ਐਸੋਸੀਏਸ਼ਨ ਦੇ ਸੰਵਿਧਾਨ ਅਤੇ ਉਦੇਸ਼ ਬਾਰੇ ਵਿਚਾਰਾਂ-
ਗੁਰੂ ਤੇਗ ਬਹਾਦਰ ਜੀ ਦਾ 450 ਸਾਲਾ ਸ਼ਹੀਦੀ ਦਿਹਾੜਾ ਸਾਂਝੇ ਰੂਪ ਵਿਚ ਮਨਾਉਣ ਦਾ ਫੈਸਲਾ-
ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਬੀਤੀ 21 ਸਤੰਬਰ ਦਿਨ ਐਤਵਾਰ ਨੂੰ ਯੂਨਾਈਟਡ ਸਿੱਖ ਹਿੰਦੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨਾਲ ਸਬੰਧਿਤ 25 ਗੁਰਦੁਆਰਾ ਸੁਸਾਇਟੀਆਂ ਅਤੇ ਮੰਦਿਰ ਕਮੇਟੀਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਹੋਏ। ਇਸ ਮੌਕੇ ਆਏ ਮੈਂਬਰਾਂ ਦਾ ਕਸ਼ਮੀਰ ਸਿੰਘ ਧਾਲੀਵਾਲ (ਚੇਅਰਮੈਨ) ਵੱਲੋਂ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਸ ਵਿਚ ਐਸੋਸੀਏਸ਼ਨ ਨੂੰ ਵਿਕਟੋਰੀਆ ਵਿਚ ਰਜਿਸਟਰ ਕਰਵਾਉਣ ਅਤੇ ਸੰਵਿਧਾਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਸੰਵਿਧਾਨ ਲਗਪਗ ਤਿਆਰ ਹੋ ਗਿਆ ਹੈ । ਇਸ ਦੇ ਉਦੇਸ਼ਾਂ ਬਾਰੇ ਮੈਂਬਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ। ਸਾਰੇ ਹੀ ਮੈਂਬਰ ਇਸ ਨਾਲ ਸਹਿਮਤ ਹੋਏ। ਉਦੇਸ਼ਾਂ ਵਿਚ ਕਮਿਊਨਿਟੀ ਵਿਚ ਸਦਭਾਵਨਾ ਬਣਾਈ ਰੱਖਣ ਤੇ ਵਿਚਾਰ ਕੀਤਾ ਗਿਆ। ਧਾਰਮਿਕ ਸਥਾਨਾਂ ਗੁਰਦੁਆਰੇ ਅਤੇ ਮੰਦਿਰਾਂ ਦੇ ਬਾਹਰ ਰੋਸ ਮੁਜ਼ਾਹਰਿਆਂ ਤੇ ਰੋਕ ਲਗਾਉਣਾ, ਗ਼ੈਰਕਾਨੂੰਨੀ ਗਤੀਵਿਧੀਆਂ ਤੋਂ ਦੂਰ ਰਹਿਣਾ, ਸਕੂਲਾਂ ਦੇ ਬੱਚਿਆਂ ਨੂੰ ਵਜ਼ੀਫ਼ੇ ਪ੍ਰਦਾਨ ਕਰਨਾ, ਕੁਦਰਤੀ ਆਫ਼ਤਾਂ ਵਾਸਤੇ ਮਦਦ ਕਰਨਾ ਜਿਵੇਂ ਪੰਜਾਬ ਵਿਚ ਆਏ ਹੜ੍ਹਾਂ ਵਾਸਤੇ ਮਦਦ ਕਰਨਾ, ਅੱਤਵਾਦੀ ਤੇ ਵੱਖਵਾਦੀ ਵਿਚਾਰਾਂ ਦੀ ਨਿੰਦਾ ਕਰਨਾ, ਇਕੱਠੇ ਹੋਕੇ ਕਮਿਊਨਿਟੀ ਦੇ ਉਸਾਰੂ ਕੰਮ ਕਰਨਾ, ਸਮੁੱਚੀ ਮਨੁੱਖਤਾ ਦੇ ਭਲੇ ਲਈ ਕਦਮ ਚੁੱਕਣ ਆਦਿ ਐਸੋਸੀਏਸ਼ਨ ਦੇ ਉਦੇਸ਼ ਮਿਥੇ ਗਏ। ਇਸ ਦੌਰਾਨ ਫੈਡਰਲ ਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਗਈ ਉਹ ਗੁਰਦੁਆਰੇ ਤੇ ਮੰਦਿਰਾਂ ਦੇ ਬਾਹਰ ਮੁਜ਼ਾਹਰਾਕਾਰੀਆਂ ਵਿਰੁੱਧ ਕਾਨੂੰਨ ਪਾਸ ਕਰੇ। ਗੁਰੂ ਤੇਗ਼ ਬਹਾਦਰ ਜੀ ਦਾ 450 ਸਾਲਾ ਸ਼ਹੀਦੀ ਦਿਹਾੜਾ ਰਲ ਮਿਲ ਕੇ ਮਨਾਉਣ ਦਾ ਮਤਾ ਪਾਸ ਕੀਤਾ ਗਿਆ ਕਿਉਂਕਿ ਗੁਰੂ ਤੇਗ਼ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਆਖਿਆ ਜਾਂਦਾ ਹੈ ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਕੁਰਬਾਨੀ ਦਿੱਤੀ ਸੀ। ਮੀਟਿੰਗ ਬਹੁਤ ਵਧੀਆ ਮਾਹੌਲ ਵਿਚ ਹੋਈ । ਅਗਲੀ ਮੀਟਿੰਗ ਜਲਦੀ ਬਲਾਉਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਆਪਣੇ ਸੁਝਾਅ ਪੇਸ਼ ਕੀਤੇ। ਖ਼ਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੀ ਸਮੁੱਚੀ ਕਮੇਟੀ ਖ਼ਾਸ ਤੌਰ ਤੇ ਪਹੁੰਚੀ। ਰਿਡਮੰਡ ਦੇ ਨੰਬਰ 5 ਰੋਡ ਦੇ ਗੁਰੂ ਘਰ, ਅਕਾਲੀ ਸਿੰਘ ਗੁਰੂ ਘਰ ਵੈਨਕੂਵਰ , ਖ਼ਾਲਸਾ ਦੀਵਾਨ ਸੁਸਾਇਟੀ ਸਰੀ, ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਅਤੇ ਹਿੰਦੂ ਮੰਦਿਰਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲੁਆਈ। ਆਏ ਮੈਂਬਰਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।

