ਜਸਵਿੰਦਰ ਸੰਧੂ, ਬ੍ਰੈਂਪਟਨ
ਆਮ ਕਰਕੇ ਅਸੀਂ ਜਿੱਥੇ ਪੈਦਾ ਹੁੰਦੇ ਹਾਂ ਓਥੇ ਦੇ ਵਾਤਾਵਰਣ ਨੂੰ ਅਨੁਕੂਲ ਹੋਏ ਹੁੰਦੇ ਹਾਂ, ਜਾਣੀ ਕਿ ਆਪਣੀ ਚਮੜੀ ਦੀ ਦੇਖ-ਭਾਲ਼ ਕਰਨ ਲਈ ਆਪਣੀ ਜਨਮ ਭੋਏਂ ’ਚ ਸਾਨੂੰ ਕੋਈ ਖਾਸ ਅਹੁੜ-ਪਹੁੜ ਕਰਨ ਦੀ ਲੋੜ ਨਹੀਂ ਪੈਂਦੀ। ਮੈਂ ਆਪ ਆਪਣੇ ਪਰਿਵਾਰ ਨਾਲ਼ 42 ਕੁ ਸਾਲ ਦੀ ਉਮਰ ਵਿੱਚ ਕਨੇਡਾ ਆਇਆ ਸੀ ਅਤੇ ਕੋਈ ਯਾਦ-ਚੇਤੇ ਨਹੀਂ ਸੀ ਕਿ ਕਦੇ ਮੈਨੂੰ ਇੱਥੇ ਚਮੜੀ ਦੀ ਖੁਸ਼ਕੀ ਵੀ ਕੋਈ ਮੁਸ਼ਕਲ ਪੈਦਾ ਕਰ ਸਕਦੀ ਹੈ। ਪਰ ਕੁੱਝ ਦੇਰ ਬਾਅਦ ਹੀ ਮੈਨੂੰ ਇਸ ਨਾਲ਼ ਸਬੰਧਤ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜੋ ਅਸਲ ਵਿੱਚ ਇਸ ਦਿਸ਼ਾ ਦੀਆਂ ਮੁਸ਼ਕਲਾਂ ਦੀ ਸ਼ੁਰੂਆਤ ਹੀ ਸੀ। ਮੇਰਾ ਇੱਕ ਬੜਾ ਭੁਲੇਖਾ ਵੀ ਛੇਤੀ ਹੀ ਦੂਰ ਹੋ ਗਿਆ ਕਿ ਕੱਪੜਿਆਂ ਨਾਲ਼ ਕੱਜੇ ਅੰਗ ਤਾਂ ਖੁਸ਼ਕੀ ਦੇ ਸ਼ਿਕਾਰ ਹੋ ਹੀ ਨਹੀਂ ਸਕਦੇ। ਛੇਤੀ ਹੀ ਮੇਰੇ ਸਾਰੇ ਸਰੀਰ ਤੇ ਖੁਸ਼ਕੀ ਤੇ ਖੁਜਲੀ ਆਦਿ ਦੀ ਸ਼ੁਰੂਆਤ ਹੋ ਗਈ। ਪਰ ਓਦੋਂ ਤੱਕ ਮੈਨੂੰ ਕਾਰਨ ਦਾ ਪਤਾ ਨੀ ਲੱਗਿਆ ਸੀ। ਨਾ ਹੀ ਮੈਂ ਇਸ ਬਾਰੇ ਆਪਣੇ ਡਾਕਟਰ ਨਾਲ਼ ਹੀ ਗੱਲ-ਬਾਤ ਕੀਤੀ। ਕੁੱਝ ਪੁਰਾਣੇ ਤਜਰਬੇ ਕਾਰਨ ਮੈਂ ਇੱਕ ਹੋਮਿਓਪੈਥ ਕੋਲ਼ ਗਿਆ ਕਈ ਵਾਰ, ਕਿਉਂਕਿ ਲੁਧਿਆਣੇ ਰਹਿੰਦੇ ਹੋਏ ਮੇਰਾ ਇੱਕ ਚਮੜੀ ਦਾ ਰੋਗ ਹੋਮਿਓਪੈਥੀ ਨਾਲ਼ ਹੀ ਠੀਕ ਹੋਇਆ ਸੀ। ਮਰਦਾਂ ਦੇ ਗੁਪਤ ਅੰਗਾਂ (ਖਾਸ ਕਰਕੇ ਪਤਾਲ਼ੂਆਂ) ਤੇ ਖੁਸ਼ਕੀ ਕਾਰਨ ਖੁਰਕ ਹੋਣੀ ਤਾਂ ਆਮ ਲੋਕਾਂ ’ਚ ਦੇਖੀ ਜਾ ਸਕਦੀ ਹੈ। ਅਸਲ ਵਿੱਚ ਇਸ ਖੁਰਕ ਕਾਰਨ ਵਿਹਲੇ ਖੜ੍ਹਨ ਵਾਲ਼ੇ ਕਈ ਚੁਟਕਲੇ ਵੀ ਬਣੇ ਹੋਏ ਨੇ। ਖੈਰ ਉਸ ਹੋਮਿਓਪੈਥ ਨੇ ਆਖਰ ’ਚ ਹੱਥ ਖੜ੍ਹੇ ਕਰ ਦਿੱਤੇ ਅਤੇ ਮੈਨੂੰ ਤੇਲ ਵਰਤ ਕੇ ਦੇਖਣ ਦੀ ਸਲਾਹ ਦੇ ਕੇ ਮੈਥੋਂ ਆਪਣਾ ਪਿੱਛਾ ਛੁਡਾਇਆ।
ਪਰ ਤੇਲ ਵਰਤਣ ਨੇ ਮੇਰੀ ਗੁਪਤ ਅੰਗਾਂ ਦੀ ਖੁਰਕ ਠੀਕ ਕਰ ਦਿੱਤੀ। ਪ੍ਰੰਤੂ ਮੈਂ ਆਪਣੇ ਬਾਕੀ ਸਰੀਰ ਤੇ ਅਜੇ ਵੀ ਤੇਲ ਲਾਉਣ ਤੋਂ ਕੁਤਾਹੀ ਕਰਦਾ ਰਿਹਾ ਕਿਉਂਕਿ ਕੱਪੜਿਆਂ ਨੂੰ ਤੇਲ ਨਾਲ਼ ਗੰਦੇ ਹੋਣ ਤੋਂ ਬਚਾਉਣਾ ਚਾਹੁੰਦਾ ਸੀ। ਲੱਤਾਂ-ਬਾਹਾਂ ਤਾਂ ਮੈਂ ਆਮ ਸਭ ਦੇ ਸਾਹਮਣੇ ਖੁਰਕ ਲੈਂਦਾ ਸੀ, ਪਰ ਆਪਣੇ ਚਮੜੀ-ਰੋਗਾਂ ਦੇ ਸਪੈਲਿਸ਼ਟ ਭਤੀਜੇ ਦੇ ਸਾਹਮਣੇ ਜਦੋਂ ਦੋ ਕੁ ਵਾਰ ਲੱਤਾਂ ਤੇ ਖੁਰਕ ਕੀਤੀ ਤਾਂ ਉਸ ਨੇ ਖੋਪੇ ਦੇ ਤੇਲ ਵਰਤਣ ਦੀ ਸਲਾਹ ਦਿੱਤੀ ਜੋ ਕਾਰਗਰ ਸਾਬਤ ਹੋਈ। ਫੇਰ ਥੋੜ੍ਹੀ ਬਹੁਤ ਇੰਟਰਨੈੱਟ ਦੀ ਖੋਜ ਅਤੇ ਤਰਕ ਨਾਲ਼ ਇਸ ਨਤੀਜੇ ਤੇ ਪਹੁੰਚ ਗਿਆ ਕਿ ਕੋਈ ਵੀ ਤੇਲ ਸਾਡੀ ਚਮੜੀ ਲਈ ਠੀਕ ਹੋ ਸਕਦਾ ਹੈ। ਖੋਪੇ ਦੇ ਤੇਲ ਦਾ ਕਣ ਬਾਕੀ ਤੇਲਾਂ ਦੇ ਕਣਾਂ ਤੋਂ ਜ਼ਰਾ ਕੁ ਵੱਡਾ ਹੋਣ ਕਾਰਨ ਉਹ ਹੋਰ ਵੀ ਠੀਕ ਹੈ, ਪਰ ਉਹ ਕਨੇਡਾ ਦੇ ਮੌਸਮ ਵਿੱਚ ਜਮ ਹੀ ਜਾਂਦਾ ਹੈ ਅਤੇ ਵਰਤਣ ਲਈ ਉਸ ਨੂੰ ਨਿੱਘਾ ਕਰਨਾ ਪੈਣ ਦਾ ਦਕੰਮਣ ਕਰਨਾ ਪੈਂਦਾ ਹੈ। ਇੱਕ ਗੱਲ ਜੋ ਸਮਝਣ ਵਾਲ਼ੀ ਹੈ ਉਹ ਇਹ ਹੈ ਕਿ ਇਹ ਬਾਹਰੋਂ ਲਾਏ ਤੇਲ ਆਦਿ ਸਾਡੀ ਚਮੜੀ ਦੇ ਅੰਦਰੂਨੀ ਤੇਲਾਂ ਅਤੇ ਨਮੀ ਨੂੰ ਬਚਾ ਕੇ ਰੱਖਣ ਦਾ ਕੰਮ ਕਰਦੇ ਹਨ। ਜਿਸ ਨੂੰ ਮਸ਼ਹੂਰੀਆਂ/ਐਡਾਂ ਹੋਰ ਹੀ ਕੁੱਝ ਬਣਾ ਕੇ ਪੇਸ਼ ਕਰਦੀਆਂ ਹਨ। ਇੰਟਰਨੈੱਟ ਦਾ ਇੱਕ ਰਿਵਿਊ (AI Overview) ਇਉਂ ਹੈ “Body oil is a moisturizer for your skin, and it can be a single ingredient like Jojoba, Sunflower, or Coconut oil, or a blend of different oils. Oils hydrate the skin, help lock in moisture, and can be used to improve skin tone and reduce the signs of aging.” ਜਾਣੀ ਕਿ ਇੰਟਰਨੈੱਟ ਵੀ ਜ਼ਿਆਦਾਤਰ ਵਪਾਰ ਕਰਨ ਦੀ ਜਾਣਕਾਰੀ ਦੇ ਨਾਲ਼ ਹੀ ਭਰਪੂਰ ਹੈ।
ਬੱਸ ਗੱਲ ਇੰਨੀ ਕੁ ਸਮਝਣ ਵਾਲ਼ੀ ਹੈ ਕਿ ਸਾਡੀ ਚਮੜੀ ਦੀ ਚਮਕ-ਦਮਕ ਬਣੀ ਰੱਖਣ ਲਈ ਸਿਰਫ਼ ਤੇਲ ਦੀ ਜ਼ਰੂਰਤ ਹੈ ਭਾਵੇਂ ਕੋਈ ਵੀ ਤੇਲ ਹੋਵੇ। ਫੇਰ ਖਾਣ-ਪਕਾਉਣ ਵਾਲ਼ੇ ਤੇ ਸਰੀਰ ਤੇ ਲਾਏ ਜਾਣ ਵਾਲ਼ੇ ਤੇਲਾਂ ਦਾ ਵੀ ਰੌਲ਼ਾ ਹੋ ਸਕਦਾ ਹੈ। ਇਹ ਵੀ ਫਾਲਤੂ ਦਾ ਹੀ ਰੌਲ਼ਾ ਹੈ। ਸਰੀਰ ਨੂੰ ਸਭ ਤੇਲ ਮਾਫ਼ਕ ਹਨ। ਮੈਂ ਸਭ ਤੋਂ ਸਸਤਾ ਤੇਲ (ਕਨੋਲਾ) ਵਰਤਦਾ ਹਾਂ ਅਤੇ ਪਿਛਲੇ ਵੀਹ-ਪੱਚੀ ਸਾਲਾਂ ਤੋਂ ਵਰਤਦਾ ਆ ਰਿਹਾ ਹਾਂ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਦਾ ਮੈਂ ਨਾਹੁਣ ਪਿੱਛੋਂ ਤੇਲ ਦੀ ਵਰਤੋਂ ਕਰਦਾ ਆ ਰਿਹਾ ਹਾਂ ਓਦੋਂ ਦੀ ਕੋਈ ਇੱਦਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ।
ਮੇਰਾ ਅਨੁਮਾਨ ਹੈ ਕਿ ਆਪਣੇ ਦੱਖਣੀ ਏਸ਼ੀਅਨਾਂ ਦੇ ਅੱਧ ਤੋਂ ਵੱਧ ਬਵਾਸੀਰਾਂ ਦੀਆਂ ਸ਼ਿਕਾਇਤਾਂ ਅਸਲ ਵਿੱਚ ਬਵਾਸੀਰ ਕਾਰਨ ਨਹੀਂ ਸਗੋਂ ਆਪਣੇ ਸਰੀਰ ਦੇ ਉਸ ਹਿੱਸੇ (ਟੱਟੀ-ਸੁਰਾਖ਼) ਦੀ ਖੁਸ਼ਕੀ ਕਾਰਨ ਚਮੜੀ ਦੇ ਫਟਣ ਕਾਰਨ ਆਇਆ ਖੂਨ ਹੁੰਦਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੇਲ ਦੀ ਵਰਤੋਂ ਬਵਾਸੀਰ ਦੀ ਇਸ ਗਲਤ ਪਛਾਣ ਨੂੰ ਵੀ ਕਾਫ਼ੀ ਹੱਦ ਤੱਕ ਠੀਕ ਕਰ ਸਕਦੀ ਹੈ। ਵੈਸੇ ਸਾਡੇ ਸਭ ਦੀ ਚਮੜੀ ਵੀ ਸਾਡੀਆਂ ਬਾਕੀ ਅਸਮਾਨਤਾਵਾਂ ਵਾਂਙ ਹੀ ਵੱਖੋ-ਵੱਖਰੀ ਹੁੰਦੀ ਹੈ। ਕਿਸੇ ਦੀ ਜ਼ਿਆਦਾ ਖੁਸ਼ਕ ਤੇ ਕਿਸੇ ਦੀ ਘੱਟ। ਮੇਰੀ ਆਪਣੀ ਚਮੜੀ ਜ਼ਿਆਦਾ ਵਾਲ਼ੇ ਪਾਸੇ ਨੂੰ ਹੈ। ਪਰ ਜਦੋਂ ਦੀ ਤੇਲ ਦੀ ਵਰਤੋਂ ਸ਼ੁਰੂ ਕੀਤੀ ਹੈ ਓਦੋਂ ਦੀ ਇਸ ਨਾਲ਼ ਸਬੰਧਤ ਕੋਈ ਮੁਸ਼ਕਲ ਨਹੀਂ ਆਈ। ਗੋਰੇ ਤੇ ਨੇਟਿਵ (ਆਦਿਵਾਸੀ) ਕਨੇਡੀਅਨ ਲੋਕ ਵੀ ਤੇਲਾਂ/ਵੈਸਲੀਨ ਆਦਿ ਦੀ ਵਰਤੋਂ ਕਰਦੇ ਹਨ, ਪਰ ਉਨ੍ਹਾਂ ਦੀ ਚਮੜੀ ਸਾਡੀ ਚਮੜੀ ਨਾਲ਼ੋਂ ਜ਼ਿਆਦਾ ਅਨੁਕੂਲ ਹੈ ਕਨੇਡਾ ਦੇ ਮੌਸਮ ਵਾਸਤੇ। ਸੋ ਉਨ੍ਹਾਂ ਨਾਲ਼ ਜਾਂ ਹੋਰ ਕਿਸੇ ਨਾਲ਼ ਤੁਲਨਾ ਕਰਨ ਦੀ ਲੋੜ ਨਹੀਂ, ਸਗੋਂ ਸਾਨੂੰ ਆਪਣੀ ਜ਼ਰੂਰਤ ਮੁਤਾਬਿਕ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।
