Mar 7, 2026

ਮੰਤਵ ਮੈਗਜ਼ੀਨ ਦਾ ਦੂਸਰਾ ਅੰਕ ਕੀਤਾ ਗਿਆ ਲੋਕ ਅਰਪਣ—
ਬੈਡਫੋਰਡ (ਇੰਗਲੈਂਡ) -ਬੀਤੇ ਦਿਨ ਬੈਡਫੋਰਡ ਵਿਖੇ ਪੰਜਾਬੀ ਸਾਹਿਤ ਅਤੇ ਕਲਾ ਸੋਸਾਇਟੀ ਬੈਡਫੋਰਡ ਵੱਲੋਂ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਗੁਰੂ ਰਵੀਦਾਸ ਭਵਨ ਵਿਖੇ ਕੀਤੇ ਗਏ ਸਮਾਗਮ ਵਿੱਚ ਕਵੀ, ਲੇਖਕ ਤੇ ਸੰਪਾਦਕ ਵਿਸ਼ਾਲ ਨਾਲ ਰੂਬਰੂ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਇੰਗਲੈਂਡ ਦੇ ਵੱਖ ਵੱਖ ਸਾਹਿਤਕਾਰਾਂ ਤੇ ਬੁੱਧੀਜੀਵੀ ਵਰਗ ਨੇ ਭਾਗ ਲਿਆ। ਇਸ ਸਮਾਗਮ ਦਾ ਸੰਚਾਲਨ ਕਰਦਿਆਂ ਰੂਪ ਦਵਿੰਦਰ ਕੌਰ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਕਹਾਣੀਕਾਰ ਬਲਵੰਤ ਗਿੱਲ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਯੂਰਪੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਵੱਲੋਂ ਮੰਤਵ ਦੇ ਸੰਪਾਦਕ ਵਿਸ਼ਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਜਾਣ ਪਹਿਚਾਣ ਕਰਵਾਈ ਗਈ। ਇਸਦੇ ਬਾਅਦ ਵਿਸ਼ਾਲ ਨਾਲ ਰੂਬਰੂ ਕੀਤਾ ਗਿਆ ਜਿਸ ਵਿੱਚ ਜਿੱਥੇ ਵਿਸ਼ਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ ਉੱਥੇ ਹਾਜ਼ਰ ਸਰੋਤਿਆਂ ਨਾਲ ਸਵਾਲ ਜਵਾਬ ਦਾ ਸਿਲਸਲਾ ਬਹੁਤ ਪ੍ਰਭਾਵਸ਼ਾਲੀ ਰਿਹਾ। ਇਸਦੇ ਬਾਅਦ ਨਾਵਲਕਾਰ ਮੋਹਿੰਦਰਪਾਲ ਧਾਲੀਵਾਲ, ਨਾਵਲਕਾਰ ਜਸਵਿੰਦਰ ਰੱਤੀਆਂ, ਕਵੀ ਨਛੱਤਰ ਭੋਗਲ, ਸ਼ਾਇਰ ਅਮਨਦੀਪ ਸਿੰਘ ਅਮਨ, ਮਨਜੀਤ ਪੱਡਾ, ਗੁਰਦਵਾਰਾ ਰਵੀਦਾਸ ਭਵਨ ਦੇ ਪ੍ਰਧਾਨ ਜਸਵਿੰਦਰ ਕੁਮਾਰ, ਸ਼ਿਵਦੀਪ ਢੇਸੀ, ਰੁਪਿੰਦਰ ਗਿੱਲ, ਜਤਿੰਦਰ ਬੁਗਲੀ, ਗੁਰਮੁਖ ਸਿੰਘ, ਗੁਰਪ੍ਰੀਤ ਖਹਿਰਾ ਅਤੇ ਗੀਤਕਾਰ ਬਿੰਦਰ ਭਰੋਲੀ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਹੋਰ ਮਹਿਮਾਨਾਂ ਵਿੱਚ ਨਿਰਮਲ ਸਿੰਘ ਖਹਿਰਾ, ਪੱਪਾ ਸਿੰਘਪੁਰੀਆ, ਗਾਇਕ ਪੰਮਾ ਲਸਾੜੀਆ, ਜੱਸੀ ਭੰਗਲ, ਮੇਜਰ ਢੰਡੋਵਾਲ, ਰਾਏ ਬਹਾਦਰ ਸਿੰਘ, ਦਲਜੀਤ ਕੌਰ, ਭਜਨ ਧਾਲੀਵਾਲ, ਰਾਣੀ ਬਸਰਾ ਆਦਿ ਵੀ ਹਾਜ਼ਰ ਸਨ। ਇਸ ਮੌਕੇ ਆਰਟਿਸਟ ਇੰਦਰਜੀਤ ਸਿੰਘ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।ਸਮਾਗਮ ਦੌਰਾਨ ਵਿਸ਼ਾਲ ਅਤੇ ਜਸਵਿੰਦਰ ਕੁਮਾਰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦੀ ਹਾਜ਼ਰੀ ਵਿੱਚ ਮੰਤਵ ਮੈਗਜ਼ੀਨ ਦਾ ਦੂਸਰਾ ਅੰਕ ਲੋਕ ਅਰਪਣ ਕੀਤਾ ਗਿਆ। ਜਸਵਿੰਦਰ ਕੁਮਾਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਰੂਪ ਦਵਿੰਦਰ ਕੌਰ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਗਿਆ।