ਭਵਨ ਦੇ ਟਰਸਟੀ ਬਹਾਦਰ ਸਿੰਘ ਸਿੱਧੂ ਯੂ.ਐੱਸ.ਏ ਦਾ ਮੈਡਲ ਅਤੇ ਦੁਸ਼ਾਲਾਂ ਪਾ ਕੇ ਕੀਤਾ ਸਨਮਾਨ-
ਮੁੱਲਾਂਪੁਰ ਦਾਖਾ, 23 ਅਕਤੂਬਰ – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਮਨਾਇਆ ਗਿਆ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਵਿਚਾਰਾਂ ਹੋਈਆਂ। ਇਸ ਸਮੇਂ ਬਾਵਾ ਨੇ ਦੱਸਿਆ ਕਿ ਭਗਤ ਸੈਣ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ ਅਤੇ ਸਾਨੂੰ ਸਭ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ‘ਚ ਧਾਰਨ ਕਰਨਾ ਚਾਹੀਦਾ ਹੈ। ਇਸ ਉਪਰੰਤ ਇੱਕ ਵਿਚਾਰ ਗੋਸ਼ਟੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਦੇ ਟਰਸਟੀ ਬਹਾਦਰ ਸਿੰਘ ਸਿੱਧੂ ਯੂ.ਐੱਸ.ਏ ਨੂੰ ਉਨ੍ਹਾਂ ਦੀ ਭਾਰਤ ਫੇਰੀ ਮੌਕੇ ਮੈਡਲ ਅਤੇ ਸ਼ਾਲ ਪਾ ਕੇ ਸਨਮਾਨ ਕਰਨ ਦੀ ਰਸਮ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਲਦੇਵ ਬਾਵਾ, ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪੰਚ ਭਗਵੰਤ ਸਿੰਘ, ਨੀਰਜ ਬਾਵਾ ਅਤੇ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਧੀਮਾਨ ਨੇ ਨਿਭਾਈ।
ਇਸ ਸਮੇਂ ਬਹਾਦਰ ਸਿੰਘ ਸਿੱਧੂ ਨੇ ਕਿਹਾ ਕਿ ਅਮਰੀਕਾ ਦੀ ਧਰਤੀ ‘ਤੇ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਨ ਵਿੱਚ ਬਾਵਾ ਦੀ ਅਗਵਾਈ ਵਿੱਚ ਸਾਰੀ ਟੀਮ ਨੇ ਮਿਲ ਕੇ ਕੰਮ ਕੀਤਾ। ਉਹਨਾਂ ਕਿਹਾ ਕਿ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਸਿੱਖ ਇਤਿਹਾਸ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਬਾਰੇ ਭਰਪੂਰ ਗਿਆਨ ਪ੍ਰਾਪਤ ਕਰਨ ਦਾ ਸੌਮਾ ਹੈ। ਉਹਨਾਂ ਇਸ ਸਮੇਂ ਉਹਨਾਂ ਨੂੰ ਦਿੱਤੇ ਸਨਮਾਨ ਲਈ ਵਿਸ਼ੇਸ਼ ਧੰਨਵਾਦ ਕੀਤਾ।
ਇਸ ਸਮੇਂ ਸ੍ਰੀ ਬਾਵਾ, ਬਲਦੇਵ ਅਤੇ ਗਿੱਲ ਨੇ ਬਹਾਦਰ ਸਿੰਘ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਮਰੀਕਾ ਦੀ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਜੋ ਟਰਸਟੀ ਵੀ ਹਨ ਅਤੇ ਬਹਾਦਰ ਸਿੰਘ ਸਭ ਮਿਲ ਕੇ ਸਿੱਖ ਇਤਿਹਾਸ ਦੀ ਵਡਮੁੱਲੀ ਸੇਵਾ ਕਰਦੇ ਹਨ।
