Mar 7, 2026

ਸਰੀ ( ਦੇ ਪ੍ਰ ਬਿ)- ਕੈਨੇਡਾ ਵਿਚ ਵਸਦੇ ਪੰਜਾਬੀਆਂ ਅਤੇ ਪੰਜਾਬੀ ਸਾਹਿਤ ਪ੍ਰੇਮੀਆਂ ਲਈ ਇਹ ਮਾਣਮੱਤੀ ਖਬਰ ਹੈ ਕਿ  ਸ਼ਹਿਰ ਦੀ ਨਿਵਾਸੀ ਉਘੀ ਲੇਖਕਾ ਤੇ ਨਾਟਕਰਮੀ ਪਰਮਿੰਦਰ ਕੌਰ ਸਵੈਚ ਦੀ ਇਕ ਕਵਿਤਾ ਨੂੰ ਸਰੀ ਸਿਟੀ ਦੇ ਪਬਲਿਕ ਆਰਟ ਵਿਭਾਗ ਵਲੋਂ ਸਰਬੋਤਮ ਕਵਿਤਾ ਵਜੋ ਚੁਣਿਆ ਗਿਆ ਹੈ। ਸਿਟੀ ਦੇ ਲਾਇਬਰੇਰੀ ਵਿਭਾਗ ਵਲੋਂ ਉਹਨਾਂ ਦੀ ”ਮੋਹ ਭਿੱਜੀ ਫੁਲਕਾਰੀ” ਦੇ ਉਨਵਾਨ ਵਾਲੀ ਇਸ ਕਵਿਤਾ ਨੂੰ ਸਰੀ ਦੀ ਸੈਂਟਰ ਲਾਇਬਰੇਰੀ ਦੀ ਤੀਸਰੀ ਮੰਜਿਲ ਉਪਰ  ਇਕ ਨਿਵੇਕਲੇ ਅੰਦਾਜ਼ ਤਹਿਤ ਪੌੜੀ ਦਰ ਪੌੜੀ ਪੰਜਾਬੀ ਤੇ ਅੰਗਰੇਜ਼ੀ ਅਨੁਵਾਦ ਸਮੇਤ ਉਕਰਦਿਆਂ ਪੰਜਾਬੀ ਭਾਸ਼ਾ ਨੂੰ ਵੱਡਾ ਮਾਣ ਦਿੱਤਾ ਗਿਆ ਹੈ।  ਇਹ ਕਵਿਤਾ ਕੈਨੇਡਾ ਦੇ ਬਹੁਸਭਿਆਚਾਰ ਵਿਚ ਪਰਵਾਸ ਤੇ ਪਰਵਾਸੀ ਭਾਈਚਾਰੇ ਦੀ ਇਸ ਧਰਤੀ ਤੇ ਸਭਿਆਚਾਰ ਨਾਲ ਸਾਂਝ ਦੇ ਰਿਸ਼ਤੇ ਨੂੰ ਇਕ ਨਵੇਂ ਅਰਥ ਪ੍ਰਦਾਨ ਕਰਦੀ ਹੈ।

ਜ਼ਿਕਰਯੋਗ ਹੈ ਕਿ ਪਰਮਿੰਦਰ ਸਵੈਚ ਇਕ ਕਵਿਤਰੀ ਦੋ ਹੋਣ ਦੇ ਨਾਲ ਉਘੀ ਸਮਾਜਿਕ ਕਾਰਕੁੰਨ, ਲੇਖਕਾ, ਨਾਟਕਕਾਰ ਤੇ  ਉਘੀ ਰੰਗਕਰਮੀ ਵੀ ਹੈ। ਉਹਨਾਂ ਨੇ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਈ ਪੁਸਤਕਾਂ ਦਾ ਨਿੱਗਰ ਯੋਗਦਾਨ ਪਾਇਆ ਹੈ ਜਿਹਨਾਂ ਵਿਚ ਨਾਟ ਸੰਗ੍ਰਹਿ ਭਲਾ ਮੈਂ ਕੌਣ, ਬਲਦੇ ਬਿਰਖ, ਤਵਾਰੀਖ ਬੋਲਦੀ ਹੈ, ਕਾਵਿ ਸੰਗ੍ਰਹਿ -ਮਖੌਟਿਆਂ ਦੇ ਆਰ ਪਾਰ, ਲਹਿਰਾਂ ਦੀ ਵੇਦਨਾ, ਜ਼ਰਦ ਰੰਗਾਂ ਦਾ ਮੌਸਮ ਤੇ ਲੇਖ ਸੰਗ੍ਰਹਿ- ਜਾਗਦੀ ਅੱਖ ਦਾ ਹਲਫਨਾਮਾ ਤੇ ਜੰਨਤ ਦਾ ਵਿਸ਼ੇਸ਼ ਜ਼ਿਕਰ ਹੈ। ਉਹਨਾਂ ਦਾ ਰੰਗ ਮੰਚ ਨਾਲ ਬਹੁਤ ਹੀ ਗਾੜਾ ਰਿਸ਼ਤਾ ਹੈ। ਉਹਨਾਂ ਨੇ ਹੁਣ ਤੱਕ 24 ਦੇ ਕਰੀਬ ਨਾਟਕ, ਇਕਾਂਗੀ ਲਿਖੇ ਤੇ ਖੁਦ ਨਿਰਦੇਸ਼ਨ ਕਰਦਿਆਂ ਇਕ ਕਲਾਕਾਰ ਵਜੋਂ  ਸਫਲ ਮੰਚਨ ਕੀਤਾ ਹੈ।

ਸਰੀ ਸਿਟੀ ਸੈਂਟਰ ਲਾਇਬਰੇਰੀ ਵਿਚ ਖੂਬਸੂਰਤ ਅੰਦਾਜ਼ ਵਿਚ ਪ੍ਰਦਰਸ਼ਿਤ ਮੋਹ ਭਿੱਜੀ ਫੁਲਕਾਰੀ ਪਾਠਕਾਂ ਦੀ ਨਜ਼ਰ ਹੈ-

ਮੋਹ-ਭਿੱਜੀ ਫੁਲਕਾਰੀ

ਮੇਰਾ ਇੱਥੇ ਵਸਣਾ,
ਮਹਿਜ਼ ਇਤਫ਼ਾਕ ਨਹੀਂ ਸੀ
ਖਿੱਚ ਲਿਆਈਆਂ ਸਨ
ਕੁੱਝ ਮਜ਼ਬੂਰ ਤੰਦਾਂ
ਭਵਿੱਖਤ ਸੁਪਨੇ
ਰੁਜ਼ਗਾਰ, ਬਿਹਤਰ ਜ਼ਿੰਦਗੀ
ਜਦੋਂ ਜੜੋਂ ਵਿਹੂਣੀ ਟੁੱਟਣ ਲੱਗੀ ਤਾਂ
ਮੇਰੇ ਸ਼ਹਿਰ ਦੇ ਬਹੁ-ਸਭਿਆਚਾਰੀ
ਬੇਸ਼-ਕੀਮਤੀ
ਬਹੁ-ਰੰਗੀ ਤੰਦਾਂ ਨੇ
ਲਪੇਟ ਲਿਆ
ਮੋਹ-ਭਿੱਜੀ ਫੁਲਕਾਰੀ ਵਿੱਚ
ਤੇ ਮੈਂ ਸਦਾ ਲਈ ਇੱਥੋਂ ਦੀ ਹੋ ਗਈ….ਪਰਮਿੰਦਰ ਸਵੈਚ।