Mar 7, 2026

ਅੰਮ੍ਰਿਤਸਰ, 23 ਸਤੰਬਰ – ਭਾਜਪਾ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਖ਼ੈਬਰ ਪਖਤੂਨਖਵਾ ਦੀ ਤਿਰਾਹ ਘਾਟੀ ਵਿੱਚ ਪਾਕਿਸਤਾਨੀ ਹਵਾਈ ਫ਼ੌਜ ਵੱਲੋਂ ਹਵਾਈ ਹਮਲਾ ਕਰਦਿਆਂ ਘੱਟੋ-ਘੱਟ 30 ਨਾਗਰਿਕਾਂ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ ਦੇ ਬੇਦਰਦੀ ਕੀਤੇ ਗਏ ਖ਼ੌਫ਼ਨਾਕ ਕਤਲੇਆਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ’ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਬਾਰੀ ਦੀ ਇਹ ਕਾਰਵਾਈ ਸਾਬਤ ਕਰਦੀ ਹੈ ਕਿ ਪਾਕਿਸਤਾਨ ਨਾ ਸਿਰਫ਼ ਦੂਜੇ ਦੇਸ਼ਾਂ ਲਈ ਅੱਤਵਾਦ ਦੀ ਨਰਸਰੀ ਹੈ, ਸਗੋਂ ਖ਼ੁਦ ਵੀ ਅੱਤਵਾਦੀਆਂ ਵਾਂਗ ਆਪਣੇ ਹੀ ਲੋਕਾਂ ’ਤੇ ਹਕੂਮਤ ਕਰ ਰਿਹਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਬੰਬਾਰੀ ਸਿਰਫ਼ ਕਤਲੇਆਮ ਨਹੀਂ, ਸਗੋਂ ਪਾਕਿ-ਹਕੂਮਤ ਅਤੇ ਪਾਕਿਸਤਾਨੀ ਫ਼ੌਜ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦੀ ਹੈ। ਇੱਕ ਪਾਸੇ ਪਾਕਿਸਤਾਨ ਖ਼ੁਦ ਨੂੰ ਮਨੁੱਖੀ ਹੱਕਾਂ ਦਾ ਅਲੰਬਰਦਾਰ ਦੱਸਦਾ ਹੈ, ਦੂਜੇ ਪਾਸੇ ਆਪਣੇ ਹੀ ਨਾਗਰਿਕਾਂ ਦੇ ਖ਼ੂਨ ਨਾਲ ਖੇਡਦਾ ਹੈ। ਉਨ੍ਹਾਂ ਕਿਹਾ ਕਿ ਇਲਾਕਾਈ ਵਸਨੀਕਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਹ ਗਲ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੀ ਸਰਕਾਰ ਅਤੇ ਫ਼ੌਜ ਬਿਨਾਂ ਕਿਸੇ ਠੋਸ ਜਾਣਕਾਰੀ ਦੇ ਹਮਲੇ ਕਰ ਰਹੀ ਹੈ, ਜਿਸ ਨਾਲ ਨਿਰਦੋਸ਼ ਲੋਕਾਂ ਦੀ ਜਾਨ ਜਾ ਰਹੀ ਹੈ। ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਖ਼ੁਦ ਵਿੱਚ ਇੱਕ ਅੱਤਵਾਦੀ ਕਾਰਵਾਈ ਹੈ, ਜਿਸ ਦੀ ਨਿੰਦਾ ਸਾਰੀ ਦੁਨੀਆ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਬਾਰ-ਬਾਰ ਨਾਕਾਮ ਰਿਹਾ ਹੈ। ਇਸ ਲਈ ਅਜਿਹੀ ਘਟਨਾ ਦੀ ਤੁਰੰਤ ਅਤੇ ਨਿਰਪੱਖ ਅੰਤਰਰਾਸ਼ਟਰੀ ਜਾਂਚ ਸੰਯੁਕਤ ਰਾਸ਼ਟਰ ਜਾਂ ਹੋਰ ਮਾਣਯੋਗ ਫੋਰਮਾਂ ਵੱਲੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਲਿਆ ਕੇ ਪਾਕਿਸਤਾਨ ’ਤੇ ਦਬਾਅ ਬਣਾਇਆ ਜਾ ਸਕੇ।
ਪ੍ਰੋ. ਖਿਆਲਾ ਨੇ ਕਿਹਾ ਕਿ ਅੱਜ ਜਿਹੜੀ ਬੰਬਾਰੀ ਖ਼ੈਬਰ ਪਖਤੂਨਖਵਾ ਦੇ ਬਾਸ਼ਿੰਦਿਆਂ ਉੱਤੇ ਹੋਈ ਹੈ, ਉਸ ਤੋਂ ਇਹ ਸਾਫ਼ ਹੈ ਕਿ ਪਾਕਿਸਤਾਨ ਆਪਣੀ ਅੱਤਵਾਦੀ ਸੋਚ ਕਾਰਨ ਕਿਸੇ ਵੀ ਵੇਲੇ ਆਪਣੀ ਫ਼ੌਜੀ ਜ਼ਿਆਦਤੀਆਂ ਦਾ ਰੁਖ਼ ਪਾਕ-ਕਬਜ਼ੇ ਵਾਲੇ ਕਸ਼ਮੀਰ ਵੱਲ ਵੀ ਮੋੜ ਸਕਦਾ ਹੈ। ਉਨ੍ਹਾਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਹਿੱਸੇ ’ਚ ਰਹਿੰਦੇ ਕਸ਼ਮੀਰੀ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੀ ਹਕੂਮਤ ਤੋਂ ਨਿਜਾਤ ਪਾਉਣ ਅਤੇ ਆਪਣੇ ਖੇਤਰ ਨੂੰ ਜਲਦ ਤੋਂ ਜਲਦ ਜੰਮੂ ਕਸ਼ਮੀਰ ਦੇ ਨਾਲ ਮਿਲਾਉਣ ਲਈ ਪੱਕਾ ਫ਼ੈਸਲਾ ਕਰਕੇ ਜੱਦੋ ਜਹਿਦ ਕਰਨ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਸ਼ਮੀਰ ਦੇ ਕਬਜ਼ੇ ਵਾਲੇ ਹਿੱਸੇ ਦੇ ਲੋਕ ਹੁਣ ਜਾਗੇ ਨਹੀਂ ਤਾਂ ਕੱਲ੍ਹ ਨੂੰ ਜੋ ਖ਼ੂਨੀ ਬੰਬਾਰੀ ਤਿਰਾਹ ਘਾਟੀ ਵਿੱਚ ਹੋਈ ਹੈ, ਉਹੀ ਕਤਲੇਆਮ ਦੀ ਬੰਬਾਰੀ ਉਨ੍ਹਾਂ ਦੇ ਘਰਾਂ ਦੀ ਛੱਤਾਂ ਉੱਤੇ ਵੀ ਆ ਸਕਦਾ ਹੈ।