ਸਦਨ ਵਿਚ ਲਿਬਰਲ, ਐਨ ਡੀ ਪੀ ਤੇ ਬਲਾਕ ਕਿਊਬੈਕ ਦੇ ਵਿਰੋਧ ਕਾਰਣ ਬਿਲ ਪਾਸ ਨਾ ਹੋਇਆ-
ਸਰੀ ( ਦੇ ਪ੍ਰ ਬਿ)- ਬੀਤੇ ਦਿਨ ਆਕਸਫੋਰਡ (ਓਨਟਾਰੀਓ) ਤੋਂ ਕੰਸਰਵੇਟਿਵ ਐਮ ਪੀ ਅਰਪਨ ਖੰਨਾ ਦੇ ਸਰੀ ਵਿਖੇ ਪੁੱਜਣ ਤੇ ਸਥਾਨਕ ਕੰਸਰਵੇਟਿਵ ਆਗੂਆਂ ਵਲੋਂ ਉਹਨਾਂ ਦੇ ਮਾਣ ਵਿਚ ਇਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਐਮ ਪੀ ਅਰਪਨ ਖੰਨਾ ਵਲੋਂ ਕੈਨੇਡਾ ਵਿਚ ਅਪਰਾਧਾਂ ਦੀ ਰੋਕਥਾਮ ਲਈ ਹਾਊਸ ਆਫ ਕਾਮਨਜ਼ ਵਿਚ ਜੇਲ ਨਾਟ ਬੇਲ ਨਾਮ ਦਾ ਬਿਲ ਲਿਆਂਦਾ ਗਿਆ । ਉਹਨਾਂ ਇਸ ਬਿਲ ਬਾਰੇ ਇਕੱਠ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਕ ਵਿਚ ਅਪਰਾਧ ਦਰ ਇਸ ਕਦਰ ਵਧ ਗਈ ਹੈ ਕਿ ਲੋਕਾਂ ਦੀ ਸੁਰੱਖਿਅਤ ਜਿੰਦਗੀ ਖਤਰੇ ਵਿਚ ਹੈ। ਅਪਰਾਧੀ ਵਾਰ ਵਾਰ ਅਪਰਾਧ ਕਰਨ ਉਪਰੰਤ ਪੁਲਿਸ ਹਿਰਾਸਤ ਵਿਚੋ ਬਾਹਰ ਆ ਜਾਂਦੇ ਹਨ ਜਿਸ ਕਾਰਣ ਉਹ ਹੋਰ ਅਪਰਾਧ ਕਰਨ ਤੋਂ ਡਰਦੇ ਨਹੀਂ। ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਬਿਲ ਦਾ ਮਕਸਦ ਇਹੀ ਹੈ ਕਿ ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀ ਨੂੰ ਸੌਖੇ ਕੀਤੇ ਬੇਲ ਨਾ ਮਿਲੇ ਤੇ ਉਸਨੂੰ ਸਖਤ ਕਨੂੰਨ ਦਾ ਸਾਹਮਣਾ ਕਰਨ ਦੇ ਨਾਲ ਸਖਤ ਸਜ਼ਾ ਦਿੱਤੀ ਜਾ ਸਕੇ।
ਇਸ ਮੌਕੇ ਐਬਸਫੋਰਡ ਸਾਊਥ ਲੈਂਗਲੀ ਤੋਂ ਐਮ ਪੀ ਸੁਖਮਨ ਗਿੱਲ, ਕਲੋਵਰਡੇਲ ਲੈਂਗਲੀ ਤੋਂ ਐਮ ਪੀ ਟਮੈਰਾ ਜੈਨਸਨ, ਐਡਮਿੰਟਨ ਤੋਂ ਐਮ ਪੀ ਟਿਮ ਉਪਲ ਸਮੇਤ ਹੋਰ ਕਈ ਸਥਾਨਕ ਆਗੂਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਕੰਸਰਵੇੇਟਿਵ ਸਮਰਥਕਾਂ ਨੇ ਇਕੱਠ ਵਿਚ ਸ਼ਾਮਿਲ ਹੁੰਦਿਆਂ ਅਰਪਨ ਖੰਨਾ ਵਲੋਂ ਲਿਆਂਦੇ ਗਏ ਬਿਲ ਦਾ ਸਮਰਥਨ ਕੀਤਾ।
ਇਸੇ ਦੌਰਾਨ ਖਬਰ ਹੈ ਕਿ ਹਾਊਸ ਆਫ ਕਾਮਨਜ਼ ਵਿਚ ਖੰਨਾ ਵਲੋਂ ਲਿਆਂਦਾ ਗਿਆ ਬਿਲ ਲਿਬਰਲ ਪਾਰਟੀ, ਐਨ ਡੀ ਪੀ ਤੇ ਬਲਾਕ ਕਿਊਬੈਕ ਦੇ ਵਿਰੋਧ ਕਾਰਣ ਪਾਸ ਨਹੀ ਹੋ ਸਕਿਆ। ਬਿਲ ਦੇ ਹੱਕ ਵਿਚ 142 ਅਤੇ ਵਿਰੋਧ ਵਿਚ 196 ਵੋਟਾਂ ਪੈਣ ਕਾਰਣ ਬਿਲ ਫੇਲ ਹੋ ਗਿਆ ਹੈ।




