ਸਰੀ (ਮਹੇਸ਼ਇੰਦਰ ਮਾਂਗਟ) – ਪ੍ਰਸਿੱਧ ਗਾਇਕ ਰਾਜਵੀਰ ਜਵੰਦਾ, ਜੋ ਆਪਣੇ ਸੁਰੀਲੇ ਸੁਰਾਂ ਤੇ ਮਿੱਠੇ ਅੰਦਾਜ਼ ਨਾਲ ਪੰਜਾਬੀ ਸੰਗੀਤ ਨੂੰ ਇੱਕ ਵੱਖਰਾ ਮਕਾਮ ਦੇ ਚੁੱਕੇ ਹਨ, ਬੱਦੀ (ਹਿਮਾਚਲ) ਨੇੜੇ ਮੋਟਰਸਾਈਕਲ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਣ ਕਾਰਨ ਇਸ ਵੇਲੇ ਫੋਰਟਿਸ ਹਸਪਤਾਲ ਵਿੱਚ ਇਲਾਜਧੀਨ ਹਨ। ਇਸ ਅਚਾਨਕ ਘਟਨਾ ਨਾਲ ਸੰਗੀਤ ਪ੍ਰੇਮੀ ਵਰਗ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਚਾਹੁਣ ਵਾਲੇ ਬਹੁਤ ਚਿੰਤਤ ਹਨ। ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੀ ਜਲਦੀ ਤੰਦਰੁਸਤੀ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।
ਅੱਜ ਐਬਸਫੋਰਡ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਸਿੱਖ ਰਾਈਡਰ ਮੋਟਰਸਾਈਕਲ ਕਲੱਬ ਕੈਨੇਡਾ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਅਰਦਾਸ ਕਰਕੇ ਵਾਹਿਗੁਰੂ ਅੱਗੇ ਬੇਨਤੀ ਕੀਤੀ ਗਈ ਕਿ ਰਾਜਵੀਰ ਜਵੰਦਾ ਜਲਦੀ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਨਾਲ਼ ਮਿਲਣ ਤੇ ਪਹਿਲਾਂ ਵਾਂਗ ਹੀ ਆਪਣੀ ਗਾਇਕੀ ਰਾਹੀਂ ਸੰਗੀਤ ਪ੍ਰੇਮੀਆਂ ਨੂੰ ਖੁਸ਼ੀਆਂ ਬਖ਼ਸ਼ਣ।
ਅਰਦਾਸ ਉਪਰੰਤ ਮੈਂਬਰਾਂ ਨੇ ਆਪਣੇ ਭਾਵ ਪ੍ਰਗਟ ਕਰਦੇ ਕਿਹਾ:
• ਹਰਵਿੰਦਰ ਸਿੰਘ ਤੂਰ ਨੇ ਕਿਹਾ, “ਰਾਜਵੀਰ ਜਵੰਦਾ ਸਿਰਫ਼ ਇਕ ਗਾਇਕ ਨਹੀਂ, ਸਗੋਂ ਪੰਜਾਬੀ ਸੰਗੀਤ ਦੀ ਰੂਹ ਹਨ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਉਹਨਾਂ ਨੂੰ ਜਲਦੀ ਸਿਹਤਮੰਦ ਕਰਨਗੇ।”
• ਦਲਜੀਤ ਸਿੰਘ ਸੰਧੂ ਨੇ ਕਿਹਾ, “ਜਿਵੇਂ ਉਹ ਆਪਣੀ ਗਾਇਕੀ ਨਾਲ ਲੋਕਾਂ ਨੂੰ ਜੋੜਦੇ ਹਨ, ਉਸੇ ਤਰ੍ਹਾਂ ਅਸੀਂ ਅੱਜ ਉਹਨਾਂ ਦੀ ਤੰਦਰੁਸਤੀ ਲਈ ਸਾਰੇ ਮਿਲਕੇ ਅਰਦਾਸ ਕੀਤੀ ਹੈ।”
• ਰਾਜ ਖੇਲਾ ਨੇ ਕਿਹਾ, “ਸਾਡੇ ਲਈ ਇਹ ਬਹੁਤ ਦੁੱਖਦਾਈ ਸਮਾਂ ਹੈ, ਪਰ ਸਾਡੀਆਂ ਦੁਆਵਾਂ ਤੇ ਵਾਹਿਗੁਰੂ ਦੀ ਮੇਹਰ ਜਰੂਰ ਰੰਗ ਲਿਆਂਦੀ।”
ਇਸ ਅਰਦਾਸ ਸਮਾਗਮ ਵਿੱਚ ਪਰਮਿੰਦਰ ਸਿੰਘ ਤੱਤਲਾ, ਚਮਕੌਰ ਸਿੰਘ ਗਿੱਲ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।


