦੇ ਕੰਢੇ ਦਿਸ਼ਾ ਦੱਸਦੇ ਬੋਰਡਾਂ ਉੱਪਰੋਂ ਪੰਜਾਬੀ ਬੋਲੀ ਗਾਇਬ, ਅਫਸਰਸ਼ਾਹੀ ਵਲੋਂ ਦਫਤਰੀ ਕੰਮਾਂ ਲਈ ਅੰਗਰੇਜੀ ਨੂੰ ਪਹਿਲ ਦੇਣੀ, ਰਾਜਨੀਤੀਵਾਨਾਂ ਵਲੋਂ ਪੰਜਾਬੀ ਨੂੰ ਦਰਕਿਨਾਰ ਕਰਨਾਂ ਬੇਹੱਦ ਦੁਖਦਾਈ ਹੈ।ਪੰਜਾਬੀ ਭਾਸ਼ਾ ਦੇ ਵਿਸਥਾਰ ਲਈ ਕੰਮ ਕਰ ਰਹੀਆਂ ਹੋਰਨਾਂ ਸੰਸਥਾਵਾਂ ਵਾਂਗ ਹੀ ਆਪਣਾਂ ਪੰਜਾਬ ਫਾਊਂਡੇਸ਼ਨ ਨੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਹਰ ਸਾਲ 23 ਸਤੰਬਰ ਨੂੰ ‘ਵਿਸ਼ਵ ਪੰਜਾਬੀ ਦਿਵਸ’ ਮਨਾਉਣ ਦਾ ਅੇਲਾਨ ਕੀਤਾ ਹੈ। ਜਿਸ ਨਾਲ ਸੰਸਥਾ ਦੇ ਉਪਰਾਲੇ ਦੀ ਦਾਦ ਦੇਣੀ ਬਣਦੀ ਹੈ।ਸੰਸਥਾ ਦੇ ਸੰਸਥਾਪਕ ਡਾ: ਜਗਜੀਤ ਸਿੰਘ ਧੁਰੀ ਅਤੇ ਪਿੰ੍ਰ: ਬਲਦੇਵ ਬਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਬੈਠੇ ਪੰਜਾਬੀ ‘ਵਿਸ਼ਵ ਪੰਜਾਬੀ ਦਿਵਸ’ ਨੂੰ ਆਪਣੇ ਆਪਣੇ ਤੌਰ ਤੇ ਆਪੋ ਆਪਣੇ ਢੰਗ ਤਰੀਕਿਆਂ ਨਾਲ ਸਾਹਿਤਕ ਜਾਂ ਸੱਭਿਆਚਾਰਿਕ ਸਮਾਗਮ ਕਰਕੇ ਹਰ ਸਾਲ 23 ਸਤੰਬਰ ਨੂੰ ਮਨਾਇਆ ਕਰਨਗੇ। ਇਸ ਦੀ ਸ਼ੁਰੂਆਤ ਇਸ ਵਾਰ ਆਪਣਾਂ ਪੰਜਾਬ ਫਾਊਂਡੇਸ਼ਨ ਦੁਆਰਾ ਇਸ ਵਾਰ ਤੋਂ ਕੀਤੀ ਜਾ ਚੁੱਕੀ ਹੈ। ਇਸ ਦਿਨ ਪੰਜਾਬ ਦੇ ਫੇਡਰੇਸ਼ਨ ਨਾਲ ਸੰਬੰਧਿਤ ਸਾਰੇ ਹੀ ਵਿਦਿਅਕ ਅਦਾਰੇ ਸਕੂਲਾਂ ਕਾਲਜਾਂ ਵਿੱਚ ਸੁਲੇਖ ਮੁਕਾਬਲੇ, ਸ਼ਬਦ ਜੋੜ ਮੁਕਾਬਲੇ, ਕਵਿਤਾ ਲਿਖਣ ਜਾਂ ਉਚਾਰਨ ਮੁਕਾਬਲੇ, ਪੋਸਟਰ ਮੁਕਾਬਲੇ ਕਰਵਾਇਆ ਕਰਨਗੇ ਤਾਂ ਜੋ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਵਿੱਚ ਸਾਰਥਿਕ ਯੋਗਦਾਨ ਪਾਇਆ ਜਾ ਸਕੇ। ਸ਼ਾਲਾ, ਅਜਿਹੀਆਂ ਸੰਸਥਾਵਾਂ ਆਪਣੇ ਉਦੇਸ਼ ਵਿੱਚ ਕਾਮਯਾਬ ਹੋਣ, ਇਹੋ ਸਾਡੀ ਅਰਦਾਸ ਹੈ।
-ਗੁਰਪ੍ਰੀਤ ਸਿੰਘ ਤਲਵੰਡੀ
778-980-9196
