Mar 7, 2026

ਕੁਲ ਸਾਢੇ ਗਿਆਰਾਂ ਏਕੜ ਜ਼ਮੀਨ ,ਮਿਲੀਅਨ ਡਾਲਰਾਂ ਦਾ ਪ੍ਰੋਜੈਕਟ-

ਕੈਲਗਰੀ ( ਦਲਵੀਰ ਜੱਲੋਵਾਲੀਆ )- ਸਿੱਖ ਕੌਮ ਲਈ ਇਹ ਇੱਕ ਇਤਿਹਾਸਕ ਦਿਨ ਰਿਹਾ ਜਦੋਂ ਕੋਰਨਰਸਟੋਨ ਵਿੱਚ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਲੋਕੇਸ਼ਨ ਦਾ ਸ਼ੁਭ ਆਰੰਭ ਕੀਤਾ ਗਿਆ। ਮਿਲੀਅਨ ਡਾਲਰਾਂ ਦੇ ਇਸ ਵੱਡੇ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਗਿਆ ਹੈ, ਕੁਲ ਸਾਢੇ ਗਿਆਰਾਂ ਏਕੜ ਜ਼ਮੀਨ ਹੈ ,40 ਹਜ਼ਾਰ ਸਕੇਅਰ ਫੁੱਟ ਦੀ ਬਿਲਡਿੰਗ ਬਣਾਈ ਜਾਵੇਗੀ ਜੋ ਉੱਤਰੀ ਅਮਰੀਕਾ ਵਿੱਚ ਸਭ ਤੋਂ ਵਿਸ਼ਾਲ ਗੁਰਦੁਆਰਾ ਸਹਿਤ ਸਭਿਆਚਾਰਕ ਕੇਂਦਰਾਂ ਵਿੱਚੋਂ ਇੱਕ ਹੋਵੇਗਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਗਿੱਲ ,ਚੇਅਰਮੈਨ ਗੁਰਜੀਤ ਸਿੰਘ ਸਿੱਧੂ ਤੇ ਸੈਕਟਰੀ ਰਵਿੰਦਰ ਸਿੰਘ ਤੰਬੜ ਨੇ ਦੱਸਿਆ ਕਿ ਨਵਾਂ ਪ੍ਰੋਜੈਕਟ ਸਿਰਫ਼ ਇੱਕ ਇਮਾਰਤ ਨਹੀਂ ਸਗੋਂ ਧਾਰਮਿਕ, ਸਭਿਆਚਾਰਕ ਅਤੇ ਸਮਾਜਿਕ ਪੱਧਰ ’ਤੇ ਸੰਗਤ ਨੂੰ ਜੋੜਨ ਵਾਲਾ ਕੇਂਦਰ ਹੋਵੇਗਾ। ਇਸ ਨਵੇਂ ਪ੍ਰੋਜੈਕਟ ਵਿੱਚ ਮੇਨ ਗਰਾਊਂਡ ਲੈਵਲ ਉਪਰ ਲੰਗਰ ਹਾਲ ਹੋਵੇਗਾ ,ਵੱਡਾ ਲੰਗਰ ਹਾਲ ਅਤੇ ਵੱਡੀ ਪਾਰਕਿੰਗ ਅਤੇ ਹਰੇ-ਭਰੇ ਮੈਦਾਨ ਹੋਣਗੇ । ਸੰਗਤ ਵਲੋਂ ਨਵੇਂ ਪ੍ਰੋਜੈਕਟ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਕੋਰਨਰਸਟੋਨ ਵਿਖੇ ਆਰੰਭਤਾ ਸਮਾਗਮ ’ਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਲਗਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਇਸ ਮੌਕੇ ਤੇ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਅਗਲੇ ਕੁਝ ਸਾਲਾਂ ਵਿੱਚ ਪੂਰਾ ਕਰ ਲਿਆ ਜਾਵੇਗਾ ਅਤੇ ਕੈਲਗਰੀ ਦੇ ਸਿੱਖਾਂ ਲਈ ਇਹ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ।