ਸਰੀ, ( ਅਮਰਜੀਤ ਸਿੰਘ ਬਰਾੜ )-ਇਸ 18 ਅਕਤੂਬਰ,2025 ਦਿਨ ਸ਼ਨਿਚਰਵਾਰ ਨੂੰ,ਆਰੀਆ ਬੈਂਕੁਟ ਹਾਲ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਸੁਰਿੰਦਰ ਸੰਘਾ ਦੁਆਰਾ ਰਚਿਤ ਪੁਸਤਕ “ਇੰਡੋ-ਕਨੇਡੀਅਨ ਪ੍ਰਵਾਸੀਆਂ ਦਾ ਸੰਘਰਸ਼ਨਾਮਾ ”ਲੋਕ ਅਰਪਣ ਕੀਤੀ ਗਈ।ਇਸ ਸਮਾਗਮ ਦਾ ਅਗਾਜ਼ ਕਰਦਿਆਂ ਗੁਰਪ੍ਰੀਤ ਸੰਘਾ ਨੇ ਸਮਾਗਮ ਵਿਚ ਪਹੁੰਚੇ ਪਤਵੰਤਿਆਂ ਨੂੰ ਜੀ ਆਇਆਂ ਕਹਿਕੇ,ਅਗਲੇਰੀ ਕਾਰਵਾਈ ਲਈ ਸਟੇਜ ਸੰਚਾਲਣ ਦੀ ਜੁੰਮੇਵਾਰੀ ਹਰਿੰਦਰਜੀਤ ਸੰਧੁੂ ਨੂੰ ਸੌਂਪੀ।ਇਸ ਸਮਾਗਮ ਦੇ ਪਹਿਲੇ ਬੁਲਾਰੇ ਪ੍ਰੋ ਗੁਰਨਾਮ ਸਿੰਘ ਸੰਘੇੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ,ਇਹ ਇਤਹਾਸਿਕ ਪੁਸਤਕ ਡੂੰਘੀ ਖੋਜ ਭਰਪੂਰ ਹੈ ਜੋ,ਪ੍ਰਵਾਸੀਆਂ ਨਾਲ ਹੋਏ ਨਸਲੀ ਵਿਤਕਰੇ ਅਤੇ ਆਪਣੇ ਹਕਾਂ ਲਈ ਕੀਤੇ ਗਏ ਸੰਘਰਸ਼ ਦੀ ਗਾਥਾ ਹੈ।ਸਾਬਕਾ ਮੰਤਰੀ ਸ੍ਰੀ ਹੈਰੀ ਬੈਂਸ ਨੇ ਕਿਹਾ ਪ੍ਰਵਾਸੀਆਂ ਨਾਲ ਓਨਾਂ ਸਮਿਆਂ ਵਿਚ ਹੋਏ ਨਸਲੀ ਵਿਤਕਰੇ ਬਹੁਤ ਨਿੰਦਣ ਯੋਗ ਹਨ,ਇਸ ਪੁਸਤਕ ਤੋਂ ਸਾਨੂੰ ਸਿਖਿਆ ਲੈਣ ਦੀ ਜਰੂਰਤ ਹੈ ਜੋ ਅਜੋਕੇ ਸਮ ਨਸਲੀ ਵਿਤਕਰੇ ਹੋ ਰਿਹੇ ਹਨ,ਕਮਿਊਨਿਟੀ ਨੂੰ ਓਨਾਂ ਪ੍ਰਤੀ ਸੁਚੇਤ ਹੋਣਾਂ ਚਾਹੀਦਾ ਹੈ।ਉਘੇ ਕਵੀ ਮੋਹਨ ਗਿੱਲ ਨੇ ਇਸ ਪੁਸਤਕ ਨੂੰ ਨਵੀਂ ਪੀੜੀ ਲਈ ਰਾਹ ਦਸੇਰਾ ਗਰਦਾਨਿਆਂ,ਪਿਛੋਕੜ ਵਿਚ ਕਮਿਉਨਿਟੀ ਨੂੰ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪਿਆ ਬੇਮਿਸਾਲ ਹੈ।ਇਸ ਵਿਸ਼ੇ ਦੇ ਮਾਹਿਰ ਸੁਖਵੰਤ ਹੁੰਦਲ ਨੇ ਇਸ ਪੁਸਤਕ ਦੀ ਡੁੰਘਾਈ ਵਿਚ ਸਮੀਖਿਆ ਕਰਦਿਆਂ ਕਿਹਾ ਕਿ ਉਸ ਸਮੇਂ ਖਬੀ ਲਹਿਰ ਅਤੇ ਭਾਈਚਾਰਕ ਜਥੇਬੰਦੀਆਂ ਨੇ ਇਕ ਮੁੱਠ ਹੋਕੇ ਅਪਣੇ ਹੱਕਾਂ ਲਈ ਸੰਘਰਸ਼ ਕੀਤੇ ਅਤੇ ਇਨਾਂ ਕੁਰਬਾਨੀਆਂ ਦੇ ਸਾਰਥਕ ਨਤੀਜੇ ਪ੍ਰਾਪਤ ਕੀਤੇ।ਕਾਮਰੇਡ ਸੁਰਿੰਦਰ ਸੰਘਾ ਨੂੰ ਅਗਲੇ ਪੜਾਅ ਤੇ ਲਿਖਣ ਲਈ ਪ੍ਰੇਰਤ ਕੀਤਾ।
ਕਾਮਰੇਡ ਸੁਰਿੰਦਰ ਸੰਘਾ ਨੇ ਇਸ ਕਿਤਾਬ ਨੂੰ ਲਿਖਣ ਵਿਚ ਆਪਣੇ ਭਰਾ ਸ.ਅਜੀਤ ਸਿੰਘ ਸੰਘਾ ਦਾ ਵਿਸੇਸ਼ ਧੰਨਵਾਦ ਕੀਤਾ।ਸਮੁਚੇ ਪਰਵਾਰ ਦੇ ਸਹਿਯੋਗ ਤੋਂ ਬਗੈਰ ਇਹ ਕਾਰਜ ਅਸੰਭਵ ਸੀ। ਸੰਘਾ ਪਰਵਾਰ ਦਾ ਕੁਰਬਾਨੀਆਂ ਵਾਲਾ ਇਤਹਾਸ ਹੈ,ਪਰਵਾਰ ਦੀ ਇਸ ਗਾਥਾ ਨੇ ਕੌਮ ਲਈ ਕੁਝ ਕਰਨ ਲਈ ਪ੍ਰੇਰਤ ਕੀਤਾ ਅਤੇ ਇਹ ਪੁਸਤਕ ਲੋਕ ਅਰਪਣ ਕੀਤੀ ਹੈ,ਸਰਕਾਰ ਨੂੰ ਬੇਨਤੀ ਕੀਤੀ ਇਸ ਇਤਹਾਸਿਕ ਤਥਾਂ ਭਰਪੂਰ ਸਮੱਗਰੀ ਨੁੰ ਸਕੂਲਾਂ,ਕਾਲਜਾਂ ਅਤੇ ਯੂਨੀਵਰਸਟੀਆਂ ਦੇ ਸਲੇਬਸ ਵਿਚ ਸ਼ਾਮਿਲ ਕੀਤਾ ।
ਇਸ ਸਮਰੋਹ ਵਿਚ ਰਾਜਨੀਤਕ ਸ਼ਖਸੀਅਤਾਂ ਵਿਸੇਸ਼ ਤੌਰ ਤੇ ਪਹੁੰਚੀਆਂ ਸਨ।ਮਾਨਯੋਗ ਲਿਬਰਲ ਐਮ ਪੀ ਸੁਖ ਧਾਲੀਵਾਲ, ਐਮ ਪੀ ਰਣਦੀਪ ਸਰਾਏ, ਐਮ ਐਲ ਏ ਸਟੀਵ ਕੂਨਰ, ਐਮ ਐਲ ਏ ਹਰਮਨ ਭੰਗੂ, ਸਿੱਖਿਆ ਮੰਤਰੀ ਜੈਸੀ ਸੁੰਨੜ ,ਸਾਬਕਾ ਮੰਤਰੀ ਜਿੰਨੀ ਸਿਮਜ, ਉਘੇ ਪਬਲਿਸ਼ਰ ਸ਼ਤੀਸ਼ ਗੁਲਾਟੀ ਅਤੇ ਕੁਲਵੰਤ ਢੇਸੀ ਨੇ ਇਸ ਖੋਜ ਭਰਪੂਰ ਇਤਹਾਸਿਕ ਪੁਸਤਕ ਦੀ ਸਲਾਘਾ ਕੀਤੀ।ਪੰਜਾਬ ਤੋਂ ਵਿਸੇਸ਼ ਮਹਿਮਾਨ ਡਾ.ਸਿਮਰਜੀਤ ਕੌਰ ਗਿੱਲ ਨੇ ਆਪਣੀ ਸਮਿਖਿਆ ਨੂੰ ਇਕ ਕਵਿਤਾ ਰਾਹੀ ਪੇਸ਼ ਕੀਤਾ ਅਤੇ ਇਸ ਪੁਸਤਕ ਨੂੰ ਅਨਮੋਲ ਖਜਾਨਾ ਕਿਹਾ।ਇਸ ਸਮਾਰੋਹ ਵਿਚ ਉਘੇ ਨਾਵਲਕਾਰ ਸ੍ਰੀ ਜਰਨੈਲ ਸਿੰਘ ਸੇਖਾ,ਨਵਰੂਪ ਸਿੰਘ,ਅਮਰੀਕ ਪਲਾਹੀ,ਹਰਦਮ ਮਾਨ,ਰਜਿੰਦਰ ਸਿੰਘ ਪੰਧੇਰ ਅਤੇ ਲੋਅਰ ਮੇਨ ਲੈਂਡ,ਗਰੇਟਰ ਵੈਨਕੂਵਰ ਦੀਆਂ ਨਾਮਵਰ ਸਖਸੀਅਤਾਂ ਨੇ ਸ਼ਿਰਕਿਤ ਕੀਤੀ।1903 ਤੋਂ 1967 ਤੱਕ ਦੇ ਸੰਘਰਸ਼ਮਈ ਇਤਿਹਾਸਿਕ ਤਥਾਂ ਨੂੰ ਤਰੀਕਾਂ,ਸੰਘਰਸ਼ੀਆਂ ਦੇ ਨਾਮ,ਤਸਵੀਰਾਂ ਇਕੱਤਰ ਕਰਕੇ ਇਕ ਰੌਚਿਕ ਪੁਸਤਿਕ ““ਇੰਡੋ-ਕਨੇਡੀਅਨ ਪ੍ਰਵਾਸੀਆਂ ਦਾ ਸੰਘੱਰਸ਼ਨਾਮਾਂ” ਨੂੰ ਰੂਪਮਾਨ ਕਰਨਾ ਕੁਜੇ ਵਿਚ ਸਮੁੰਦਰ ਬੰਦ ਕਰਨ ਵਾਲ ਗੱਲ ਹੈ ਅਤੇ ਸੁਰਿੰਦਰ ਸੰਘਾ ਪ੍ਰਸੰਸਾ ਦੇ ਪਾਤਰ ਹਨ।ਅਖੀਰ ਵਿਚ ਸਟੇਜ ਸੰਚਾਲਕ ਹਰਿੰਦਰਜੀਤ ਸੰਧੂ ਨੇ ਪਹੁੰਚੀਆ ਨਾਮਵਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ।

