Mar 7, 2026

Screenshot

ਓਟਵਾ ( ਦੇ ਪ੍ਰ ਬਿ)- ਕੈਨੇਡਾ ਵਿਚ ਪਿਛਲੇ ਕੁਝ ਸਮੇਂ ਤੋਂ ਭਾਰਤ ਨਾਲ ਸਬੰਧਿਤ ਬਿਸ਼ਨੋਈ ਗੈਂਗਸਟਰ ਗਰੁੱਪ ਵਲੋਂ ਕੀਤੀਆਂ ਜਾ ਰਹੀਆਂ ਜਬਰੀ ਵਸੂਲੀਆਂ ਤੇ ਹਿੰਸਕ ਕਾਰਵਾਈਆਂ ਖਿਲਾਫ ਸਖਤ ਕਾਰਵਾਈ ਲਈ ਉਠੀ ਮੰਗ ਨੂੰ ਲੈਕੇ ਅੱਜ ਕੈਨੇਡਾ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦਾ ਐਲਾਨ ਕੀਤਾ ਹੈ।  ਇਸ ਐਲਾਨ ਨਾਲ ਹੁਣ ਬਿਸ਼ਨੋਈ ਗੈਂਗ ਨਾਲ ਸਬੰਧਿਤ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਦੇ ਨਾਲ ਉਹਨਾਂ ਨਾਲ ਸਬੰਧਿਤ ਜਾਇਦਾਦ ਅਤੇ ਪੈਸੇ ਨੂੰ ਜ਼ਬਤ ਕਰਨ ਦੇ ਪੁਲਿਸ ਕੋਲ ਵਸੀਹ ਅਧਿਕਾਰ ਹੋਣਗੇ।  ਫੈਡਰਲ ਜਨਤਕ ਸੁਰੱਖਿਆ ਮੰਤਰੀ ਨੇ ਅੱਜ ਉਕਤ ਐਲਾਨ ਕਰਿਦਆਂ ਕਿਹਾ ਕਿ ਇਸ ਗੈਂਗ ਨੇ ਕੈਨੇਡੀਅਨ ਪ੍ਰਵਾਸੀ ਭਾਈਚਾਰੇ ਵਿੱਚ ਡਰ ਅਤੇ ਆਤੰਕ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।

ਪਿਛਲੇ ਸਾਲ, ਕੈਨੇਡੀਅਨ ਪੁਲਿਸ ਨੇ ਦੋਸ਼ ਲਗਾਏ ਸਨ  ਕਿ ਭਾਰਤ ਸਰਕਾਰ ਦੇ ਏਜੰਟ ਬਿਸ਼ਨੋਈ ਗੈਂਗ ਦੇ  ਮੈਂਬਰਾਂ ਨੂੰ ਕੈਨੇਡਾ ਵਿਚ ਕਤਲੇਆਮ, ਜਬਰੀ ਵਸੂਲੀ ਅਤੇ ਹਿੰਸਕ ਕਾਰਵਾਈਆਂ ਕਰਨ ਅਤੇ ਖਾਲਿਸਤਾਨ ਪੱਖੀ ਅੰਦੋਲਨ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤ ਰਹੇ ਸਨ। ਭਾਰਤ ਨੇ ਉਸ ਸਮੇਂ ਇਹਨਾਂ  ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਕੈਨੇਡਾ ਨੇ ਉਨ੍ਹਾਂ ਬਾਰੇ ਕੋਈ ਸਬੂਤ ਨਹੀਂ ਦਿੱਤੇ।

ਕੈਨੇਡਾ ਸਰਕਾਰ ਵਲੋਂ ਹੁਣ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਐਲਾਨੇ ਜਾਣ ਨਾਲ ਸਰਕਾਰ ਨੂੰ ਉਹਨਾਂ ਨਾਲ ਸਬੰਧਿਤ ਜਾਇਦਾਦ ਅਤੇ ਪੈਸੇ ਨੂੰ ਜ਼ਬਤ ਕਰਨ ਜਾਂ ਜ਼ਬਤ ਕਰਨ ਦੀ ਸ਼ਕਤੀ ਦੇਣ ਦੇ ਨਾਲ, ਕੈਨੇਡਾ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ  ਨੂੰ ਗੈਂਗ ਦੇ  ਵਿੱਤ, ਯਾਤਰਾ ਅਤੇ ਭਰਤੀ ਵਰਗੇ ਅੱਤਵਾਦੀ ਅਪਰਾਧਾਂ ਖਿਲਾਫ ਸਖਤ ਕਾਰਵਾਈ ਦੇ ਨਾਲ ਮੁਕੱਦਮਾ ਚਲਾਉਣ ਦੀ ਤਾਕਤ ਵੀ ਦਿੰਦਾ ਹੈ। ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਸਾਂਗਰੀ ਨੇ ਕਿਹਾ ਕਿ ਬਿਸ਼ਨੋਈ ਗੈਂਗ ਦੁਆਰਾ ਅੱਤਵਾਦ, ਹਿੰਸਾ ਅਤੇ ਡਰਾਉਣ-ਧਮਕਾਉਣ ਦੀਆਂ ਕਾਰਵਾਈਆਂ ਨਾਲ ਪਰਵਾਸੀ ਭਾਈਚਾਰੇ ਨੂੰ  ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡਾ ਵਲੋਂ ਬਿਸ਼ਨੋਈ ਗੈਂਗ , ਜਿਸਨੂੰ ਭਾਰਤ ਦਾ 32 ਸਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਚਲਾ ਰਿਹਾ ਹੈ, ਨੂੰ  ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਵਜੋਂ ਸੂਚੀਬੱਧ ਕਰਦਿਆਂ ਕਿਹਾ ਹੈ ਗਿਆ ਹੈ ਕਿ  ਇਸ ਗੈਂਗ ਦੀ ਕੈਨੇਡਾ ਵਿੱਚ ਮੌਜੂਦਗੀ ਹੈ ਅਤੇ ਇਹ ਡਾਇਸਪੋਰਾ ਭਾਈਚਾਰਿਆਂ ਵਾਲੇ ਖੇਤਰਾਂ ਵਿੱਚ ਸਰਗਰਮ ਹੈ।

ਜਾਂਚ ਕਰਤਾਵਾਂ ਦਾ  ਦੋਸ਼ ਹੈ ਕਿ ਬਿਸ਼ਨੋਈ 700 ਮੈਂਬਰਾਂ ਵਾਲੇ ਇੱਕ ਗਿਰੋਹ ਨੂੰ ਕੰਟਰੋਲ ਕਰ ਰਿਹਾ ਹੈ ਜੋ ਮਸ਼ਹੂਰ ਹਸਤੀਆਂ ਤੋਂ ਜ਼ਬਰਦਸਤੀ ਵਸੂਲੀ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਨਿਸ਼ਾਨਾ ਬਣਾ ਕੇ ਕਤਲ ਕਰਨ ਵਿੱਚ ਸ਼ਾਮਲ ਹੈ।

ਕੈਨੇਡਾ ਦੁਆਰਾ ਇਹ ਨਾਮਜ਼ਦਗੀ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਿਰੋਧੀ ਪਾਰਟੀਆਂ ਅਤੇ ਸੂਬਾਈ ਪ੍ਰੀਮੀਅਰਾਂ ਦੇ ਦਬਾਅ ਤੋਂ ਬਾਅਦ ਆਈ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਇਹ ਸਰਕਾਰ ਨੂੰ ਵੱਖ-ਵੱਖ ਪਾਬੰਦੀਆਂ ਨਾਲ ਇਸ ਗਿਰੋਹ ਖਿਲਾਫ ਸਖਤ ਕਾਰਵਾਈ ਦੇ ਸਮਰੱਥ ਬਣਾਏਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤ ਦੇ  ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਕੈਨੇਡੀਅਨ ਹਮਰੁਤਬਾ ਨੈਥਲੀ ਡਰੂਇਨ ਵਿਚਾਲੇ ਨਵੀਂ ਦਿੱਲੀ ’ਚ ਹੋਈ  ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਅਤਿਵਾਦ ਅਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਸਮੇਤ ਦੁਵੱਲੇ ਸਬੰਧਾਂ ਵਿੱਚ ਸਹਿਯੋਗ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਜਤਾਈ ਸੀ।

ਦੋਵੇਂ ਮੁਲਕ 2023 ਵਿੱਚ ਸਰੀ ਵਿੱਚ ਇੱਕ ਸਿੱਖ ਵੱਖਵਾਦੀ ਨੇਤਾ, ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਾਰਨ ਤਣਾਅਪੂਰਨ ਸਬੰਧਾਂ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਨ। ਉਸ ਸਮੇਂ  ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਏਜੰਟਾਂ ਤੇ ਨਿੱਝਰ ਦੇ ਕਤਲ  ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਸਨ। ਸਿੱਖ ਆਗੂ ਨਿੱਝਰ ਨੂੰ ਗੁਰਦੁਆਰੇ ਦੀ ਪਾਰਕਿੰਗ ਲਾਟ ਵਿਚ  ਦੋ ਬੰਦੂਕਧਾਰੀਆਂ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ। ਇਸ ਸਮੇਂ ਚਾਰ ਭਾਰਤੀ ਮੂਲ ਦੇ ਮੁਲਜ਼ਮ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਪਿਛਲੇ ਹਫ਼ਤੇ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਓਟਾਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਨੇ ਚੱਲ ਰਹੀਆਂ ਜਾਂਚਾਂ ਵਿੱਚ ਕੈਨੇਡੀਅਨ ਅਧਿਕਾਰੀਆਂ ਨਾਲ ਸਹਿਯੋਗ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ।
ਕੈਨੇਡਾ ਦੀ ਸੁਰੱਖਿਆ ਸਲਾਹਕਾਰ, ਨਥਾਲੀ ਡ੍ਰੌਇਨ, ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਭਾਰਤੀ ਅਧਿਕਾਰੀਆਂ ਨਾਲ ਇੱਕ ਲਾਭਕਾਰੀ ਮੀਟਿੰਗ ਕੀਤੀ ਹੈ, ਜਿੱਥੇ ਉਨ੍ਹਾਂ ਨੇ ਸਬੰਧਤ ਸੁਰੱਖਿਆ ਚਿੰਤਾਵਾਂ ‘ਤੇ ਚਰਚਾ ਕੀਤੀ ਅਤੇ ਅੰਤਰਰਾਸ਼ਟਰੀ ਦਮਨ ਤੋਂ ਪਰਹੇਜ਼ ਕਰਨ ਸਮੇਤ, ਦਖਲਅੰਦਾਜ਼ੀ ਨਾ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ।