ਸੋਨਮ ਵਾਂਗਚੁੱਕ ਵਰਗੇ ਮਹਾਨ ਵਿਗਿਆਨੀ ਨੂੰ ਦੇਸ਼ ਧਰੋਹੀ ਕਹਿਣਾ ਉਚਿਤ ਨਹੀਂ-
-ਸੁਖਵਿੰਦਰ ਸਿੰਘ ਚੋਹਲਾ–
ਪਿਛਲੇ ਦਿਨੀਂ ਭਾਰਤ ਦੇ ਧੁਰ ਉਤਰ ਵਿਚ ਚੀਨ ਤੇ ਪਾਕਿਸਤਾਨ ਨਾਲ ਲਗਦੇ ਸਰਹੱਦੀ ਖੇਤਰ ਲੱਦਾਖ ਵਿਚ ਵਾਪਰੀਆਂ ਘਟਨਾਵਾਂ ਚਿੰਤਾਜਨਕ ਹਨ। ਭਾਰਤ ਦੀ ਮੋਦੀ ਸਰਕਾਰ ਨੇ ਸਾਲ 2019 ਵਿਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰਦਿਆਂ ਜੰਮੂ-ਕਸ਼ਮੀਰ ਦੇ ਨਾਲ ਲੇਹ-ਲੱਦਾਖ ਨੂੰ ਵੀ ਅਲਗ ਸੰਘੀ ਖੇਤਰ ਬਣਾ ਦਿੱਤਾ ਸੀ। ਕੁਦਰਤੀ ਸੁਹੱਪਣ ਤੇ ਸਾਫ ਸੁਫਰੇ ਵਾਤਾਵਰਣ ਲਈ ਜਾਣੇ ਜਾਂਦੇ ਲੱਦਾਖ ਨੂੰ ਸੰਘੀ ਖੇਤਰ ਬਣਾਏ ਜਾਣ ਦਾ ਉਥੋਂ ਦੇ ਲੋਕਾਂ ਨੇ ਸਵਾਗਤ ਕਰਦਿਆਂ ਉਮੀਦ ਪ੍ਰਗਟਾਈ ਸੀ ਕਿ ਇਸ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਯਤਨ ਹੋਣਗੇ। ਪਰ ਵੇਖਣ ਵਿਚ ਆਇਆ ਕਿ ਲਦਾਖੀ ਲੋਕਾਂ ਨੂੰ ਕੇਂਦਰੀ ਸਰਕਾਰ ਤੋਂ ਉਮੀਦਾਂ ਦੀ ਥਾਂ ਨਿਰਾਸ਼ਾ ਦਾ ਵਧੇਰੇ ਸਾਹਮਣਾ ਕਰਨਾ ਪਿਆ। ਲਦਾਖ ਦੇ ਲੋਕਾਂ ਨੇ ਪਿਛਲੇ ਕੁਝ ਸਮੇਂ ਤੋਂ ਰਾਜ ਦਾ ਦਰਜਾ ਦੇਣ ਅਤੇ ਸੰਵਿਧਾਨ ਦੀ 6ਵੀਂ ਅਨੁਸੂਚੀ ਵਿਚ ਸ਼ਾਮਿਲ ਕੀਤੇ ਜਾਣ ਲਈ ਸ਼ਾਂਤਮਈ ਢੰਗ ਨਾਲ ਅੰਦੋਲਨ ਵਿਢਿਆ ਹੋਇਆ ਸੀ। ਸੰਵਿਧਾਨ ਦੀ 6ਵੀ ਅਨੁਸੂਚੀ ਪਹਾੜੀ ਤੇ ਕਬਾਇਲੀ ਖੇਤਰਾਂ ਤੇ ਉਥੇ ਵਸਦੇ ਲੋਕਾਂ ਦੇ ਹੱਕਾਂ ਨੂੰ ਸੁਰੱਖਿਅਤ ਕਰਦੀ ਹੈ। ਇਸਤੋਂ ਪਹਿਲਾਂ ਆਸਾਮ, ਮੇਘਾਲਿਆ, ਤਿਰਪੁਰਾ ਅਤੇ ਮਿਜ਼ੋਰਮ ਦੇ ਕਬਾਇਲੀ ਖੇਤਰ 6 ਵੀ ਅਨੁਸੂਚੀ ਵਿਚ ਸ਼ਾਮਿਲ ਹਨ। ਲਦਾਖ ਨੂੰ ਇਸ ਵਿਸ਼ੇਸ਼ ਦਰਜੇ ਦੀ ਪ੍ਰਾਪਤੀ ਲਈ ਅੰਦੋਲਨ ਦੀ ਅਗਵਾਈ ਕੋਈ ਹੋਰ ਨਹੀ ਬਲਕਿ ਵਿਸ਼ਵ ਪ੍ਰਸਿਧ ਵਿਗਿਆਨੀ ਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਕਰ ਰਹੇ ਹਨ। ਇਹ ਉਹੀ ਸੋਨਮ ਵਾਂਗਚੁਕ ਹੈ ਜਿਸ ਦੀਆਂ ਸਿੱਖਿਆ ਵਿਚ ਸੁਧਾਰ ਅਤੇ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ ਉਪਲਬਧੀਆਂ ਦੀ ਦੇਸ਼- ਵਿਦੇਸ਼ ਵਿਚ ਧੁੰਮ ਹੈ। ਬਾਲੀਵੁੱਡ ਦੀ ਮਸ਼ਹੂਰ ਪ੍ਰੇਰਨਾਦਾਇਕ ਫਿਲਮ ਥਰੀ ਇਡੀਅਟ ਵਿਚ ਫੁਨਸੁਖ ਵਾਂਗੜੂ ਦਾ ਚਰਿਤਰ ਵੀ ਉਹਨਾਂ ਦੀ ਸਖਸੀਅਤ ਨੂੰ ਆਧਾਰ ਬਣਾਕੇ ਸਿਰਜਿਆ ਗਿਆ ਸੀ। ਥਰੀ ਇਡੀਅਟ ਦੇ ਫਿਲਮੀ ਕਿਰਦਾਰ ਵਾਂਗ ਹੀ ਜਿਵੇਂ ਉਹ ਸਿੱਖਿਆ ਸੁਧਾਰ ਲਈ ਲਦਾਖ ਵਿਚ ਇਕ ਨਿਵੇਕਲਾ ਸਿੱਖਿਆ ਸੰਸਥਾਨ ਚਲਾਉਣ ਦੇ ਨਾਲ ਵਾਤਾਵਰਣ ਦੀ ਸੰਭਾਲ ਅਤੇ ਸਰਦੀਆਂ ਵਿਚ ਪਾਣੀ ਦੀ ਕਿਲਤ ਨੂੰ ਪੂਰਾ ਕਰਨ ਲਈ ਕਈ ਸਫਲ ਪ੍ਰਯੋਗ ਕਰ ਚੁੱਕੇ ਹਨ, ਉਵੇਂ ਹੀ ਉਹਨਾਂ ਨੇ ਲਦਾਖ ਅਤੇ ਲਦਾਖੀ ਲੋਕਾਂ ਦੀ ਭਲਾਈ ਲਈ ਸਾਂਤਮਈ ਅੰਦੋਲਨ ਆਰੰਭਿਆ ਹੋਇਆ ਸੀ। ਸੋਸ਼ਲ ਮੀਡੀਆ ਰਾਹੀਂ ਇਸ ਅੰਦੋਲਨ ਦੀਆਂ ਰੋਜਾਨਾ ਸਰਗਰਮੀਆਂ ਨੂੰ ਸ਼ੇਅਰ ਕਰਦਿਆਂ ਜਿਵੇ ਇਸ ਅੰਦੋਲਨ ਨੂੰ ਦੇਸ਼ ਭਰ ਵਿਚ ਸਮਰਥਨ ਮਿਲ ਰਿਹਾ ਸੀ,ਸਥਾਨਕ ਪ੍ਰਸਾਸ਼ਨ ਤੇ ਸਰਕਾਰ ਦੀ ਜਵਾਬਦੇਹੀ ਲਈ ਦਬਾਅ ਬਣ ਰਿਹਾ ਸੀ। ਪਰ ਇਸੇ ਦੌਰਾਨ ਸੋਨਮ ਵਾਂਗਚੁਕ ਨਾਲ ਭੁੱਖ ਹੜਤਾਲ ਤੇ ਬੈਠਣ ਵਾਲੇ ਦੋ ਬਜੁਰਗਾਂ ਦੀ ਹਾਲਤ ਵਿਗੜ ਗਈ। ਸਰਕਾਰ ਦੀ ਅੰਦੋਲਨ ਪ੍ਰਤੀ ਬੇਰੁਖੀ ਨੇ ਸੋਨਮ ਵਾਂਗਚੁਕ ਦੇ ਸਮਰਥਕਾਂ ਤੇ ਸਥਾਨਕ ਨੌਜਵਾਨਾਂ ਵਿਚ ਰੋਸ ਤੇ ਰੋਹ ਭਰ ਦਿੱਤਾ। ਇਸ ਦੌਰਾਨ ਲ਼ੇਹ ਸ਼ਹਿਰ ਵਿਚ ਭੜਕੀ ਹਿੰਸਾ ਦੌਰਾਨ ਪੁਲਿਸ ਗੋਲੀ ਨਾਲ ਚਾਰ ਵਿਅਕਤੀ ਮਾਰੇ ਗਏ। ਦਰਜਨਾਂ ਜ਼ਖਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਹੈਡਕੁਆਰਟਰ ਤੇ ਹਮਲਾ ਕਰ ਦਿੱਤਾ। ਭਾਜਪਾ ਦਾ ਝੰਡਾ ਫੂਕ ਦਿੱਤਾ। ਜਿਵੇਂ ਕਿ ਆਮ ਕਰਕੇ ਹੁੰਦਾ ਹੈ ਕਿ ਕਿਸੇ ਵੀ ਸ਼ਾਂਤਮਈ ਅੰਦੋਲਨ ਦੌਰਾਨ ਭੜਕੀ ਹਿੰਸਾ ਦਾ ਫਾਇਦਾ ਲੈਂਦਿਆਂ ਸਰਕਾਰਾਂ ਨੂੰ ਅੰਦੋਲਨਕਾਰੀਆਂ ਖਿਲਾਫ ਕਾਰਵਾਈ ਦਾ ਬਹਾਨਾ ਮਿਲ ਜਾਂਦਾ ਹੈ। ਸਰਕਾਰ ਨੇ ਲਦਾਖ ਵਿਚ ਭੜਕੀ ਇਸ ਹਿੰਸਾ ਲਈ ਅੰਦੋਲਨ ਦੇ ਆਗੂ ਸੋਨਮ ਵਾਂਗਚੁਕ ਨੂੰ ਗ੍ਰਿਫਤਾਰ ਕਰ ਲਿਆ। ਜਦੋਂਕਿ ਉਹਨਾਂ ਨੇ ਅੰਦੋਲਨ ਦੌਰਾਨ ਹਿੰਸਾ ਭੜਕਣ ਉਪਰੰਤ ਤੁਰੰਤ ਆਪਣਾ ਅੰਦੋਲਨ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ। ਪਰ ਸਰਕਾਰ ਵਲੋਂ ਉਹਨਾਂ ਖਿਲਾਫ ਕੌਮੀ ਸੁਰੱਖਿਆ ਐਕਟ ਦੀ ਵਰਤੋਂ ਕਰਦਿਆਂ ਜੋਧਪੁਰ ਜੇਲ ਵਿਚ ਬੰਦ ਕਰ ਦਿੱਤਾ ਹੈ। ਉਹਨਾਂ ਉਪਰ ਕੇਵਲ ਹਿੰਸਾ ਭੜਕਾਉਣ ਦੇ ਦੋਸ਼ ਹੀ ਨਹੀ ਲਗਾਏ ਗਏ ਬਲਕਿ ਪਾਕਿਸਤਾਨੀ ਅਤੇ ਚੀਨੀ ਏਜੰਟ ਹੋਣ ਅਤੇ ਵਿਦੇਸ਼ਾਂ ਤੋਂ ਉਹਨਾਂ ਦੀ ਸੰਸਥਾ ਲਈ ਆ ਰਹੇ ਫੰਡਿੰਗ ਦੀ ਗਲਤ ਵਰਤੋਂ ਦੇ ਵੀ ਵੱਡੇ ਇਲਜਾਮ ਲਗਾਏ ਹਨ। ਮੋਦੀ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧੀ ਪਾਰਟੀਆਂ, ਲੋਕ ਭਲਾਈ ਸੰਸਥਾਵਾਂ ਅਤੇ ਵੱਡੀ ਗਿਣਤੀ ਵਿਚ ਦੇਸ਼ ਵਾਸੀਆਂ ਨੇ ਵਿਰੋਧ ਕੀਤਾ ਹੈ। ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸੋਨਮ ਵਾਂਗਚੁਕ ਦੀ ਪਤਨੀ ਗੀਤਾਂਜਲੀ ਐਂਗਮੋ ਨੇ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ ਹੈ। ਐਂਗਮੋ ਨੇ ਆਪਣੇ ਵਕੀਲ ਰਾਹੀਂ ਦਾਇਰ ਪਟੀਸ਼ਨ ਵਿੱਚ ਵਾਂਗਚੁਕ ਦੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਹੈ, ਨਾਲ ਹੀ ਉਨ੍ਹਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਵਾਂਗਚੁਕ ਵਿਰੁੱਧ ਐਨਐਸਏ ਦੀ ਵਰਤੋਂ ਕਰਨ ਦੇ ਫੈਸਲੇ ’ਤੇ ਵੀ ਸਵਾਲ ਉਠਾਏ ਗਏ ਹਨ।
ਐਂਗਮੋ ਨੇ ਦੋਸ਼ ਲਗਾਇਆ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਸ ਨੂੰ ਅਜੇ ਤੱਕ ਨਜ਼ਰਬੰਦੀ ਦੇ ਹੁਕਮਾਂ ਦੀ ਕਾਪੀ ਵੀ ਮੁਹੱਈਆ ਨਹੀਂ ਕਰਵਾਈ ਗਈ ਹੈ। ਗੀਤਾਂਜਲੀ ਨੇ ਸੋਸ਼ਲ ਮੀਡੀਆ ਉਪਰ ਵੀ ਇਕ ਪੋਸਟ ਰਾਹੀਂ ਮੁਲਕ ਦੀ ਸਰਕਾਰ ਦੇ ਵਿਵਹਾਰ ਤੇ ਸਵਾਲ ਉਠਾਏ ਹਨ। ਉਹਨਾਂ ਸਵਾਲ ਕੀਤਾ ਹੈ ਕਿ ਕੀ ਭਾਰਤ ਸੱਚਮੁੱਚ ਆਜ਼ਾਦ ਹੈ? 1857 ਵਿੱਚ 24,000 ਅੰਗਰੇਜ਼ਾਂ ਨੇ ਬ੍ਰਿਟਿਸ਼ ਹਾਕਮਾਂ ਦੇ ਹੁਕਮਾਂ ’ਤੇ 30 ਕਰੋੜ ਭਾਰਤੀਆਂ ’ਤੇ ਜ਼ੁਲਮ ਕਰਨ ਲਈ 1,35,000 ਭਾਰਤੀ ਸਿਪਾਹੀਆਂ ਦੀ ਵਰਤੋਂ ਕੀਤੀ। ਅੱਜ ਇੱਕ ਪ੍ਰਸ਼ਾਸਕ ਦੇ ਹੁਕਮਾਂ ’ਤੇ ਤਿੰਨ ਲੱਖ ਲੱਦਾਖੀਆਂ ’ਤੇ ਜ਼ੁਲਮ ਅਤੇ ਤਸ਼ੱਦਦ ਕਰਨ ਲਈ 2,400 ਲੱਦਾਖੀ ਪੁਲੀਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਸਰਕਾਰ ਵਲੋਂ ਉਹਨਾਂ ਦੀ ਸਿੱਖਿਆ ਸੰਸਥਾ ਦਾ ਲਾਇਸੈਂਸ ਰੱਦ ਕਰਨ ਅਤੇ ਵਾਂਗਚੁਕ ਨੂੰ ਦੇਸ਼ ਵਿਰੋਧੀ ਹੋਣ ਦੇ ਲਗਾਏ ਜਾ ਰਹੇ ਇਲਜਾਮਾਂ ਲਈ ਵੀ ਘੇਰਿਆ ਹੈ।
ਸੋਸ਼ਲ ਮੀਡੀਆ ਉਪਰ ਵਿਸ਼ਵ ਪ੍ਰਸਿਧ ਵਾਤਾਵਰਣ ਵਿਗਿਆਨੀ ਅਤੇ ਸਿੱਖਿਆ ਸੁਧਾਰਕ ਵਜੋਂ ਜਾਣੇ ਜਾਂਦੇ ਸੋਨਮ ਵਾਂਗਚੁਕ ਖਿਲਾਫ ਐਨ ਐਸ ਏ ਵਰਗਾ ਸਖਤ ਕਨੂੰਨ ਵਰਤਣਾ ਅਤੇ ਸਖਤ ਸੁਰੱਖਿਆ ਵਾਲੀ ਜੇਲ ਵਿਚ ਸੁੱਟ ਦੇਣ ਦੀ ਕਾਰਵਾਈ ਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਦੱਸਿਆ ਜਾ ਰਿਹਾ ਹੈ। ਭਾਜਪਾ ਦੇ ਆਈ ਟੀ ਸੈਲ ਅਤੇ ਸਰਕਾਰੀ ਤੰਤਰ ਵਲੋਂ ਸੋਨਮ ਵਾਂਗਚੁੱਕ ਵਰਗੇ ਮਹਾਨ ਵਿਅਕਤੀ ਨੂੰ ਦੇਸ਼ ਧਰੋਹੀ ਅਤੇ ਵਿਦੇਸ਼ੀ ਏਜੰਟ ਦੇ ਇਲਜਾਮ ਲਗਾਉਣੇ ਆਮ ਲੋਕਾਂ ਨੂੰ ਹਜ਼ਮ ਨਹੀ ਹੋ ਰਹੇ।ਸਰਕਾਰ ਨੂੰ ਲਦਾਖੀ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸੋਨਮ ਵਾਂਗਚੁੱਕ ਨੂੰ ਤੁਰੰਤ ਰਿਹਾਅ ਕਰਦਿਆਂ ਮੁਲਕ ਵਿਚ ਪੈਦਾ ਹੋ ਰਹੀ ਨਿਰਾਸ਼ਾ ਤੇ ਅਸ਼ਾਂਤੀ ਨੂੰ ਸਮਝਣ ਦੀ ਲੋੜ ਹੈ। ਭਾਰਤੀ ਹਾਕਮਾਂ ਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਗਵਾਂਢੀ ਮੁਲਕਾਂ ਵਿਚ ਪੈਦਾ ਹੋਈ ਰਾਜਸੀ ਅਸਥਿਰਤਾ ਪਿਛੇ ਲੋਕ ਮਨਾਂ ਵਿਚ ਫੈਲੀ ਨਿਰਾਸ਼ਾ ਅਤੇ ਅਸ਼ਾਂਤੀ ਹੀ ਵੱਡਾ ਕਾਰਣ ਰਹੀ ਹੈ।
