ਰਸਟੈਡ ਨੇ ਲੀਡਰਸ਼ਿਪ ਰੀਵਿਊ ਜਿੱਤਣ ਪਿਛੋ ਸੁਣਾਇਆ ਫੈਸਲਾ-
ਸਰੀ ( ਦੇ ਪ੍ਰ ਬਿ)- ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਲੀਡਰਸ਼ਿਪ ਰੀਵਿਊ ਵਿਚ ਜੇਤੂ ਹੋਣ ਉਪਰੰਤ ਕਲੋਵਵਰਡੇਲ ਤੋਂ ਵਿਧਾਇਕ ਐਲਨੋਰ ਸਟਰਕੋ ਨੂੰ ਪਾਰਟੀ ਕੌਕਸ ਚੋ ਬਾਹਰ ਕੱਢਣ ਦਾ ਫੈਸਲਾ ਸੁਣਾਇਆ ਹੈ। ਅਜਿਹਾ ਕਰਦਿਆਂ ਸਟਰਕੋ ਤੇ ਪਾਰਟੀ ਵਿਰੋਧੀ ਗਤੀਵਿਧਿਆਂ ਦੇ ਦੋਸ਼ ਲਗਾਏ ਹਨ।
ਜੌਹਨ ਰਸਟੈਡ ਨੇ ਸੋਮਵਾਰ ਨੂੰ ਲੀਡਰਸ਼ਿਪ ਸਮੀਖਿਆ ਦੌਰਾਨ ਪਾਰਟੀ ਮੈਂਬਰਾਂ ਦੀ 70.66 ਵੋਟਾਂ ਪ੍ਰਾਪਤ ਕੀਤੀਆਂ। ਰਸਟੈਡ ਨੇ ਆਪਣੀ ਲੀਡਰਸ਼ਿਪ ਵਿਰੁੱਧ ਸਾਜਿਸ਼ ਰਚਣ ਦੇ ਦੋਸ਼ ਤਹਿਤ ਸਟਰਕੋ ਨੂੰ ਪਾਰਟੀ ਕੌਕਸ ਤੋਂ ਬਾਹਰ ਦਾ ਰਸਤਾ ਵਿਖਾਇਆ ਹੈ। ਉਧਰ ਸਟਰਕੋ ਨੇ ਪਾਰਟੀ ਆਗੂ ਦੇ ਇਸ ਫੈਸਲੇ ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਚੋਣ ਨਤੀਜਿਆਂ ਦੀ ਜਾਇਜਤਾ ਦੇ ਮੁੱਦੇ ਨੂੰ ਉਭਾਰ ਰਹੀ ਸੀ ਤੇ ਕਾਕਸ ਮੀਟਿੰਗ ਵਿਚ ਵੀ ਇਹੀ ਕਰਨ ਦਾ ਇਰਾਦਾ ਰੱਖਦੀ ਸੀ। ਉਸਨੇ ਹੋਰ ਕਿਹਾ ਕਿ ਅਸਲੀਅਤ ਇਹ ਹੈ ਕਿ ਮੈਂ ਕੁਝ ਸਾਥੀ ਵਿਧਾਇਕਾਂ ਨਾਲ ਉਸਦੀ ਲੀਡਰਸ਼ਿਪ ਮੁਹਿੰਮ ਨਾਲ ਸਾਡੀਆਂ ਚਿੰਤਾਵਾਂ ਬਾਰੇ ਗੱਲਬਾਤ ਕਰ ਰਹੀ ਸੀ।
ਸਟਰਕੋ ਨੇ 2024 ਵਿੱਚ ਬੀ.ਸੀ. ਯੂਨਾਈਟਿਡ ਕਾਕਸ ਦੇ ਭੰਗ ਹੋਣ ਤੋਂ ਪਹਿਲਾਂ ਬੀਸੀ ਕੰਸਰਵੇਟਿਵ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ। ਇੱਕ ਸਾਬਕਾ ਆਰਸੀਐਮਪੀ ਅਧਿਕਾਰੀ, ਸਟਰਕੋ ਲੰਬੇ ਸਮੇਂ ਤੋਂ ਮਜ਼ਬੂਤ ਕਾਨੂੰਨ ਅਤੇ ਵਿਵਸਥਾ ਨੀਤੀਆਂ ਅਤੇ ਡਰੱਗ ਦੀ ਵਰਤੋਂ ਵਿਰੁੱਧ ਸਖ਼ਤ ਸਟੈਂਡ ਲੈਂਦੀ ਆਈ ਹੈ।
ਉਸਨੇ ਕਿਹਾ ਕਿ ਕਾਕਸ ਦੇ ਹੋਰ ਲੋਕ ਵੀ ਰਸਟੈਡ ਦੀ ਲੀਡਰਸ਼ਿਪ ਤੋਂ ਨਾਖੁਸ਼ ਹਨ। ਪਰ ਹੁਣ ਉਸਨੂੰ ਪਾਰਟੀ ਕਾਕਸ ਚੋਂ ਬਾਹਰ ਕੱਢਣ ਉਪਰੰਤ ਉਸਦਾ ਕਹਿਣਾ ਹੈ ਕਿ ਭਵਿੱਖ ਵਿਚ ਉਸਨੇ ਅਜੇ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋਣ ਦਾ ਫੈਸਲਾ ਨਹੀ ਲਿਆ।
