Mar 7, 2026

ਜਿੱਤ ਉਪਰੰਤ ਸਟੇਡੀਅਮ ਵਿਚ ਡਰਾਮਾ-ਪਾਕਿਸਤਾਨੀ ਮੰਤਰੀ ਤੋਂ ਟਰਾਫੀ ਲੈਣ ਤੋਂ ਕੀਤਾ ਇਨਕਾਰ-

ਦੁਬਈ-ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ 9ਵੀਂ ਵਾਰ ਜਿੱਤਣ ਦਾ ਮਾਣ ਹਾਸਲ ਕੀਤਾ । ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 19.1 ਓਵਰਾਂ ਵਿਚ 146 ਦੌੜਾਂ ਬਣਾ ਕੇ ਆਊਟ ਹੋ ਗਈ ਜਿਸ ਦੇ ਜਵਾਬ ਵਿਚ ਭਾਰਤ ਨੇ 19.4 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਵਲੋਂ ਤਿਲਕ ਵਰਮਾ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 53 ਗੇਂਦਾਂ ਵਿਚ ਨਾਬਾਦ 69 ਦੌੜਾਂ ਬਣਾਈਆਂ ਜਦਕਿ ਸੰਜੂ ਸੈਮਸਨ ਨੇ ਔਖੇ ਵੇਲੇ 21 ਗੇਂਦਾਂ ਵਿਚ 24 ਦੌੜਾਂ ਤੇ ਸ਼ਿਵਮ ਦੂਬੇ ਨੇ 22 ਗੇਂਦਾਂ ਵਿਚ 33 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਨੂੰ ਜਿੱਤ ਲਈ 147 ਦੌੜਾਂ ਦਾ ਟੀਚਾ ਦਿੱਤਾ ਸੀ। ਪਾਕਿਸਤਾਨ ਦੀ ਸਾਰੀ ਟੀਮ 19.1 ਓਵਰਾਂ ਵਿਚ 146 ਦੌੜਾਂ ਬਣਾ ਕੇ ਆਊਟ ਹੋ ਗਈ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਸਾਹਿਬਜ਼ਾਦਾ ਫਰਹਾਨ ਤੇ ਫਖਰ ਜ਼ਮਾਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਈਮ ਅਯੂਬ ਨੇ 14 ਦੌੜਾਂ ਬਣਾਈਆਂ ਪਰ ਬਾਅਦ ਦਾ ਕੋਈ ਵੀ ਖਿਡਾਰੀ ਦੋ ਅੰਕਾਂ ’ਤੇ ਨਾ ਪੁੱਜ ਸਕਿਆ ਤੇ ਪਾਕਿਸਤਾਨ ਦੀ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰ ਗਈ। ਭਾਰਤੀ ਸਪਿੰਨਰ ਕੁਲਦੀਪ ਯਾਦਵ ਨੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ ਤੇ ਵਰੁਣ ਚੱਕਰਵਰਤੀ ਨੇ ਦੋ-ਦੋ ਖਿਡਾਰੀਆਂ ਨੂੰ ਆਊਟ ਕੀਤਾ।
–ਭਾਰਤੀ ਟੀਮ ਵਲੋਂ ਟਰਾਫੀ ਲੈਣ ਤੋਂ ਇਨਕਾਰ- ਮੈਚ ਜਿੱਤਣ ਉਪਰੰਤ ਭਾਰਤੀ ਟੀਮ ਨੇ ਏਸ਼ਿਆਈ ਕ੍ਰਿਕਟ ਕੌਂਸਲ (ਏ ਸੀ ਸੀ) ਦੇ ਚੇਅਰਮੈਨ ਮੋਹਸਿਨ ਨਕਵੀ, ਜੋ ਪਾਕਿਸਤਾਨ ਦੇ ਗ੍ਰਹਿ ਮੰਤਰੀ ਵੀ ਹਨ,  ਕੋਲੋਂ ਟਰਾਫ਼ੀ ਲੈਣ ਤੋਂ ਇਨਕਾਰ ਕਰ ਦਿੱਤਾ।  ਮੈਚ ਮਗਰੋਂ ਪੁਰਸਕਾਰ ਵੰਡ ਸਮਾਗਮ ਦੌਰਾਨ ਪਾਕਿਸਤਾਨੀ ਖਿਡਾਰੀਆਂ ਨੂੰ ਇਨਾਮ ਦਿੱਤੇ ਜਾਣ ਮਗਰੋਂ ਨਕਵੀ ਜਿਵੇਂ ਹੀ ਪੋਡੀਅਮ ਤੋਂ ਹੇਠਾਂ ਉੱਤਰੇ ਤਾਂ ਏ ਸੀ ਸੀ ਈਵੈਂਟ ਸਟਾਫ ਟਰਾਫੀ ਨਾਲ ਲੈ ਕੇ ਚਲਾ ਗਿਆ।ਭਾਰਤ ਵੱਲੋਂ ਐਤਵਾਰ ਰਾਤੀਂ ਖੇਡੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਉਣ ਮਗਰੋਂ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਕਰੀਬ ਡੇਢ ਘੰਟੇ ਤੱਕ ਡਰਾਮਾ ਚੱਲਦਾ ਰਿਹਾ। ਮੈਚ ਜਿੱਤਣ ਮਗਰੋਂ ਭਾਰਤੀ ਖਿਡਾਰੀ ਜਲਦੀ ਹੀ ਮੈਦਾਨ ’ਤੇ ਉਤਰ ਆਏ। ਪਰ ਇਸ ਦੌਰਾਨ ਭਾਰਤੀ ਟੀਮ ਨੇ ਸੂਚਿਤ ਕੀਤਾ ਸੀ ਕਿ ਟੀਮ ਨਕਵੀ ਤੋਂ ਟਰਾਫ਼ੀ ਨਹੀਂ ਲਏਗੀ, ਕਿਉਂਕਿ ਨਕਵੀ ਦਾ ਭਾਰਤ ਵਿਰੋਧੀ ਰੁਖ਼ ਕਿਸੇ ਤੋਂ ਲੁਕਿਆ ਨਹੀਂ ਹੈ।

ਭਾਰਤੀ ਕ੍ਰਿਕਟ ਬੋਰਡ ਵਲੋਂ 21 ਕਰੋੜ ਦਾ ਇਨਾਮ-ਭਾਰਤੀ ਕ੍ਰਿਕਟ ਬੋਰਡ (BCCI) ਨੇ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਤੇ ਸਹਿਯੋਗੀ ਸਟਾਫ਼ ਨੂੰ 21 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੁਬਈ ਵਿੱਚ ਏਸ਼ੀਆ ਕੱਪ ਦੇ ਖਿਤਾਬੀ ਮੁਕਾਬਲੇ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਤੋਂ ਬਾਅਦ ਬੋਰਡ ਨੇ ਆਪਣੇ ਵੱਖ-ਵੱਖ ਸੋਸ਼ਲ ਮੀਡੀਆ ਪੇਜਾਂ ’ਤੇ ਇਹ ਐਲਾਨ ਕੀਤਾ।