ਅੰਮ੍ਰਿਤਸਰ:- -ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਨਤਮਸਤਕ ਹੋਏ ਇਸ ਉਪਰੰਤ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਨਿਹੰਗ ਸਿੰਘਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਮੁਲਾਕਾਤ ਕੀਤੀ। ਡੇਰਾ ਮੁਖੀ ਦਾ ਹੈਲੀਕਾਪਟਰ ਘਣਪੁਰ ਕਾਲੇ ਉਤਰਿਆ ਉਪਰੰਤ 11 ਵਜੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਜੀ ਵਿਖੇ ਪਹੁੰਚੇ ਜਿਕਰਯੋਗ ਡੇਰਾ ਮੁਖੀ ਜੀ ਦੇ ਇਸ ਦੌਰੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਅਤੇ ਡੇਰਾ ਮੁਖੀ ਵੱਲੋਂ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਮੁਲਾਕਾਤ ਕਰਨੀ ਇੱਕ ਪਿਆਰ ਤੇ ਨਿੱਘੇ ਰਿਸ਼ਤੇ ਨੂੰ ਦਰਸਾਉਂਦਾ ਹੈ। ਡੇਰਾ ਮੁਖੀ ਨੇ ਕਿਹਾ ਮੈਂ ਬੁੱਢਾ ਦਲ ਦੇ ਮਾਝੇ ਦੇ ਹੈਡਕੁਆਟਰ ਵਿਖੇ ਸਤਿਕਾਰ ਵੱਜੋਂ ਦਰਸ਼ਨ ਕਰਨ ਆਇਆ ਹਾਂ। ਮੈਂ ਖਾਲਸਾ ਪੰਥ ਬੁੱਢਾ ਦਲ ਦਾ ਸਤਿਕਾਰ ਕਰਦਾ ਹਾਂ ਤੇ ਗੁਰੂ ਸਾਹਿਬ ਦੀ ਦਿਤੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਕਰਦਾ ਹਾਂ। ਬੁੱਢਾ ਦਲ ਮੁੱਢ ਤੋਂ ਹੀ ਸੰਤਾਂ ਮਹਾਂਪੁਰਸ਼ਾਂ ਦੀ ਆਓ ਭੁਗਤ ਤੇ ਮਾਨ ਸਨਮਾਨ ਕਰਦਾ ਆਇਆ ਹੈ। ਇਸ ਮੌਕੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋ ਨੂੰ ਸਿਰੋਪਾਓ, ਸ੍ਰੀ ਸਾਹਿਬ ਤੇ ਬੁੱਢਾ ਦਲ ਦੀਆਂ ਇਤਿਹਾਸਕ ਪੁਸਤਕਾਂ ਬਖਸ਼ਿਸ਼ ਕਰਕੇ ਮਾਨ ਸਨਮਾਨ ਕੀਤਾ ਗਿਆ। ਇਸ ਮੌਕੇ ਬੁੱਢਾ ਦਲ ਦੇ ਕਥਾਵਾਚਕ ਭਾਈ ਸੁਖਜੀਤ ਸਿੰਘ ਜੀ ਘਨੱਈਆ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਗੁਰਸ਼ੇਰ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁੱਖਾ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਗੁਰਮੁਖ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਭਗਤ ਸਿੰਘ, ਬਾਬਾ ਗਗਨ ਸਿੰਘ, ਸ. ਪਰਮਜੀਤ ਸਿੰਘ ਆਦਿ ਹਾਜ਼ਰ ਸਨ।
