Mar 7, 2026

ਬਿਲ ਦਾ ਮਕਸਦ ਸਮੇ ਸਿਰ ਸਿਹਤ ਸਹੂਲਤਾਂ ਤੇ ਫੈਡਰਲ ਫੰਡਿੰਗ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ-

ਓਟਵਾ ( ਦੇ ਪ੍ਰ ਬਿ)- ਕੈਨੇਡਾ ਭਰ ਵਿਚ ਸਿਹਤ ਸੇਵਾਵਾਂ ਦੇ ਨਿਘਾਰ ਕਾਰਣ ਹਸਪਤਾਲਾਂ ਅਤੇ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲਾਂ ਦੇ ਐਮਰਜੈਂਸੀ ਰੂਮ ਵਿਚ ਮਰੀਜ਼ਾਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਦੇ ਬਾਵਜੂਦ ਇਲਾਜ ਦੀ ਸਹੂਲਤ ਨਹੀ ਮਿਲਦੀ। ਕਈ ਵਾਰ ਉਹਨਾਂ ਨੂੰ ਮਜ਼ਬੂਰਨ ਬਿਨਾਂ ਇਲਾਜ ਤੋਂ ਵਾਪਿਸ ਪਰਤਣਾ ਪੈਂਦਾ ਹੈ। ਅੰਕੜੇ ਬੋਲਦੇ ਹਨ ਕਿ ਸਾਲ 2024 ਵਿਚ ਲਗਪਗ 1ਲੱਖ 43 ਹਜ਼ਾਰ ਬੀਸੀ ਦੇ ਮਰੀਜ਼ਾਂ ਨੂੰ ਬਿਨਾਂ ਇਲਾਜ ਐਮਰਜੈਂਸੀ ਰੂਮ ਚੋ ਵਾਪਿਸ ਪਰਤਣਾ ਪਿਆ ਹੈ।

ਹਸਪਤਾਲਾਂ ਵਿਚ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਅਤੇ ਕੇਅਰ ਨਾ ਮਿਲਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਰੀ-ਨਿਊਟਨ ਤੋਂ ਲਿਬਰਲ ਐਮ ਪੀ ਸੁਖ ਧਾਲੀਵਾਲ ਵਲੋਂ ਇਸ 22 ਸਤੰਬਰ ਨੂੰ ਇਕ ਪ੍ਰਾਈਵੇਟ ਬਿਲ ਸੰਸਦ ਵਿਚ ਪੇਸ਼ ਕੀਤਾ ਗਿਆ ਹੈ ਜਿਸਦਾ ਮਕਸਦ ਕੈਨੇਡਾ ਸਿਹਤ ਐਕਟ ਵਿੱਚ ਸੋਧ ਕਰਨਾ ਹੈ ਤਾਂ ਜੋ ਸੂਬਾਈ ਸਰਕਾਰਾਂ ਨੂੰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਤਰੀਕੇ ਵਿੱਚ  ਜਵਾਬਦੇਹ ਬਣਾਇਆ ਜਾ ਸਕੇ।

ਐਮ ਪੀ ਧਾਲੀਵਾਲ ਨੇ ਸੰਸਦ ਵਿਚ ਪੇਸ਼ ਕੀਤੇ ਇਸ ਪ੍ਰਾਈਵੇਟ ਬਿੱਲ ਬਾਰੇ ਦੇਸ ਪ੍ਰਦੇਸ ਟਾਈਮਜ਼ ਨੂੰ ਦੱਸਿਆ ਕਿ ਅਗਰ ਇਹ ਬਿਲ ਪਾਸ ਹੁੰਦਾ ਹੈ, ਤਾਂ ਫੈਡਰਲ ਸਰਕਾਰ ਵਲੋਂ ਸਿਹਤ ਸੇਵਾਵਾਂ ਲਈ ਸੂਬਾ ਸਰਕਾਰਾਂ ਨੂੰ ਦਿੱਤੀ ਜਾਂਦੀ ਫੰਡਿੰਗ ਪ੍ਰਤੀ ਉਹਨਾਂ ਨੂੰ ਜਵਾਬਦੇਹ ਹੋਣ ਦੇ ਨਾਲ ਯਕੀਨੀ ਬਣਾਉਣਾ ਪਵੇਗਾ ਕਿ ਲੋਕਾਂ ਨੂੰ ਹਸਪਤਾਲਾਂ ਵਿਚ ਇਕ ਨਿਸ਼ਚਿਤ ਸਮੇਂ ਦੇ ਅੰਦਰ ਉਹਨਾਂ ਨੂੰ ਇਲਾਜ ਸਹੂਲਤ ਮਿਲ ਸਕੇ।  ਹਾਊਸ ਆਫ਼ ਕਾਮਨਜ਼ ਵਿੱਚ ਦੂਜੀ ਰੀਡਿੰਗ ‘ਤੇ ਇਸ ਬਿੱਲ ‘ਤੇ ਬਹਿਸ ਕੀਤੀ ਜਾਵੇਗੀ। ਇਹ ਬਿਲ ਪ੍ਰਾਇਮਰੀ ਕੇਅਰ, ਚੋਣਵੀਆਂ ਸੇਵਾਵਾਂ, ਐਮਰਜੈਂਸੀ ਸੇਵਾਵਾਂ ਅਤੇ ਸਾਲਾਨਾ ਰਿਪੋਰਟਿੰਗ ਤੱਕ “ਸਮੇਂ ਸਿਰ ਪਹੁੰਚ” ਲਈ ਮਾਪਦੰਡ ਸਥਾਪਤ ਕਰਨ ਦੀ ਮੰਗ ਕਰਦਾ ਹੈ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਲੋਕਾਂ ਦੇ ਟੈਕਸਾਂ ਦੇ ਪੈਸੇ ਦਾ ਸਹੀ ਉਪਯੋਗ ਹੋ ਰਿਹਾ ਹੈ।

ਧਾਲੀਵਾਲ ਨੇ ਹੋਰ ਕਿਹਾ ਕਿ ਇਹ ਬਿੱਲ ਕੈਨੇਡੀਅਨਾਂ ਨੂੰ ਵਿਸ਼ਵਾਸ ਦਿਵਾਉਣ ਬਾਰੇ ਹੈ ਕਿ ਸਾਡੀ ਸਿਹਤ ਸੰਭਾਲ ਪ੍ਰਣਾਲੀ  ਸਹੀ ਨਤੀਜੇ ਦੇ ਰਹੀ ਹੈ। ਭਾਵੇਂ ਸੂਬੇ ਆਪਣੇ ਸਿਸਟਮ ਡਿਜ਼ਾਈਨ ਅਤੇ ਪ੍ਰਬੰਧਨ ਦੀ ਜਿੰਮੇਵਾਰੀ ਆਪਣੇ ਢੰਗ ਨਾਲ ਨਿਭਾਉਂਦੇ  ਰਹਿਣਗੇ, ਪਰ ਉਹਨਾਂ ਨੂੰ ਸਪੱਸ਼ਟ ਮਾਪਦੰਡਾਂ ਅਤੇ ਰਿਪੋਰਟਿੰਗ ਦੇ ਨਾਲ ਪਾਰਦਰਸ਼ੀ ਢੰਗ ਨਾਲ ਅਜਿਹਾ ਕਰਨਾ ਚਾਹੀਦਾ ਹੈ, ਤਾਂ ਜੋ ਕੈਨੇਡੀਅਨ ਦੇਖ ਸਕਣ ਕਿ ਸਿਹਤ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰ ਰਹੀ ਹੈ। ਉਹਨਾਂ ਹੋਰ ਕਿਹਾ ਕਿ ਕੈਨੇਡੀਅਨ “ਇਹ ਜਾਣਨ ਦੇ ਹੱਕਦਾਰ ਹਨ ਕਿ ਸਿਹਤ ਸੰਭਾਲ ਵਿੱਚ ਨਿਵੇਸ਼ ਕੀਤੇ ਗਏ ਹਰ ਡਾਲਰ ਦੀ ਵਰਤੋਂ ਉਡੀਕ ਸਮੇਂ ਨੂੰ ਘਟਾਉਣ ਅਤੇ ਦੇਖਭਾਲ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੀ ਹੈ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਇਕ ਪੜਤਾਲੀਆ ਏਜੰਸੀ ਮੁਤਾਬਿਕ ਪਿਛਲੇ ਸਾਲ ਬੀ.ਸੀ ਦੇ ਹਸਪਤਾਲਾਂ ਦੇ  ਐਮਰਜੈਂਸੀ ਰੂਮ ਵਿਚ ਮਰੀਜਾਂ ਦੀ 26 ਲੱਖ ਗਿਣਤੀ ਦਰਜ ਕੀਤੀ ਗਈ ਤੇ ਇਹਨਾਂ ਚੋਂ  142,961 ਮਰੀਜ ਬਿਨਾਂ ਇਲਾਜ ਕਰਵਾਏ ਵਾਪਿਸ ਪਰਤ ਗਏ। ਜੋ ਕਿ ਆਏ ਮਰੀਜਾਂ ਦਾ  5.5 ਪ੍ਰਤੀਸ਼ਤ ਬਣਦਾ ਹੈ ਭਾਵ ਸਾਢੇ ਪੰਜ ਪ੍ਰਤੀਸ਼  ਮਰੀਜ਼ ਇਲਾਜ ਕਰਵਾਉਣ ਤੋਂ ਪਹਿਲਾਂ ਹੀ ਪਰਤ ਗਏ । ਇਸ ਤੋਂ ਇਲਾਵਾ, 2024 ਵਿੱਚ ਕੈਨੇਡਾ ਭਰ ਵਿਚ 35.6 ਪ੍ਰਤੀਸ਼ਤ ਅਜਿਹੇ ਮਰੀਜ ਸਨ ਜਿਹਨਾਂ ਨੂੰ ਹਸਪਤਾਲ ਚੋਂ ਬਿਨਾਂ ਇਲਾਜ ਕਰਵਾਏ ਪਰਤਣਾ ਪਿਆ।