ਨਵੀਂ ਦਿੱਲੀ ( ਦਿਓਲ)-ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇਡੀਏ) ਨੇ ਐਪੈਕਸ ਬਾਡੀ ਲੇਹ (ABL) ਦੇ ਸਟੈਂਡ ਨੂੰ ਦੁਹਰਾਉਂਦਿਆਂ ਮੰਗਲਵਾਰ ਨੂੰ ਕਿਹਾ ਕਿ ਉਹ ਕੇਂਦਰ ਨਾਲ ਗੱਲਬਾਤ ਵਿੱਚ ਉਦੋਂ ਤੱਕ ਸ਼ਾਮਲ ਨਹੀਂ ਹੋਵੇਗਾ ਜਦੋਂ ਤੱਕ ਲੇਹ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਹੋਰਾਂ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਗੋਲੀਬਾਰੀ ਦੀ ਨਿਆਂਇਕ ਜਾਂਚ ਦੇ ਹੁਕਮ ਨਹੀਂ ਦਿੱਤੇ ਜਾਂਦੇ।
ਕੇਡੀਏ ਦੇ ਸਹਿ-ਚੇਅਰਮੈਨ ਅਸਗਰ ਅਲੀ ਕਰਬਾਲਈ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 24 ਸਤੰਬਰ ਨੂੰ ਲੇਹ ਵਿੱਚ ਬੰਦ ਦੌਰਾਨ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਨਿਆਂਇਕ ਜਾਂਚ ਵੀ ਮੰਗੀ। ਕੇਡੀਏ ਕਾਰਗਿਲ ਨਾਲ ਸਬੰਧਤ ਆਗੂਆਂ ਦੀ ਸੰਸਥਾ ਹੈ, ਜੋ ਲੱਦਾਖ ਨੂੰ ਵੱਖਰੇ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਐਪੈਕਸ ਬਾਡੀ ਲੇਹ (ABL) ਨਾਲ ਮਿਲ ਕੇ ਕੇਂਦਰ ਨਾਲ ਗੱਲਬਾਤ ਕਰ ਰਹੀ ਹੈ। ਕਰਬਾਲਈ ਨੇ ਕਿਹਾ, ‘‘ਅਸੀਂ ਐਪੈਕਸ ਬਾਡੀ ਲੇਹ ਦੇ ਲਗਾਤਾਰ ਸੰਪਰਕ ਵਿੱਚ ਹਾਂ… ਅਸੀਂ ਕੇਂਦਰ ਨਾਲ ਗੱਲਬਾਤ ਵਿੱਚ ਉਦੋਂ ਤੱਕ ਸ਼ਾਮਲ ਨਹੀਂ ਹੋਵਾਂਗੇ ਜਦੋਂ ਤੱਕ ਸੋਨਮ ਵਾਂਗਚੁਕ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਗ੍ਰਿਫ਼ਤਾਰੀਆਂ ਨੂੰ ਰੋਕਿਆ ਨਹੀਂ ਜਾਂਦਾ, ਗ੍ਰਿਫ਼ਤਾਰ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਅਤੇ ਨਿਆਂਇਕ ਜਾਂਚ ਦਾ ਹੁਕਮ ਨਹੀਂ ਦਿੱਤਾ ਜਾਂਦਾ।’’ ਉਨ੍ਹਾਂ ਕਿਹਾ, ‘‘ਕੇਡੀਏ ਯੂਟੀ ਪ੍ਰਸ਼ਾਸਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਾ ਹੈ, ਅਤੇ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਨਮ ਵਾਂਗਚੁਕ, ਜੋ ਕਿ ਦੇਸ਼ ਦਾ ਨਾਇਕ ਹੈ, ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।’’ ਆਗੂ ਨੇ ਕੁਝ ਲੋਕਾਂ ਵੱਲੋਂ ਲੱਦਾਖੀਆਂ ਨੂੰ ‘ਦੇਸ਼ ਵਿਰੋਧੀ’ ਕਹਿਣ ਦੀ ਵੀ ਨਿਖੇਧੀ ਕੀਤੀ।
