Mar 7, 2026

Screenshot

ਵੈਨਕੂਵਰ ( ਮਾਂਗਟ)- ਪਿਛਲੇ ਕੁਝ ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਉਘੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਦੁਖਦਾਈ ਖਬਰ ਹੈ। 35 ਦਾ ਭਰ ਜਵਾਨ ਗਭਰੂ ਜਵੰਦਾ 27 ਸਤੰਬਰ ਨੂੰ ਬੱਦੀ ਨਜ਼ਦੀਕ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਹਸਪਤਾਲ ਵਿਚ ਦਾਖਲ ਸੀ। ਉਸਦੀ ਤੰਦਰੁਸਤੀ ਲਈ ਲੱਖਾਂ-ਕਰੋੜਾਂ ਸੰਗੀਤ ਪ੍ਰੇਮੀਆਂ  ਵਲੋਂ ਨਿਤ ਅਰਦਾਸਾਂ ਤੇ ਪ੍ਰਾਥਨਾਵਾਂ ਕੀਤੀਆਂ ਜਾ ਰਹੀਆਂ ਸਨ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ।

ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਗਾਇਕ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਵੀਰ ਜਵੰਦਾ ਨੇ ਸਵੇਰੇ 10:55 ਵਜੇ ਆਖਰੀ ਸਾਹ ਲਏ। ਗਾਇਕ ਦੇ ਅਕਾਲ ਚਲਾਣੇ ਦਾ ਪਤਾ ਲੱਗਦਿਆਂ ਹੀ ਹਸਪਤਾਲ ਵਿਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਗਾਇਕ ਦੀ ਆਮਦ ਵਧ ਗਈ। ਕੰਵਰ ਗਰੇਵਾਲ, ਰੇਸ਼ਮ ਅਨਮੋਲ, ਹਰਫ਼ ਚੀਮਾ ਤੇ ਕਰਮਜੀਤ ਅਨਮੋਲ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਰਾਜਵੀਰ ਜਵੰਦਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਨਹੀਂ ਸੀ, ਸਗੋਂ ਪੰਜਾਬੀ ਸੱਭਿਆਚਾਰ ਦੇ ਸੱਚਾ ਰਾਜਦੂਤ ਸੀ, ਜਿਸ ਨੇ ਆਪਣੇ ਪ੍ਰਸਿੱਧ ਗੀਤਾਂ ਕੰਗਣੀ, ਸਕੂਨ, ਧੀਆਂ, ਖੁਸ਼ ਰਿਹਾ ਕਰ ਤੇ ਅਨੇਕਾਂ ਹੋਰ ਗੀਤਾਂ ਰਾਹੀਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਤੇ ਪਿਆਰ ਨੂੰ ਵਿਸ਼ਵ ਮੰਚ ਤੱਕ ਪਹੁੰਚਾਇਆ। ਉਨ੍ਹਾਂ ਦੇ ਗੀਤ ਹਮੇਸ਼ਾਂ ਪ੍ਰੇਰਣਾ ਤੇ ਪਿਆਰ ਦਾ ਸਰੋਤ ਬਣੇ ਰਹਿਣਗੇ, ਸਾਡੇ ਦਿਲਾਂ ਵਿੱਚ ਉਨ੍ਹਾਂ ਦੀ ਕਲਾ ਪ੍ਰਤੀ ਸਮਰਪਣ ਦੀ ਯਾਦ ਤਾਜ਼ਾ ਕਰਦੇ ਰਹਿਣਗੇ।