Mar 7, 2026

ਵਿਕਟੋਰੀਆ – ‘ਨੈਸ਼ਨਲ ਡੇਅ ਫੌਰ ਟਰੂਥ ਐਂਡ ਰਿਕੰਸਲੀਏਸ਼ਨ’ ਅਤੇ ‘ਔਰੇਂਜ ਸ਼ਰਟ ਡੇਅ’ ਦੇ ਮੌਕੇ ‘ਤੇ ਪ੍ਰੀਮੀਅਰ ਡੇਵਿਡ ਈਬੀ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ

“ਅੱਜ, ਅਸੀਂ ਉਨ੍ਹਾਂ ਬੱਚਿਆਂ ਨੂੰ ਯਾਦ ਕਰ ਰਹੇ ਹਾਂ ਜੋ ਰੈਜ਼ੀਡੈਂਸ਼ੀਅਲ ਸਕੂਲਾਂ  ਤੋਂ ਕਦੇ ਆਪਣੇ ਘਰ ਨਹੀਂ ਪਰਤੇ। ਅਸੀਂ ਉਨ੍ਹਾਂ ਲੋਕਾਂ ਦੇ ਨਾਲ ਖੜ੍ਹੇ ਹਾਂ ਜੋ ਇਨ੍ਹਾਂ ਕਠੋਰ ਸੰਸਥਾਵਾਂ ਤੋਂ ਬਚਕੇ ਨਿਕਲੇ ਹਨ, ਅਤੇ ਉਨ੍ਹਾਂ ਦੇ ਨਾਲ ਵੀ ਜੋ ਇਨ੍ਹਾਂ ਥਾਂਵਾਂ ਦੀਆਂ ਚਾਰਦਿਵਾਰੀਆਂ ਵਿੱਚ ਸ਼ੁਰੂ ਹੋਏ ਪੀੜ੍ਹੀ-ਦਰ-ਪੀੜ੍ਹੀ ਸਦਮਿਆਂ ਨੂੰ ਸਹਿੰਦੇ ਆ ਰਹੇ ਹਨ। ਅਸੀਂ ਬਚ ਕੇ ਨਿਕਲੇ ਲੋਕਾਂ ਦੀਆਂ ਕਹਾਣੀਆਂ ਸੁਣ ਰਹੇ ਹਾਂ, ਉਨ੍ਹਾਂ ਦੀ ਹਿੰਮਤ ਅਤੇ ਤਾਕਤ ਨੂੰ ਮਾਨਤਾ ਦਿੰਦੇ ਹਾਂ, ਅਤੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਦੇ ਹੋਏ, ਇਕੱਠੇ ਮਿਲਕੇ ਸੱਚ ਅਤੇ ਮੇਲ-ਮਿਲਾਪ ਦੇ ਮਾਰਗ ‘ਤੇ ਮੁੜ ਆਪਣੇ ਆਪ ਨੂੰ ਵਚਨਬੱਧ ਕਰਦੇ ਹਾਂ।

“ਰੈਜ਼ੀਡੈਂਸ਼ੀਅਲ ਸਕੂਲਾਂ ਦੇ ਭਿਆਨਕ ਸੱਚ ਸਪੱਸ਼ਟ ਤੌਰ ‘ਤੇ ਦਰਜ ਹਨ। ਸਾਲ 1867 ਤੋਂ 1996 ਤੱਕ, ਕੈਨੇਡੀਅਨ ਸਰਕਾਰ ਨੇ 150,000 ਤੋਂ ਵੱਧ ਫਰਸਟ ਨੇਸ਼ਨਜ਼, ਮੇਟੀ (Métis) ਅਤੇ ਇਨਯੂਟ (Inuit) ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਘਰਾਂ ਤੋਂ ਦੂਰ ਕਰ ਦਿੱਤਾ। ਉਨ੍ਹਾਂ ਨੂੰ ਆਪਣੇ ਪਰਿਵਾਰਾਂ, ਭਾਈਚਾਰਿਆਂ ਅਤੇ ਸਭਿਆਚਾਰਾਂ ਤੋਂ ਵੱਖ ਕਰ ਦਿੱਤਾ ਗਿਆ। ਬਹੁਤ ਸਾਰੇ ਬੱਚਿਆਂ ਨੇ ਸਾਲਾਂ ਤੱਕ ਉਨ੍ਹਾਂ ਲੋਕਾਂ ਵੱਲੋਂ ਸਰੀਰਕ, ਜਿਨਸੀ ਅਤੇ ਭਾਵਨਾਤਮਕ ਸ਼ੋਸ਼ਣ ਨੂੰ ਸਹਿਣ ਕੀਤਾ, ਜਿਨ੍ਹਾਂ ਦਾ ਕੰਮ ਉਨ੍ਹਾਂ ਦੀ ਦੇਖਭਾਲ ਕਰਨਾ ਸੀ।

“ਬਚਕੇ ਨਿਕਲੇ ਲੋਕਾਂ, ਉਨ੍ਹਾਂ ਦੇ ਪਰਿਵਾਰਾਂ, ਉਨ੍ਹਾਂ ਦੇ ਭਾਈਚਾਰਿਆਂ ਅਤੇ ਸਾਰੇ ਕੈਨੇਡੀਅਨ ਲੋਕਾਂ ਦੇ ਮਨ ਵਿੱਚ ਇਨ੍ਹਾਂ ਸੰਸਥਾਵਾਂ ਲਈ ਬਹੁਤ ਸਾਰੇ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ। ਬੀ.ਸੀ. ਵਿੱਚ ਫਰਸਟ ਨੇਸ਼ਨਜ਼ ਉਨ੍ਹਾਂ ਲਾਪਤਾ ਬੱਚਿਆਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਦੀਆਂ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਅਤੇ ਇੰਡੀਅਨ ਹਸਪਤਾਲਾਂ ਵਿੱਚ ਜਾਨਾਂ ਚਲੀਆਂ ਗਈਆਂ। ਸਾਡੀ ਸਰਕਾਰ ਇਸ ਮਹੱਤਵਪੂਰਨ ਅਤੇ ਦਿਲ ਦਹਿਲਾਉਣ ਵਾਲੇ ਕੰਮ ਵਿੱਚ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਇਹ ਸੱਚਾਈ, ਜ਼ਖਮਾਂ ਦੇ ਭਰਨ ਅਤੇ ਨਿਆਂ ਦੇ ਰਾਹ ਵੱਲ ਇੱਕ ਮਹੱਤਵਪੂਰਨ ਕਦਮ ਹੈ।

“ਫਿਰ ਵੀ, ਜਦੋਂ ਮੂਲਨਿਵਾਸੀ ਲੋਕ, ਸਰਕਾਰਾਂ ਅਤੇ ਹਿਮਾਇਤੀ, ਸੱਚਾਈ ਅਤੇ ਸੁਲ੍ਹਾ ਨੂੰ ਅੱਗੇ ਵਧਾ ਰਹੇ ਹਨ, ਕੁਝ ਲੋਕਾਂ ਦੀ ਵੱਧਦੀ ਗਿਣਤੀ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਬੁਨਿਆਦੀ ਤੱਥਾਂ ਤੋਂ ਇਨਕਾਰ ਕਰਕੇ, ਉਨ੍ਹਾਂ ਨੂੰ ਘਟਾ ਕੇ ਜਾਂ ਗਲਤ ਰੂਪ ਵਿੱਚ ਪੇਸ਼ ਕਰਕੇ, ਇਨ੍ਹਾਂ ਯਤਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

“ਸਾਡੀ ਸਰਕਾਰ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਇਨਕਾਰ ਦੀ ਨਿੰਦਾ ਕਰਦੀ ਹੈ ਅਤੇ ਮੰਨਦੀ ਹੈ ਕਿ ਇਸ ਨਾਲ ਨਾ ਸਿਰਫ਼ ਬਚ ਕੇ ਨਿਕਲੇ ਲੋਕਾਂ, ਪਰਿਵਾਰਾਂ ਅਤੇ ਭਾਈਚਾਰਿਆਂ ਨੂੰ, ਸਗੋਂ ਸਾਨੂੰ ਸਭ ਨੂੰ ਨੁਕਸਾਨ ਪਹੁੰਚਦਾ ਹੈ। ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਗਲਤ ਜਾਣਕਾਰੀ ਦਾ ਫੈਲਣਾ ਸਾਡੇ ਵਿਚਕਾਰ ਵੰਡ ਨੂੰ ਵਧਾਉਂਦਾ ਹੈ ਅਤੇ ਸਾਬਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਅਸਲ ਤਜਰਬਿਆਂ ਨੂੰ ਝੁਠਲਾਉਣ ਦੀ ਕੋਸ਼ਿਸ਼ ਕਰਦਾ ਹੈ। ਬਿਹਤਰ ਭਵਿੱਖ ਸਿਰਫ਼ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਆਪਣੇ ਅਤੀਤ ਨੂੰ ਸਵੀਕਾਰ ਕਰਕੇ ਉਸ ਤੋਂ ਸਿੱਖੀਏ।

“ਸਾਡੀ ਸਰਕਾਰ ਹਰ ਕਿਸਮ ਦੇ ਮੂਲਨਿਵਾਸੀ-ਵਿਰੋਧੀ ਨਸਲਵਾਦ ਨੂੰ ਖਤਮ ਕਰਨ ਅਤੇ ਸੱਚਾਈ ਅਤੇ ਮੇਲ-ਮਿਲਾਪ ਲਈ ਲਗਾਤਾਰ ਕੰਮ ਕਰਨ ਲਈ ਵਚਨਬੱਧ ਹੈ। ਇਸ ਵਿੱਚ ਬੀ.ਸੀ. ਦੇ ‘ਡੈਕਲਾਰੇਸ਼ਨ ਔਨ ਦ ਰਾਈਟਸ ਔਫ ਇੰਡੀਜਨਸ ਪੀਪਲਜ਼ ਐਕਟ’ ਅਤੇ ‘ਟਰੂਥ ਐਂਡ ਰਿਕੰਸਲੀਏਸ਼ਨ ਕਮਿਸ਼ਨ ਦੇ ਕਾਲ ਟੂ ਐਕਸ਼ਨ’ ਨੂੰ ਲਾਗੂ ਕਰਨਾ ਜਾਰੀ ਰੱਖਣਾ, ਬਚ ਕੇ ਨਿਕਲੇ ਲੋਕਾਂ ਦੀਆਂ ਆਵਾਜ਼ਾਂ ਅਤੇ ਉਨ੍ਹਾਂ ਦੀ ਹਿਮਾਇਤ ਨੂੰ ਵਧਾਉਣਾ ਅਤੇ ਮਾਨਤਾ ਦੇਣਾ, ਇਹ ਯਕੀਨੀ ਬਣਾਉਣਾ ਕਿ ਸਾਰੇ K-12 ਵਿਦਿਆਰਥੀ ਗ੍ਰੈਜੂਏਟ ਹੋਣ ਤੋਂ ਪਹਿਲਾਂ ਇੰਡੀਜਨਸ-ਕੇਂਦਰਿਤ ਪਾਠਕ੍ਰਮ ਦਾ ਕੰਮ ਪੂਰਾ ਕਰਨ, ਅਤੇ ਸਾਡੀਆਂ ਜਨਤਕ ਨੀਤੀਆਂ, ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਮੂਲਨਿਵਾਸੀ-ਵਿਸ਼ੇਸ਼ ਨਸਲਵਾਦ ਨੂੰ ਸੰਬੋਧਿਤ ਕਰਨਾ ਸ਼ਾਮਲ ਹੈ। ਅਜੇ ਹੋਰ ਕੰਮ ਕਰਨਾ ਬਾਕੀ ਹੈ, ਅਤੇ ਅਸੀਂ ਮੂਲਨਿਵਾਸੀ ਲੋਕਾਂ ਨਾਲ ਸੱਚੀ ਭਾਈਵਾਲੀ ਵਿੱਚ ਇਹ ਕੰਮ ਕਰਨ ਲਈ ਵਚਨਬੱਧ ਹਾਂ।