Mar 7, 2026

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਇਸ ਐਤਵਾਰ ਨੂੰ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬ ਰਣਜੀਤ ਕੌਰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਗੁਰੂ ਘਰ ਵਿਖੇ ਨਤਮਸਤਕ ਹੋਏ ਅਤੇ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਚਲਾਏ ਜਾ ਰਹੇ ਸਕੂਲਾਂ, ਹਸਪਤਾਲਾਂ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਹੋਰ ਯਤਨਾਂ ਬਾਰੇ ਦੱਸਿਆ। ਇਸ ਮੌਕੇ ਗੁਰੂ ਘਰ ਦੇ ਸ਼ਰਧਾਲੂ ਪ੍ਰੀਤ ਸੰਧੂ ਜਿਹਨਾਂ ਨੂੰ 6 ਹੋਰ ਸਿੱਖਾਂ ਸਮੇਤ ਪਿਛਲੇ ਸਮੇਂ ਦੌਰਾਨ ਤਤਕਾਲੀ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਲੰਗਰ ਵਿਚ ਮੇਜ਼ ਕੁਰਸੀਆਂ ਦੇ ਮੁੱਦੇ ਤੇ ਪੰਥ ਚੋ ਛੇਕਿਆ ਗਿਆ ਸੀ ਨੇ ਸਿੱਖ ਪੰਥ ਵਿਚ ਮਰਿਆਦਾ ਦੇ ਨਾਮ ਤੇ ਪਾਏ ਦੁਫੇੜ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜਦੋਂ ਇਥੋਂ ਦੀਆਂ ਸੰਗਤਾਂ ਨੇ ਸਾਨੂੰ ਲੰਗਰ ਵਿਚ ਮੇਜ ਕੁਰਸੀਆਂ ਰੱਖਣ ਦਾ ਫਤਵਾ ਦਿੱਤਾ ਸੀ ਤਾਂ ਇਸ ਵਿਚ ਸਾਡਾ ਕੀ ਕਸੂਰ ਸੀ। ਸੰਗਤ ਇਕੀ ਵਿਸਵੇ ਹੁੰਦੀ ਹੈ, ਅਸੀ ਸੰਗਤ ਦੀ ਮੰਨਕੇ ਕਿਸੇ ਮਰਿਆਦਾ ਦੀ ਉਲੰਘਣਾ ਨਹੀ ਕੀਤੀ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਮੌਜੂਦਾ ਜਥੇਦਾਰ ਭਾਈ ਕੁਲਦੀਪ ਸਿੰਘ ਨੂੰ ਮਿਲਣਗੇ ਤੇ ਤੁਹਾਡਾ ਪੱਖ ਰੱਖਿਆ ਜਾਵੇਗਾ। ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਬੀਬੀ ਜੀ ਦਾ ਸਨਮਾਨ ਵੀ ਕੀਤਾ ਗਿਆ। ਬਾਦ ਵਿਚ ਉਹਨਾਂ ਨੂੰ ਕਾਮਾਗਾਟਾਮਾਰੂ ਮਿਊਜਮ ਵੀ ਵਿਖਾਇਆ ਗਿਆ ਜਿਸਤੇ ਉਹਨਾਂ ਨੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ।