Mar 7, 2026

ਐਡਮਿੰਟਨ ( ਸਤੀਸ਼ ਸਚਦੇਵਾ, ਗੁਰਪ੍ਰੀਤ ਸਿੰਘ)-ਓਵਰਸੀਜ਼ ਟੀਚਰਜ਼ ਐਸੋਸੀਏਸ਼ਨ ਐਡਮਿੰਟਨ ਵਲੋਂ 5 ਅਕਤੂਬਰ ਨੂੰ ਮਿੱਲਵੁਡ ਕਲਚਰਲ ਸੀਨੀਅਰ ਸੁਸਾਇਟੀ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ । ਇਸ ਮੌਕੇ ਸੰਸਥਾ ਦੇ ਸਕੱਤਰ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਅਸੀਂ ਪਿਛਲੇ 7 ਸਾਲਾਂ ਤੋਂ ਇਹ ਦਿਵਸ ਮਨਾ ਰਹੇ ਹਾਂ। ਇਸ ਦਿਨ ਤੇ ਵਿਦਿਅਕ ਖੇਤਰ ਵਿੱਚ ਉੱਘੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਇਸ ਵਾਰ ਵਿਦਿਅਕ ਖੇਤਰ ਵਿੱਚ ਉੱਘੀ ਸ਼ਖ਼ਸੀਅਤ ਮੈਡਮ ਪਰਮਜੀਤ ਕੌਰ ਕੰਗ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਰਾਸ਼ਟਰਪਤੀ ਰਾਧਾ ਕਰਿਸ਼ਨਨ ਆਪਣੇ ਆਪ ਨੂੰ ਅਧਿਆਪਕ ਕਹਿਣ ਤੇ ਫ਼ਖਰ ਮਹਿਸੂਸ ਕਰਦੇ ਸਨ । ਇਸ ਮੌਕੇ ਮੈਂਬਰ ਪਾਰਲੀਮੈਂਟ ਜਗਸ਼ਰਨ ਸਿੰਘ ਮਾਹਲ ਨੇ ਵੀ ਸੰਬੋਧਨ ਕੀਤਾ ਉਨ੍ਹਾਂ ਅਧਿਆਪਕਾਂ ਦੀ ਸਮਾਜ ਨੂੰ ਵਡਮੁੱਲੀ ਦੇਣ ਦੀ ਸ਼ਲਾਘਾ ਕੀਤੀ।  ਉਨ੍ਹਾਂ ਤੋਂ ਇਲਾਵਾ ਐਮ ਐਲ ਏ ਜਸਵੀਰ ਦਿਓਲ,  ਐਮ ਐਲ ਏ ਗੁਰਤੇਜ ਸਿੰਘ ਬਰਾੜ, ਤੇ ਐਮ ਐਲ ਏ ਕਰਿਸਟੀਨਾ ਗਰੇ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਮੈਡਮ ਸੁਰਜੀਤ ਕੌਰ ਧਾਲੀਵਾਲ, ਸੰਨੀ ਧਾਲੀਵਾਲ , ਅੰਮ੍ਰਿਤਪਾਲ ਸਿੰਘ, ਜਰਨੈਲ ਕੌਰ ਧਾਲੀਵਾਲ, ਜਸਬੀਰ ਸਿੰਘ ਗਿੱਲ, ਦਲਬੀਰ ਰਿਆੜ, ਬਖ਼ਸ਼ ਸੰਘਾ ,ਸੁਖਦੇਵ ਸਿੰਘ ਬੈਨੀਪਾਲ , ਸਤੀਸ਼ ਸਚਦੇਵਾ ਨੇ ਗੀਤਾਂ ਕਵਿਤਾਵਾਂ ਰਾਹੀਂ ਸਮੇਂ ਦਾ ਸੱਚ ਬਿਆਨਿਆਂ । ਅਧਿਆਪਕ ਆਗੂ ਮੱਖਣ ਕੁਹਾੜ ਨੇ ਅਧਿਆਪਕਾਂ ਵਿੱਚ ਦਿਨੋ ਦਿਨ ਵੱਧ ਰਹੀ ਬੇਚੈਨੀ, ਬੇਰੁਜ਼ਗਾਰੀ ਦਾ ਜ਼ਿੰਮੇਵਾਰ ਸਮੇਂ ਦੇ  ਹਕੂਮਤਾਂ ਦੇ ਨਾਲ-ਨਾਲ ਸਰਮਾਏਦਾਰ ਕਾਰਪੋਰੇਟ, ਨਿੱਜੀਕਰਨ ਦੇ ਵਧਾਰੇ ਨੂੰ ਦੱਸਿਆ। ਇਸ ਮੌਕੇ ਡਾਕਟਰ ਗੁਰਦਿਆਲ ਸਿੰਘ ਨੇ ਵੀ ਸੰਬੋਧਨ ਕਰਦਿਆਂ ਅਧਿਆਪਕਾਂ ਨੂੰ ਜ਼ਿੰਮੇਵਾਰੀ ਨਾਲ ਪੂਰੀ ਤਨਦੇਹੀ ਨਾਲ ਅਧਿਆਪਕ ਦੇ ਕਿੱਤੇ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਕਿਹਾ।ਅਖੀਰ ਵਿੱਚ ਸੰਸਥਾ ਦੇ ਮੁਖੀ  ਜਸਬੀਰ ਸਿੰਘ ਗਿੱਲ ਨੇ  ਆਏ ਸਭਨਾਂ ਦਾ ਧੰਨਵਾਦ ਕੀਤਾ।