ਦੀਵਾਲੀ ਦਾ ਅਰਥ ਹੈ : ਦੀਵਿਆਂ ਦਾ ਤਿਉਹਾਰ। ਦੀਵਾਲੀ ਨਾਲ ਅਯੁੱਧਿਆ ਦੇ ਰਾਜਾ ਸ੍ਰੀ ਰਾਮ ਚੰਦ੍ਰ ਰਾਹੀਂ ਲੰਕਾਪਤੀ ਰਾਵਣ ਨੂੰ ਮਾਰ ਕੇ ਵਾਪਸ ਆਉਣ ਦੀ ਘਟਨਾ ਵੀ ਜੁੜੀ ਹੋਈ ਹੈ, ਜਦੋਂ ਅਯੁੱਧਿਆ ਵਾਸੀਆਂ ਨੇ ਦੀਵੇ ਜਗਾ ਕੇ ਉਹਨਾਂ ਦਾ ਸਵਾਗਤ ਕੀਤਾ ਸੀ। ਸਿੱਖ ਇਤਿਹਾਸ ‘ਚ ਪ੍ਰਮਾਣ ਮਿਲਦੇ ਹਨ ਕਿ ਦੀਵਾਲੀ-ਵਿਸਾਖੀ ਦੋ ਦਿਨ ਅਜਿਹੇ ਸਨ, ਜਦੋਂ ਪੰਥ ਦੇ ਦੋ ਭਾਰੀ ਇਕੱਠ ਹੋਇਆ ਕਰਦੇ ਸਨ। ਇਤਿਹਾਸਿਕ ਹਵਾਲੇ ਅਨੁਸਾਰ ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਕੈਦ `ਚੋਂ ਸਿਆਸੀ ਕੈਦੀਆਂ ਕੈਦੀਆਂ ਨੂੰ ਰਿਹਾਅ ਕੀਤਾ, ਉਸੇ ਤਰ੍ਹਾਂ ਹੀ ਛੇਵੇਂ ਗੁਰੂ ਨਾਨਕ, ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੀ ਜੇਲ੍ਹ `ਚੋਂ 52 ਪਹਾੜੀ ਹਿੰਦੂ ਰਾਜਿਆਂ ਅਥਵਾ ਰਾਜਸੀ ਕੈਦੀਆਂ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ ਰਿਹਾਅ ਕਰਵਾ ਕੇ ਲਿਆਏ। ਉਸ ਦਿਨ ਤੋਂ ਆਪ ਦਾ ਨਾਂ ‘ਬੰਦੀ ਛੋੜ’ ਛੇਵੇਂ ਸਤਿਗੁਰੂ ਪ੍ਰਚਲਤ ਹੋ ਗਿਆ। ਰਿਹਾਈ ਬਾਅਦ ਦਿਵਾਲੀ, ਪੰਥ ਦਾ ਪਹਿਲਾ ਵੱਡਾ ਇਕੱਠ ਸੀ। ਸਾਖੀ ਪਰੰਪਰਾ ਅਨੁਸਾਰ ਓਦੋਂ ਦਰਬਾਰ ਸਾਹਿਬ ਭਾਰੀ ਦੀਪਮਾਲਾ ਕੀਤੀ ਗਈ, ਹਾਲਾਂਕਿ ਉਸ ਵੇਲੇ ਦਾ ਸਮਾਂ ਫਰਵਰੀ ਮਹੀਨਾ ਦੱਸਿਆ ਜਾਂਦਾ ਹੈ। ਬੇਸ਼ੱਕ ਸਿਖੀ ਸਿਧਾਂਤਾਂ ਦੀ ਕਸੌਟੀ ਤੇ ਪਰਖੀਏ, ਤਾਂ ਇਤਿਹਾਸਕ ਤੌਰ ‘ਤੇ ਇਹ ਗੱਲ ਜਚਦੀ ਨਹੀਂ। ਜੇ ਕਰ ਰਿਹਾਈ ਪੰਥ ਲਈ ਵੱਡਾ ਖੁਸ਼ੀ ਦਾ ਵਿਸ਼ਾ ਹੈ, ਤਾਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਮਾਤਮ ਜਾਂ ਗਮੀ ਦਾ ਵਿਸ਼ਾ ਹੋਇਆ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਚੜਦੀ ਕਲਾ ‘ਚ ਚੇਤੇ ਕਰਨ ਦੀ ਥਾਂ, ਨਿਰਾਸ਼ਾ ਨਾਲ ਹੀ ਯਾਦ ਕੀਤਾ ਜਾਣਾ ਹੋਇਆ? ਸੱਚ ਤਾਂ ਇਹ ਹੈ ਕਿ ਅਜਿਹੇ ਖੁਸ਼ੀ-ਗ਼ਮ ਦੇ ਉਚੇਚੇ ਪ੍ਰਗਟਾਵੇ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਹਰ ਸਾਲ ਦਰਬਾਰ ਸਾਹਿਬ ਜਾ ਹੋਰਨਾਂ ਅਸਥਾਨਾਂ ਵਿਖੇ ਦੀਪਮਾਲਾ, ਆਤਿਸ਼ਬਾਜ਼ੀ ਸਿੱਖੀ ਸਿਧਾਂਤਾਂ ਦੇ ਅਨੁਕੂਲ ਨਹੀਂ।
ਸਿੱਖ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸੰਨ 1737 `ਚ ਭਾਈ ਮਨੀ ਸਿੰਘ ਜੀ ਨੇ ਦੀਵਾਲੀ ਮੌਕੇ ਸਿੱਖ ਪੰਥ ਦੇ ਇਕੱਠ ਦਾ ਫ਼ੈਸਲਾ ਕੀਤਾ। ਪਰ ਜਦੋਂ ਇਹ ਪਤਾ ਲੱਗਿਆ ਕਿ ਸਿੱਖਾਂ ਦੇ ਇਕੱਠ ਤੇ ਜਾਬਰ ਮੁਗਲ ਹਕੂਮਤ ਹਮਲਾ ਕਰ ਸਕਦੀ ਹੈ, ਤਾਂ ਭਾਈ ਸਾਹਿਬ ਨੇ ਦੀਵਾਲੀ ‘ਤੇ ਇਕੱਠ ਨਾ ਕਰਨ ਦਾ ਫੈਸਲਾ ਲਿਆ। ਇਹ ਘਟਨਾ ਵੀ ਅਜਿਹੀ ਨਹੀਂ ਕਿ ਜਿਸ ਨਾਲ ਜੋੜ ਕੇ ਦਰਬਾਰ ਸਾਹਿਬ-ਅੰਮ੍ਰਿਤਸਰ ਵਿਖੇ ਪੰਥ ਹਰ ਸਾਲ ਦਿਵਾਲੀ ‘ਤੇ ਆਤਿਸ਼ਬਾਜ਼ੀਆਂ ਕਰੇ।
ਦੀਵਾਲੀ ਮੌਕੇ ਗੁਰਦੁਆਰਿਆਂ ‘ਚ ਵੱਡੀ ਗਿਣਤੀ ਵਿਚ ਕੀਰਤਨੀ ਜਥਿਆਂ, ਕਥਾ ਵਾਚਕਾਂ ਢਾਡੀਆਂ, ਕਵੀਸ਼ਰਾਂ ਆਦਿ ਵੱਲੋਂ ਅਤੇ ਸੋਸ਼ਲ ਮੀਡੀਏ ‘ਤੇ ਵਧਾਈ ਦੇਣ ਵਾਲੇ ਸਿਆਸਤਦਾਨਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਵੱਲੋਂ ਇਸ ਪੰਕਤੀ ਰਾਹੀਂ ‘ਦੀਵਾਲੀ ਦੀ ਵਧਾਈ’ ਦਿੱਤੀ ਜਾਂਦੀ ਹੈ, ਜਦ ਕਿ ਦੂਸਰੇ ਪਾਸੇ ਕੀਰਤਨੀਆਂ ਵੱਲੋਂ ਸ਼ਬਦ ਕੀਰਤਨ ਕਰਦਿਆਂ ਇਹ ਪੰਗਤੀ ‘ਟੇਕ ਬਣਾ ਕੇ ਕੀਰਤਨ ਲਈ ਟੇਕ ਬਣਾਈ ਜਾਂਦੀ ਹੈ।
“ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥” ਸ਼ਬਦ ਦੀਵਾਲੀ ਦੀ ਵਧਾਈ ਦੇਣ ਵਾਸਤੇ ਆਮ ਹੀ ਵਰਤਿਆ ਜਾਂਦਾ ਹੈ।ਇਸ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਦਰਅਸਲ ਇਹ ਸ਼ਬਦ ਗੁਰੂ ਗਰੰਥ ਸਾਹਿਬ ਵਿਚ ਨਹੀ ਹੈ | ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਲਿਖਤ ਹੈ। ਦਿਵਾਲੀ ਮੌਕੇ ਹਰ ਗੁਰਦੁਆਰਾ ਸਾਹਿਬ ਵਿਖੇ ਭਾਈ ਗੁਰਦਾਸ ਜੀ ਦੀ ਇਸ 19ਵੀਂ ਵਾਰ ਦੀ 6ਵੀਂ ਪਓੜੀ ਦਾ ਵਾਰ- ਵਾਰ ਗਾਇਨ ਹੋ ਰਿਹਾ ਹੁੰਦਾ ਹੈ, ਪਰ ਸੰਗਤਾਂ ਨੂੰ ਇਸ ਦੇ ਸਹੀ ਅਰਥ ਦੱਸਣ ਦੀ ਥਾਂ, ਇਸ ਪੰਕਤੀ ਨੂੰ ਆਧਾਰ ਬਣਾ ਕੇ (ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥) ਗਾਇਨ ਕਰਦਿਆਂ, ਕੀਰਤਨੀ ਜਥੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ‘ਦੀਵਾਲੀ ਦੀ ਰਾਤਿ ਨੂੰ ਦੀਵੇ ਬਾਲਣੇ’ ਹਨ, ਜਦਕਿ ਇਸ ਦੇ ਬਿਲਕੁਲ ਉਲਟ, ਭਾਈ ਗੁਰਦਾਸ ਜੀ ਇਹ ਪ੍ਰਮਾਣ ਦੇ ਕੇ ਆਖਦੇ ਹਨ ਕਿ ਦੀਵਾਲੀ ਦੀ ਇੱਕ ਰਾਤ ਨੂੰ ਦੀਵੇ ਬਾਲੇ ਜਾਂਦੇ ਹਨ, ਜਦਕਿ ਇਹ ਇੱਕ ਰਾਤ ਦਾ ਥੋੜ੍ਹ-ਚਿਰਾ ਦਿਲ-ਪ੍ਰਚਾਵਾ ਹੈ ਅਤੇ ਇਸ ਤੋਂ ਵੱਧ ਕੁਝ ਨਹੀਂ। ਅਜਿਹੀਆਂ ਹੀ ਉਹ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਦਿੰਦੇ, ਅਖੀਰ ‘ਚ ਫ਼ਰਮਾਉਂਦੇ ਹਨ ਗੁਰਮੁਖ ਉਹ ਹਨ, ਜੋ ਅਜਿਹੀਆਂ ਥੋੜ੍ਹ -ਚਿਰੀਆਂ ਚੀਜ਼ਾਂ ਨਾਲ ਜੁੜਨ ਦੀ ਥਾਂ, ਭਰਮ ਭੁਲੇਖਿਆਂ ਨੂੰ ਤਿਆਗ ਕੇ, ਗੁਰੂ ਸ਼ਬਦ ਦੇ ਗਿਆਨ ਅਨੁਸਾਰ ਚਲਦੇ ਹਨ ਅਤੇ ਗੁਰੂ ਦੀ ਸਿੱਖਿਆ ਨੂੰ ਹੀ ਮਨ ਵਿੱਚ ਸੰਭਾਲਦੇ ਹਨ। ਗੁਰੂ ਦੀ ਸਿੱਖਿਆ ਉਨ੍ਹਾਂ ਨਾਲ ਹਮੇਸ਼ਾ ਨਿਭਦੀ ਹੈ ਅਤੇ ਸ਼ਬਦ ਗੁਰੂ ਦੇ ਆਸਰੇ ਉਹ ਲੋਕ- ਪਰਲੋਕ ਸੁਹੇਲਾ ਕਰਦੇ ਹਨ। 6 ਪੰਕਤੀਆਂ ਦੀ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ ਪਓੜੀ ਇਸ ਤਰ੍ਹਾਂ ਅੰਕਿਤ ਹੈ :
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ॥
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨ ॥
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ॥
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ ॥
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ ॥
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ॥6॥
ਉਪਰੋਕਤ ਸਾਰੀਆਂ ਮਿਸਾਲਾਂ ਭਾਈ ਸਾਹਿਬ ਇਸ ਪਓੜੀ ਵਿੱਚ ਦਿੰਦੇ ਹਨ ਕਿ ਤਾਰਿਆਂ ਦੀਆਂ ਅੰਬਰ ਵਿੱਚ ਕਤਾਰਾਂ ਰਾਤ ਸਮੇਂ ਦਿਸਦੀਆਂ ਹਨ, ਪਰ ਸਵੇਰੇ ਨਹੀਂ ਦਿਸਦੀਆਂ। ਇਹ ਪਲਾਂ ਦਾ ਹੀ ਤਮਾਸ਼ਾ ਹੈ। ਬਾਗ ਵਿੱਚ ਫੁੱਲਾਂ ਦੀ ਬਗੀਚੀ ਖੂਬਸੂਰਤ ਹੁੰਦੀ ਹੈ, ਪਰ ਇਹ ਫੁੱਲ ਚੁਣ- ਚੁਣ ਮਾਲੀ ਤੋੜ ਲੈਂਦਾ ਹੈ। ਇਹ ਥੋੜ੍ਹ-ਚਿਰਾ ਹੀ ਤਮਾਸ਼ਾ ਹੈ। ਤੀਰਥ ਯਾਤਰਾਵਾਂ ‘ਤੇ ਲੋਕ ਜਾਂਦੇ ਹਨ ਤੇ ਇਕੱਠ ਹੁੰਦੇ ਹਨ, ਪਰ ਇਸ ਸਦਾ ਭਰੇ ਨਹੀਂ ਰਹਿੰਦੇ। ਲੋਕ ਤੀਰਥਾਂ ‘ਤੇ ਖੁਸ਼ੀ ਮਨਾਉਂਦੇ ਹਨ ਤੇ ਘਰ ਮੁੜ ਆਉਂਦੇ ਹਨ। ਇਹ ਵੀ ਕੁਝ ਸਮੇਂ ਦਾ ਹੀ ਤਮਾਸ਼ਾ ਹੈ। (ਹਰ-ਚੰਦੌਰੀ ਭਾਵ ਹਵਾਈ-ਕਿਲੇ ਅਰਥਾਤ ਸੁਪਨਿਆਂ ਦੀ ਨਗਰੀ) ਜਿਸ ਤਰ੍ਹਾਂ ਭਰਮ-ਭੁਲੇਖੇ ‘ਚ ਫਸਿਆ ਹਿਰਨ ਰੇਗਸਥਾਨ ‘ਚ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਭਟਕਦਾ ਮਰ ਜਾਂਦਾ ਹੈ, ਏਉਂ ਹੀ ਬੰਦਾ ਭੁਲੇਖੇ ਅਧੀਨ ਲੁਭਾਓਣੀਆ ਵਸਤਾਂ ਪਿੱਛੇ ਭਟਕਦਾ ਗੁੰਮਰਾਹ ਹੋ ਜਾਂਦਾ ਹੈ। ਇਸ ਸਭ ਨੂੰ ਤਿਆਗਣਾ ਚਾਹੀਦਾ ਹੈ।
ਭਾਈ ਗੁਰਦਾਸ ਜੀ ਦੀ ਇਸ ਪਉੜੀ ਦਾ ਅਸਲ ਭਾਵ ਅਰਥ ਇਹ ਹੈ ਕਿ ਇਸ ਦੁਨੀਆਂ ਵਿੱਚ ਕੋਈ ਵਿਰਲਾ ਹੀ ਗੁਰਮੁਖ ਹੈ , ਜਿਸ ਨੂੰ ਪਤਾ ਹੈ ਕਿ ਇਹ ਸਭ ਕੁਝ ਮਿੱਟੀ ਹੈ।ਉਹ ਗੁਰੂ ਵੱਲੋਂ ਦਿੱਤਾ ਸ਼ਬਦ ਸੰਭਾਲਦਾ ਹੈ ਤੇ ਉਸ ਵਿਚ ਲੀਨ ਰਹਿੰਦਾ ਹੈ। ਆਓ! ਥੋੜ੍ਹੇ -ਚਿਰ ਅਤੇ ਛਿਣ-ਭਰ ਦੇ ਚਾਨਣ ਲਈ ‘ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ’ ਦੀ ਥਾਂ, ‘ਗੁਰ-ਸ਼ਬਦ’ ਨਾਲ ਜੁੜ ਕੇ ਗੁਰਮੁਖ ਹੁੰਦਿਆਂ ਹੋਇਆਂ, ਸਦੀਵੀ ਆਨੰਦ ਤੇ ਚਾਨ਼ਣ ਪ੍ਰਾਪਤ ਕਰੀਏ।
ਸਮੁੱਚੇ ਰੂਪ ਵਿੱਚ ਵਿਚਾਰ ਕਰਨ ਉਪਰੰਤ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ ਕਿ ਥੋੜ-ਚਿਰੇ ਦੀਵੇ ਬਾਲ ਕੇ ਜਾਂ ਆਤਿਸ਼ਬਾਜ਼ੀਆਂ ਚਲਾ ਕੇ ਥੋੜ-ਚਿਰਾ ਮਨ-ਪਰਚਾਵਾ ਕਰਨ ਦੀ ਥਾਂ, ਗੁਰੂ ਦੀ ਸਿੱਖਿਆ ਨੂੰ ਸੰਭਾਲ ਕੇ ਸਦੀਵੀ-ਸੁੱਖ ਹਾਸਲ ਕਰੀਏ।ਆਓ, ਆਪਾ ਵੀ ਸੁਚੇਤ ਹੋਈਏ ਤੇ ਗੁੰਮਰਾਹ ਨਾ ਹੋਈਏ ਅਤੇ ਹੋਰਨਾਂ ਨੂੰ ਵੀ ਸੁਚੇਤ ਕਰੀਏ, ਤਾਂ ਹੀ ਗੁਰੂ ਦੀ ਖੁਸ਼ੀ ਮਿਲ ਸਕਦੀ ਹੈ। ਆਓ ਜਾਗਰੂਕ ਹੋਈਏ ਅਤੇ ਗੁਰਬਾਣੀ ਦੀ ਰੌਸ਼ਨੀ ਨਾਲ ਅਗਿਆਨਤਾ ਭਰੇ ਹਨੇਰੇ ਮਨ ਅੰਦਰ ਗੁਰੂ ਦੇ ਸ਼ਬਦ ਰਾਹੀਂ ਚਾਨਣ ਕਰੀਏ !
ਆਸਾ ਮਹਲਾ ੧ ॥
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥

