ਸਰੀ, 15 ਅਕਤੂਬਰ ( ਸੰਦੀਪ ਸਿੰਘ ਧੰਜੂ)-: ਲੋਕ ਹਿੱਤਾਂ ਨੂੰ ਸਮਰਪਿਤ ਮੈਗਜ਼ੀਨ ‘ਰੈਡੀਕਲ ਦੇਸੀ’ ਵੱਲੋਂ ਸਰੀ ਦੇ ਜਰਨੈਲ ਆਰਟਸ ਸਟੂਡੀਓ ਵਿਖੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਸਾਬਕਾ ਉੱਚ ਅਧਿਕਾਰੀ ਨੂੰ ‘ਮਨੁੱਖੀ ਅਧਿਕਾਰਾਂ ਦੇ ਰਾਖੇ’ ਪੁਰਸਕਾਰ ਦੇਣ ਲਈ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਅਦਾਰਾ ਰੈਡੀਕਲ ਦੇਸੀ ਤੋਂ ਬੀਤੇ ਵਰਿਆਂ ਦੌਰਾਨ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਦੋ ਸ਼ਖਸੀਅਤਾਂ ; ਐਨੀ ਓਹਾਨਾ ਅਤੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੂੰ ਸਰਟੀਫਿਕੇਟ ਅਤੇ ਰੈਡੀਕਲ ਦੇਸੀ ਪੁਰਸਕਾਰ ਭੇਟ ਕੀਤਾ। ਜਿਕਰਯੋਗ ਹੈ ਕਿ ਐਨੀ ਓਹਾਨਾ ਨਸਲਵਾਦ ਵਿਰੋਧੀ ਸਿੱਖਿਅਕ ਅਤੇ ਸਮਾਜਿਕ ਨਿਆਂ ਕਾਰਕੁੰਨ ਹੈ, ਜਦ ਕਿ ਡਾ. ਗੁਰਵਿੰਦਰ ਸਿੰਘ ਪ੍ਰਮੁੱਖ ਮੀਡੀਆ ਸ਼ਖਸੀਅਤ ਅਤੇ ਟਿੱਪਣੀਕਾਰ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਰੈਡੀਕਲ ਦੇਸੀ ਨੇ ਸ. ਢਿੱਲੋਂ ਨੂੰ, ਮੋਦੀ ਦਾ ਸਵਾਗਤ ਕਰਨ ਦੇ ਪ੍ਰਧਾਨ ਮੰਤਰੀ ਕਾਰਨੀ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਬੇਬਾਕੀ ਭਰਿਆ ਪੱਤਰ ਲਿਖਣ ਲਈ, ‘ਸਾਲ 2025 ਲਈ ਸਨਮਾਨਿਤ ਵਿਅਕਤੀ’ ਨਾਮਜ਼ਦ ਕੀਤਾ ਸੀ। ਦੱਸਣਯੋਗ ਹੈ ਕਿ ਜਸਟਿਨ ਟਰੂਡੋ ਨੇ ਸਤੰਬਰ 2023 ਵਿੱਚ ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੂੰ ਸੂਚਿਤ ਕੀਤਾ ਸੀ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਸਰਕਾਰੀ ਏਜੰਟ ਹੋ ਸਕਦੇ ਹਨ। ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਟੁੱਟ ਗਏ ਸਨ। ਇਸ ਤੋਂ ਇਲਾਵਾ 12 ਅਕਤੂਬਰ ਨੂੰ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈ ਬਾਬਾ ਦੀ ਪਹਿਲੀ ਬਰਸੀ ਵੀ ਸੀ, ਜਿਸ ਲਈ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਪਲ ਦਾ ਮੌਨ ਰੱਖਿਆ ਗਿਆ ਜਿਨ੍ਹਾਂ ਨੂੰ ਸਿਰਫ਼ ਗਰੀਬਾਂ ਅਤੇ ਹਾਸ਼ੀਏ ‘ਤੇ ਧੱਕੇ ਗਏ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਬਦਲੇ, ਭਾਰਤ ਸਰਕਾਰ ਵੱਲੋਂ ਦੇਸ਼ ਧ੍ਰੋਹ ਦੇ ਝੂਠੇ ਦੋਸ਼ਾਂ ਹੇਠ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਸੀ।
ਇਸ ਯਾਦਗਾਰੀ ਸਮਾਗਮ ਦੇ ਆਖਰੀ ਪੜਾਓ ‘ਤੇ ਮਨੁੱਖੀ ਅਧਿਕਾਰ ਕਾਰਕੁੰਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30ਵੇਂ ਸਾਲ ਨੂੰ ਸਮਰਪਿਤ ਕੈਲੰਡਰ ਵੀ ਜਾਰੀ ਕੀਤਾ ਗਿਆ। 2026 ਲਈ ਰੈਡੀਕਲ ਦੇਸੀ ਦੇ ਕੈਲੰਡਰ ‘ਤੇ ਸ਼ਹੀਦ ਖਾਲੜਾ ਦੀ ਪੇਂਟਿੰਗ ਸਵਰਗੀ ਜਰਨੈਲ ਸਿੰਘ ਆਰਟਿਸਟ ਦੁਆਰਾ ਬਣਾਈ ਗਈ ਸੀ, ਜਿਨ੍ਹਾਂ ਦਾ ਇਸ ਸਾਲ ਦੇ ਸ਼ੁਰੂ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਬਲਜੀਤ ਕੌਰ ਅਤੇ ਧੀ ਨੀਤੀ ਸਿੰਘ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਕੈਲੰਡਰ ਜਾਰੀ ਕਰਨ ਦੀ ਰਸਮ ਵਿੱਚ ਹਿੱਸਾ ਲਿਆ। ਇਹ ਸਮਾਗਮ ਚਿਤਰਕਾਰ ਜਰਨੈਲ ਸਿੰਘ ਦੇ ਕੰਮਾਂ ਨੂੰ ਸ਼ਰਧਾਂਜਲੀ ਵਜੋਂ, ਉਨ੍ਹਾਂ ਦੇ ਸਟੂਡੀਓ ਜਰਨੈਲ ਆਰਟਸ ਸਰੀ ਵਿੱਚ ਆਯੋਜਿਤ ਕੀਤਾ ਗਿਆ ਸੀ।
ਸਮਾਗਮ ਵਿੱਚ ਹਾਜ਼ਰ ਹੋਰਨਾਂ ਵਿੱਚ ਬੀ.ਸੀ. ਦੀ ਸਾਬਕਾ ਸਿੱਖਿਆ ਮੰਤਰੀ ਰਚਨਾ ਸਿੰਘ, ਪਾਕਿਸਤਾਨੀ ਕੈਨੇਡੀਅਨ ਨੇਤਾ ਸੈਫ਼ ਪੰਨੂ, ਮਹਿਕ ਪੰਜਾਬ ਦੀ ਟੀਵੀ ਦੇ ਡਾਇਰੈਕਟਰ ਕਮਲਜੀਤ ਸਿੰਘ ਥਿੰਦ, ਰੈਡੀਕਲ ਦੇਸੀ ਦੇ ਡਾਇਰੈਕਟਰ ਅਤੇ ਸੰਸਥਾਪਕ, ਗੁਰਪ੍ਰੀਤ ਸਿੰਘ ਤੇ ਪੁਰਸ਼ੋਤਮ ਦੁਸਾਂਝ, ਗੁਰਦੀਪ ਆਰਟਸ ਦੇ ਗੁਰਦੀਪ ਸਿੰਘ ਭੁੱਲਰ, ਉੱਘੇ ਕਵੀ ਅੰਮ੍ਰਿਤ ਦੀਵਾਨਾ, ਸਾਹਿਤਕਾਰ ਹਰਪ੍ਰੀਤ ਸੇਖਾ ਅਤੇ ਸਿੱਖ ਐਕਟਵਿਸਟ ਕੁਲਵਿੰਦਰ ਸਿੰਘ ਢਿੱਲੋਂ ਸਮੇਤ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।
ਸਮਾਗਮ ਦੌਰਾਨ ਐਨੀ ਓਹਾਨਾ ਅਤੇ ਡਾ. ਗੁਰਵਿੰਦਰ ਸਿੰਘ, ਸੈਨੇਟਰ ਬਲਤੇਜ ਸਿੰਘ ਢਿੱਲੋਂ ਨੂੰ ‘ਰੈਡੀਕਲ ਦੇਸੀ ਪੁਰਸਕਾਰ’ ਭੇਟ ਕਰਦੇ ਹੋਏ
2) ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਯਾਦਗਾਰੀ ਕੈਲੰਡਰ ਰਿਲੀਜ਼ ਕੀਤੇ ਜਾਣ ਦਾ ਦ੍ਰਿਸ਼।


