Screenshot
ਜਲੰਧਰ ( ਅਨੁਪਿੰਦਰ ਸਿੰਘ)- ਕੰਗਨੀ, ਸਕੂਨ, ਧੀਆਂ ਤੇ ਖੁਸ਼ ਰਿਹਾ ਕਰ ਅਨੇਕਾਂ ਹੋਰ ਸਮਾਜਿਕ ਤੇ ਸਭਿਆਚਾਰਕ ਗੀਤਾਂ ਨਾਲ ਆਪਣੀ ਪਛਾਣ ਪਕੇਰੀ ਕਰਨ ਵਾਲਾ ਉਘਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਅੱਜ ਸਵੇਰੇ ਬੱਦੀ ਤੋਂ ਸ਼ਿਮਲਾ ਜਾਂਦੇ ਸਮੇਂ ਇਕ ਮੋਟਰਸਾਈਕਲ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ। ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ। ਉਸ ਦੇ ਸਿਰ ਅਤੇ ਰੀੜ ਦੀ ਹੱਡੀ ਤੇ ਸੱਟਾਂ ਲੱਗੀਆਂ ਹਨ। ਹੋਰ ਸੂਚਨਾ ਮੁਤਾਬਿਕ ਉਸਨੂੰ ਜ਼ਖਮੀ ਹਾਲਤ ਵਿਚ ਦੁਪਹਿਰ ਪੌਣੇ ਦੇ ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ।ਫੋਰਟਿਸ ਵਿਚ ਐਮਰਜੈਂਸੀ ਵਿਚ ਪੁੱਜਣ ’ਤੇ ਨਿਊਰੋਸਰਜਰੀ ਟੀਮਾਂ ਵਲੋਂ ਉਸ ਦਾ ਇਲਾਜ ਕੀਤਾ ਗਿਆ ਤੇ ਉਸ ਨੂੰ ਐਡਵਾਂਸਡ ਲਾਈਫ ਸਪੋਰਟ ’ਤੇ ਰੱਖਿਆ ਗਿਆ ਹੈ। ਪੁਲੀਸ ਅਧਿਕਾਰੀ ਤੋਂ ਗਾਇਕ ਅਦਾਕਾਰ ਬਣੇ ਜਵੰਧਾ ਇਸ ਸਮੇਂ ਵੈਂਟੀਲੇਟਰ ਸਪੋਰਟ ’ਤੇ ਹੈ ਅਤੇ ਡਾਕਟਰਾਂ ਦੀ ਟੀਮ ਉਸ ਦੀ ਨਿਗਰਾਨੀ ਰੱਖ ਰਹੀ ਹੈ।
ਜਵੰਧਾ ਨਾਲ ਵਾਪਰੇ ਹਾਦਸੇ ਦੀ ਖਬਰ ਸੁਣਦਿਆਂ ਉਘੇ ਗਾਇਕ ਕਲਾਕਾਰ ਗਿੱਪੀ ਗਰੇਵਾਲ ਤੇ ਕੁਲਵਿੰਦਰ ਬਿੱਲਾ ਸਮੇਤ ਕਈ ਹੋਰ ਕਲਾਕਾਰ ਤੁਰੰਤ ਫੋਰਟਿਸ ਹਸਪਤਾਲ ਪੁੱਜੇ। ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਸੰਗੀਤ ਪ੍ਰੇਮੀਆਂ ਤੇ ਹੋਰਾਂ ਵਲੋਂ ਉਹਨਾਂ ਦੀ ਸਿਹਤ ਸਬੰਧੀ ਫਿਕਰਮੰਦ ਜ਼ਾਹਰ ਕਰਦਿਆਂ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜਵੰਦਾ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।
