ਜਬਰੀ ਵਸੂਲੀਆਂ ਤੇ ਦਹਿਸ਼ਤੀ ਸਰਗਰਮੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ–
ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਦੀ ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਨੇ ਇਕ ਲਿਖਤੀ ਪੱਤਰ ਰਾਹੀਂ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੈਂਗਰੀ ਨੂੰ ਲਿਖਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਦੀ ਸੁਰੱਖਿਆ ਬਣਾਈ ਰੱਖਣ ਲਈ ਤੁਹਾਡੇ ਲਗਾਤਾਰ ਸਾਥ ਲਈ ਧੰਨਵਾਦ। ਮੈਂ ਕੈਨੇਡਾ ਸਰਕਾਰ ਵੱਲੋਂ ਕ੍ਰਿਮੀਨਲ ਕੋਡ ਅਧੀਨ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਦਰਜ ਕਰਨ ਦੀ ਵੀ ਸ਼ਲਾਘਾ ਕਰਦੀ ਹਾਂ। ਗੈਰ-ਕਾਨੂੰਨੀ ਵਿੱਤੀ ਸਰੋਤਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਸੰਪਤੀਆਂ ਜ਼ਬਤ ਕਰਨ ਦੀ ਸਹੂਲਤ ਦੇਣਾ, ਸੰਗਠਿਤ ਅਪਰਾਧ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਅਸੀਂ ਜ਼ਮਾਨਤ ਅਤੇ ਸਜ਼ਾ ਸੰਬੰਧੀ ਵਿਧਾਨਕ ਸੁਧਾਰਾਂ ‘ਤੇ ਮੰਤਰੀ ਫਰੇਜ਼ਰ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਉਤਸ਼ਾਹਤ ਹਾਂ, ਅਤੇ ਤੁਹਾਡੇ ਅਧਿਕਾਰੀਆਂ ਵੱਲੋਂ ਇਸ ਮਾਮਲੇ ‘ਤੇ ਦਿੱਤੇ ਧਿਆਨ ਦੀ ਸ਼ਲਾਘਾ ਕਰਦੇ ਹਾਂ।
ਜਬਰਨ ਵਸੂਲੀ ਇੱਕ ਗੰਭੀਰ ਅਪਰਾਧ ਹੈ ਜੋ ਕੈਨੇਡਾ ਭਰ ਵਿੱਚ ਲੋਕਾਂ, ਵਪਾਰਾਂ ਅਤੇ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸਦਾ ਸਭ ਤੋਂ ਵੱਧ ਅਸਰ ਦੱਖਣੀ ਏਸ਼ੀਆਈ ਭਾਈਚਾਰੇ ‘ਤੇ ਪੈ ਰਿਹਾ ਹੈ। ਜਿਵੇਂ ਅਸੀਂ ਪਹਿਲਾਂ ਗੱਲਬਾਤ ਕੀਤੀ ਹੈ, ਇਸ ਮਾਮਲੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਵਾਲੀ ਪਹੁੰਚ ਦੀ ਲੋੜ ਹੈ।
ਤੁਹਾਨੂੰ ਪਤਾ ਹੋਵੇਗਾ ਕਿ ਬ੍ਰਿਟਿਸ਼ ਕੋਲੰਬੀਆ ਨੇ ‘ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ’ ਦੀ ਸਥਾਪਨਾ ਕੀਤੀ ਹੈ ਤਾਂ ਜੋ ਵੱਖ-ਵੱਖ ਅਧਿਕਾਰ ਖੇਤਰਾਂ ਦਰਮਿਆਨ ਤਾਲਮੇਲ ਬਣਾਇਆ ਜਾ ਸਕੇ। ਇਹ ਟਾਸਕ ਫੋਰਸ ਸੂਬੇ ਭਰ ਦੀਆਂ ਏਜੰਸੀਆਂ ਨੂੰ ਇਕੱਠਾ ਕਰਦੀ ਹੈ, ਜਿਸ ਵਿੱਚ BC RCMP, CFSEU-BC, ਮਿਊਂਨਿਸੀਪਲ ਪੂਲਿਸ ਸੇਵਾਵਾਂ, ਟ੍ਰਾਂਜ਼ਿਟ ਪੂਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਰਗੇ ਫੈਡਰਲ ਸਾਥੀ ਸ਼ਾਮਲ ਹਨ। ਇਹ ਮਾਡਲ ਖੁਫੀਆ ਜਾਣਕਾਰੀ ਨੂੰ ਸੁਮੇਲਿਤ ਕਰਦਾ ਹੈ, ਸਥਾਨਕ ਜਾਂਚਾਂ ਨੂੰ ਸਹਿਯੋਗ ਦਿੰਦਾ ਹੈ ਅਤੇ ਕਾਰਵਾਈ ਨੂੰ ਸਭ ਤੋਂ ਵੱਧ ਖਤਰਨਾਕ ਦੋਸ਼ੀਆਂ ‘ਤੇ ਕੇਂਦਰਿਤ ਕਰਦਾ ਹੈ।
ਹਾਲ ਹੀ ਵਿੱਚ ਕੁਝ ਸਰਕਾਰੀ ਸੰਸਦ ਮੈਂਬਰਾਂ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਕਿ ਸੂਬੇ ਨੇ ਫੈਡਰਲ ਸਹਿਯੋਗ ਦੀ ਮੰਗ ਨਹੀਂ ਕੀਤੀ। ਗੱਲ ਨੂੰ ਸਪੱਸ਼ਟ ਕਰਦਿਆਂ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡੇ ਅਧਿਕਾਰੀ ਤੁਹਾਡੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੇ ਹਨ ਅਤੇ ਅਸੀਂ ਹੁਣ ਤੱਕ ਹੋਈ ਸਾਂਝੀ ਕੋਸ਼ਿਸ਼ ਲਈ ਧੰਨਵਾਦੀ ਹਾਂ।
ਜਿਵੇਂ ਤੁਸੀਂ ਜਾਣਦੇ ਹੋ, ਕਾਰਜਕਾਰੀ ਸੁਤੰਤਰਤਾ ਅਨੁਸਾਰ, ਵਧੇਰੇ ਪੁਲਿਸ ਸਰੋਤਾਂ ਲਈ ਅਧਿਕਾਰਕ ਬੇਨਤੀਆਂ, ਪੁਲਿਸ ਪ੍ਰਬੰਧਨ ਵੱਲੋਂ ਨਿਰਧਾਰਤ ਤਰੀਕਿਆਂ ਨਾਲ ਕੀਤੀਆਂ ਜਾਂਦੀਆਂ ਹਨ, ਅਤੇ ਸਾਡਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਰੁਕਾਵਟ ਨਾ ਆਵੇ ਅਤੇ ਜਿਹੜਾ ਸਹਿਯੋਗ ਲੋੜੀਂਦਾ ਹੋਵੇ, ਉਹ ਮੁਹੱਈਆ ਕੀਤਾ ਜਾਵੇ। ਹਾਲਾਂਕਿ, ਜਿਵੇਂ ਕਿ ਹਮੇਸ਼ਾ ਹੋਇਆ ਹੈ, ਅਸੀਂ ਕਿਸੇ ਵੀ ਵਧੇਰੇ ਫੈਡਰਲ ਸਰੋਤ ਜਾਂ ਉਪਰਾਲੇ ਦਾ ਸਵਾਗਤ ਕਰਦੇ ਹਾਂ ਜੋ ਜਾਂਚਾਂ ਨੂੰ ਤੇਜ਼ ਕਰਨ, ਅਪਰਾਧਿਕ ਸੰਪਤੀਆਂ ਨੂੰ ਜ਼ਬਤ ਕਰਨ ਅਤੇ ਪਰਿਵਾਰਾਂ ਅਤੇ ਵਪਾਰਾਂ ਦੀ ਸੁਰੱਖਿਆ ਕਰਨ ਵਿੱਚ ਮਦਦਗਾਰ ਹੋ ਸਕਣ। ਮੈਂ, ਖਾਸ ਤੌਰ ‘ਤੇ, ਹੇਠ ਲਿਖੇ, ਲੋੜ ਮੁਤਾਬਕ ਢੱਲਣ ਵਾਲੇ ਵਸੀਲਿਆਂ ‘ਤੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੀ, ਜਿਨ੍ਹਾਂ ਨੂੰ ਸਾਡੀਆਂ ਆਪਣੀਆਂ ਏਜੰਸੀਆਂ ਦੇ ਕਾਰਜਕਾਰੀ ਅਧਿਕਾਰੀਆਂ ਵੱਲੋਂ ਤਿਆਰ ਕੀਤਾ ਜਾਵੇਗਾ:
- ਕੈਨੇਡਾ ਸਰਕਾਰ ਵੱਲੋਂ ਬੀ.ਸੀ. ਐਕਸਟੋਰਸ਼ਨ ਟਾਸਕ ਫੋਰਸ ਲਈ ਨਿਰਧਾਰਤ ਕੀਤੇ ਜਾ ਸਕਣ ਵਾਲੇ ਕੋਈ ਵੀ ਵਧੇਰੇ RCMP ਫੈਡਰਲ ਪੁਲਿਸ ਅਧਿਕਾਰੀ ਅਤੇ ਵਿਸ਼ਲੇਸ਼ਕ।
- ਪੀੜਤਾਂ ਲਈ ਸਹਾਇਤਾ, ਭਾਈਚਾਰਕ ਪਹੁੰਚ ਅਤੇ ਸੁਰੱਖਿਆ ਯੋਜਨਾਬੰਦੀ ਸਮੇਤ ਕੋਈ ਵੀ ਵਧੇਰੇ ਫੈਡਰਲ ਆਰਥਿਕ ਸਹਾਇਤਾ।
- ਫੈਡਰਲ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦਾ ਵਧੀਆ ਖੁਫੀਆ ਜਾਣਕਾਰੀ ਸਹਿਯੋਗ, ਜਿਸ ਵਿੱਚ ਨਿਰਧਾਰਤ ‘ਲੀਏਜ਼ੌਨ’ (ਦੋ ਪਾਰਟੀਆਂ ਦਰਮਿਆਨ ਸੰਪਰਕ ਕਾਇਮ ਕਰਨ ਵਾਲੇ ਵਿਅਕਤੀ)ਅਤੇ ਤੇਜ਼ੀ ਨਾਲ ਤਕਨੀਕੀ ਜਾਣਕਾਰੀ ਸਾਂਝਾ ਕਰਨ ਦੀ ਪ੍ਰਕਿਰਿਆ ਸ਼ਾਮਲ ਹੋਵੇ।
ਹਾਲ ਹੀ ਵਿੱਚ ਹੋਈ ਫੈਡਰਲ, ਸੂਬਾਈ ਅਤੇ ਟੈਰੀਟੋਰੀਅਲ ਮੀਟਿੰਗ ਵਿੱਚ, ਬ੍ਰਿਟਿਸ਼ ਕੋਲੰਬੀਆ ਨੇ ਰਾਸ਼ਟਰੀ ਜ਼ਮਾਨਤ ਅਤੇ ਸਜ਼ਾ ਸੰਬੰਧੀ ਸੁਧਾਰਾਂ ਵਿੱਚ ਜਬਰਨ ਵਸੂਲੀ ਨੂੰ ਸ਼ਾਮਲ ਕਰਨ ਦੀ ਹਿਮਾਇਤ ਕੀਤੀ। ਇਸ ਵਿੱਚ ਸ਼ਾਮਲ ਹੈ – ਹਿੰਸਕ ਜਬਰਨ ਵਸੂਲੀ ਦੇ ਮਾਮਲਿਆਂ ਵਿੱਚ ਜ਼ਮਾਨਤ ਲਈ ਸਬੂਤ ਪੇਸ਼ ਕਰਨ ਦੀ ਜ਼ਿੰਮੇਵਾਰੀ (reverse onus), ਰਿਹਾਈ ਦੌਰਾਨ ਹਥਿਆਰਾਂ ‘ਤੇ ਪਾਬੰਦੀ, ਅਤੇ ਜਦੋਂ ਜਬਰਨ ਵਸੂਲੀ, ਇਰਾਦੇ ਨਾਲ ਅੱਗ ਲਗਾਉਣ (arson) ਨਾਲ ਜੁੜੀ ਹੋਵੇ, ਤਾਂ ਲਗਾਤਾਰ ਸਜ਼ਾਵਾਂ ਲਗਾਉਣ ਦੀ ਸਿਫਾਰਸ਼। ਸਾਨੂੰ ਇਹ ਦੇਖਕੇ ਖੁਸ਼ੀ ਹੋਈ ਕਿ ਇਹ ਤੱਤ ਫੈਡਰਲ ਵਿਧਾਨ ਵਿੱਚ ਪ੍ਰਸਤਾਵਿਤ ਸੁਧਾਰਾਂ ਵਿੱਚ ਦਰਸਾਏ ਗਏ ਹਨ, ਅਤੇ ਅਸੀਂ ਮੰਤਰੀ ਫਰੇਜ਼ਰ ਨਾਲ ਸੰਸਦ ਰਾਹੀਂ ਇਹ ਉਪਾਅ ਅੱਗੇ ਵਧਾਉਣ ਵਿੱਚ ਸਹਿਯੋਗ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।
ਸਾਡਾ ਸਾਂਝਾ ਮਕਸਦ ਸਪਸ਼ਟ ਹੈ; ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਭਰ ਦੇ ਨਿਵਾਸੀ, ਬਿਨਾਂ ਡਰ ਤੋਂ ਜ਼ਿੰਦਗੀ ਜੀਉਣ ਅਤੇ ਵਪਾਰ ਕਰਨ ਦੇ ਹੱਕਦਾਰ ਹਨ। ਸੰਯੁਕਤ ਜਾਂਚਾਂ ਤੋਂ ਮਿਲ ਰਹੇ ਸ਼ੁਰੂਆਤੀ ਨਤੀਜੇ ਉਤਸ਼ਾਹਜਨਕ ਹਨ। ਕਈ ਅਧਿਕਾਰ ਖੇਤਰਾਂ ਵਿੱਚ ਗ੍ਰਿਫਤਾਰੀਆਂ ਅਤੇ ਦੋਸ਼ ਲਗਾਏ ਗਏ ਹਨ। ਪਰ, ਅਸੀਂ ਕਿਸੇ ਵੀ ਵਧੇਰੇ ਫੈਡਰਲ ਸਹਿਯੋਗ ਦਾ ਸਵਾਗਤ ਕਰਦੇ ਹਾਂ, ਜੋ ਜਾਂਚਾਂ ਵਿੱਚ ਮਦਦਗਾਰ ਹੋਵੇ, ਤਾਂ ਜੋ ਅਸੀਂ ਵਿਦੇਸ਼ ਤੋਂ ਆ ਰਹੀ ਦਖਲਅੰਦਾਜ਼ੀ ਨੂੰ ਹੋਰ ਤੇਜ਼ੀ ਨਾਲ ਰੋਕ ਸਕੀਏ, ਨਕਦੀ ਅਤੇ ਹਥਿਆਰਾਂ ਦੀ ਆਵਾਜਾਈ ਬੰਦ ਕਰ ਸਕੀਏ, ਅਤੇ ਦੋਸ਼ੀਆਂ ਨੂੰ ਸਜ਼ਾ ਦੇ ਸਕੀਏ।
ਤੁਹਾਡੇ ਸਾਥ ਅਤੇ ਤੁਹਾਡੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਲਈ ਇੱਕ ਵਾਰ ਫਿਰ ਤੋਂ ਧੰਨਵਾਦ। ਜਦੋਂ ਵੀ ਅਜਿਹਾ ਕਰਨਾ ਤੁਹਾਡੇ ਲਈ ਸੁਵਿਧਾਜਨਕ ਹੋਵੇ, ਮੇਰਾ ਦਫ਼ਤਰ ਇਹਨਾਂ ਮਾਮਲਿਆਂ ‘ਤੇ ਅੱਗੇ ਦੀ ਕਾਰਵਾਈ ਲਈ ਸਾਡੀਆਂ ਟੀਮਾਂ ਨੂੰ ਤੁਹਾਡੇ ਨਾਲ ਜੋੜੇਗਾ। ਮੈਂ ਇਸ ਕੰਮ ਨੂੰ ਇਕੱਠੇ ਅੱਗੇ ਵਧਾਉਣ ਦੀ ਉਮੀਦ ਕਰਦੀ ਹਾਂ।
ਆਦਰ ਸਹਿਤ,
ਨੀਨਾ ਕਰੀਗਰ
ਸੌਲਿਸਿਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ
ਬ੍ਰਿਟਿਸ਼ ਕੋਲੰਬੀਆ।
