Mar 7, 2026

ਸੁਖਵਿੰਦਰ ਸਿੰਘ ਚੋਹਲਾ–

ਕੈਨੇਡਾ ਵਿਚ ਵਸਦੇ ਸਾਉਥ ਏਸ਼ੀਅਨ ਖਾਸ ਕਰਕੇ ਪੰਜਾਬੀ ਭਾਈਚਾਰੇ ਵਿਚ ਗੈਂਗਸਟਰਾਂ ਵਲੋਂ ਜਬਰੀ ਵਸੂਲੀ, ਗੋਲੀਬਾਰੀ ਤੇ ਧਮਕੀਆਂ ਤੋਂ ਅੱਗੇ ਹੁਣ ਕਤਲ ਦੀਆਂ ਵਾਰਦਾਤਾਂ ਨੇ ਡਰ ਤੇ ਸਹਿਮ ਦਾ ਅਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਕੋਈ ਵੀ ਕਾਰੋਬਾਰੀ ਆਪਣੇ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਇਸ ਹਫਤੇ ਐਬਸਫੋਰਡ ਵਿਚ ਇਕ ਉਘੇ ਪੰਜਾਬੀ ਕਾਰੋਬਾਰੀ ਦੀ ਉਸਦੇ ਘਰ ਦੇ ਬਾਹਰ ਦਿਨ ਦਿਹਾੜੇ ਗੋਲੀਆਂ ਮਾਰਕੇ ਕੀਤੀ ਗਈ ਹੱਤਿਆ ਨੇ ਪੂਰੇ ਕੈਨੇਡੀਅਨ ਪੰਜਾਬੀ ਭਾਈਚਾਰੇ ਨੂੰ ਧੁਰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ ਹੈ। ਪਹਿਲਾਂ ਤਾਂ ਇਹ ਖਬਰਾਂ ਸਨ ਕਿ ਫਲਾਂ ਗੈਂਗਸਟਰ ਗਰੁੱਪ ਵਲੋਂ ਕਾਰੋਬਾਰੀਆਂ ਨੂੰ ਜਬਰੀ ਵਸੂਲੀ ਲਈ ਧਮਕੀ ਪੱਤਰ,ਟੈਕਸਟ ਮੈਸਜ ਜਾਂ ਫੋਨ ਕਾਲਾਂ ਤੋਂ ਬਾਦ ਘਰ ਜਾਂ ਕਾਰੋਬਾਰ ਉਪਰ ਗੋਲੀਬਾਰੀ ਕੀਤੀ ਜਾਂਦੀ ਹੈ ਤਾਂਕਿ ਡਰ ਤੇ ਦਹਿਸ਼ਤ ਦਾ ਮਾਹੌਲ ਬਣਾਕੇ ਫਿਰੌਤੀ ਵਸੂਲੀ ਜਾ ਸਕੇ। ਪਰ ਹੁਣ ਫਿਰੌਤੀ ਦੇਣ ਤੋਂ ਇਨਕਾਰੀ ਹੋਣ ਤੇ ਕਿਸੇ ਵਪਾਰੀ ਜਾਂ ਕਾਰੋਬਾਰੀ ਨੂੰ ਜਾਨੋਂ ਮਾਰ ਦੇਣ ਦੀਆਂ ਖਬਰਾਂ ਦਿਲ ਕੰਬਾਊ ਹਨ। ਪੁਲਿਸ ਸੂਤਰਾਂ ਮੁਤਾਬਿਕ ਨਵੰਬਰ 2023 ਤੋਂ ਸਤੰਬਰ 2025 ਦੇ ਵਿਚਾਲੇ ਜਬਰੀ ਵਸੂਲੀ ਨਾਲ ਸਬੰਧਤ ਘਟਨਾਵਾਂ ਦੀਆਂ 38 ਰਿਪੋਰਟਾਂ ਦਰਜ ਹੋਈਆਂ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਅਹਿੰਸਕ ਤਰੀਕੇ ਸ਼ਾਮਲ ਸਨ।

ਪਿਛਲੇ ਕੁਝ ਸਮੇਂ ਤੋਂ ਗੈਂਗਸਟਰ ਗਰੁੱਪ ਦੀਆਂ ਅਜਿਹੀਆਂ ਸਰਗਰਮੀਆਂ ਅਤੇ ਦਹਿਸ਼ਤੀ ਕਾਰਵਾਈਆਂ ਖਿਲਾਫ ਜਨਤਕ ਇਕੱਠਾਂ ਰਾਹੀਂ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਉਪਰ ਕਾਫੀ ਦਬਾਅ ਬਣਾਇਆ ਗਿਆ ਤਾਂਕਿ ਕੈਨੇਡਾ ਵਰਗੇ ਸ਼ਾਂਤੀ ਪਸੰਦ ਮੁਲਕ ਵਿਚ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਤੇ ਰੋਕ ਲਗਾਕੇ ਲੋਕਾਂ ਨੂੰ ਸੁਰੱਖਿਅਤ ਹੋਣ ਦਾ ਅਹਿਸਾਸ ਦਿਵਾਇਆ ਜਾ ਸਕੇ। ਬੀਸੀ, ਅਲਬਰਟਾ ਅਤੇ ਓਨਟਾਰੀਓ ਦੇ ਪ੍ਰੀਮੀਅਰਾਂ ਤੋਂ ਇਲਾਵਾ ਪ੍ਰਮੁੱਖ ਸ਼ਹਿਰਾਂ ਦੇ ਮੇਅਰਾਂ ਵਲੋਂ ਫੈਡਰਲ ਸਰਕਾਰ ਉਪਰ ਲਗਾਤਾਰ ਦਬਾਅ ਬਣਾਉਂਦਿਆਂ ਇਹ ਮੰਗ ਰੱਖੀ ਗਈ ਕਿ ਇਹਨਾਂ ਦਹਿਸ਼ਤੀ ਸਰਗਰਮੀਆਂ ਪਿੱਛੇ ਕੰਮ ਕਰ ਰਹੇ ਇੰਡੀਆ ਦੇ ਗੈਂਗਸਟਰ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇ ਤਾਂਕਿ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਲਈ ਪੁਲਿਸ ਨੂੰ ਵਸੀਹ ਅਧਿਕਾਰ ਪ੍ਰਾਪਤ ਹੋ ਸਕਣ। ਇਸ ਮੰਗ ਨੂੰ ਜਾਇਜ਼ ਮੰਨਦਿਆਂ ਫੈਡਰਲ ਸਰਕਾਰ ਵਲੋਂ ਪਿਛਲੇ ਦਿਨਾਂ ਦੌਰਾਨ ਹੀ ਬਿਸ਼ਨੋਈ ਗਰੁੱਪ ਨੂੰ ਅਤਵਾਦੀ ਸੰਗਠਨ ਐਲਾਨਿਆ  ਗਿਆ। ਮੁੱਖ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਵਲੋਂ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਲਈ ‘ਜੇਲ ਨਾਟ ਬੇਲ’ ਦੀ ਮੁਹਿੰਮ ਆਰੰਭੀ ਗਈ। ਫੈਡਰਲ ਸਰਕਾਰ ਵਲੋਂ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਉਪਰੰਤ ਉਮੀਦ ਕੀਤੀ ਜਾਂਦੀ ਸੀ ਕਿ ਇਸ ਐਲਾਨ ਨਾਲ ਇਸ ਗੈਂਗਸਟਰ ਗਰੁੱਪ ਦੇ ਮੈਂਬਰਾਂ ਵਿਚ ਪੁਲਿਸ ਫੋਰਸ ਦਾ ਕੋਈ ਖੌਫ ਪੈਦਾ ਹੋਵੇਗਾ ਤੇ ਉਹਨਾਂ ਦੀਆਂ ਸਰਗਰਮੀਆਂ ਤੇ ਕੁਝ ਰੋਕ ਲੱਗ ਸਕੇਗੀ। ਪਰ ਵੇਖਣ ਵਿਚ ਆਇਆ ਕਿ ਜਿਵੇ ਗੈਂਗਸਟਰ ਗਰੁੱਪ ਨੇ ਫੈਡਰਲ ਸਰਕਾਰ ਦੇ ਐਲਾਨ ਉਪਰੰਤ ਆਪਣੀਆਂ ਸਰਗਰਮੀਆਂ ਵਿਚ ਵਾਧਾ ਕਰਦਿਆਂ ਪੁਲਿਸ ਫੋਰਸ ਨੂੰ ਕੋਈ ਨਵੀਂ ਚੁਣੌਤੀ ਦੇ ਦਿੱਤੀ ਹੋਵੇ। ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਦੇ ਤੁਰੰਤ ਬਾਦ ਬਦਮਾਸ਼ਾਂ ਵਲੋਂ ਉਘੇ ਕਾਮੇਡੀਅਨ ਕਪਿਲ ਸ਼ਰਮਾ ਦੇ ਸਰੀ ਸਥਿਤ ਕਾਰੋਬਾਰ ਉਪਰ ਮੁੜ ਗੋਲੀਬਾਰੀ ਕੀਤੀ ਗਈ ਤੇ ਬਾਕਾਇਦਾ ਵੀਡੀਓ ਪਾਕੇ ਇਸਦੀ ਜਿੰਮੇਵਾਰੀ ਵੀ ਲਈ ਗਈ। ਸਰੀ ਪੁਲਿਸ ਤੇ ਆਰ ਸੀ ਐਮ ਪੀ ਇਸ ਵੀਡੀਓ ਦੇ ਤੁਰੰਤ ਜਵਾਬ ਵਿਚ ਕੋਈ ਵੀ ਕਾਰਵਾਈ ਨਾ ਕਰ ਸਕੀ। ਇਸਤੋਂ ਬਾਦ ਮੁੜ ਲਗਾਤਾਰ ਗੋਲੀਬਾਰੀ ਤੇ ਜਬਰੀ ਵਸੂਲੀ ਲਈ ਧਮਕੀਆਂ ਦਾ ਸਿਲਸਲਾ ਤੇਜੀ ਨਾਲ ਚੱਲਿਆ। ਹੁਣ ਇਸ ਦਹਿਸ਼ਤੀ ਸਿਲਸਿਲੇ ਦੀ ਸਿਖਰ ਇਹ ਰਹੀ ਹੀ ਕਿ ਐਬਸਫੋਰਡ ਦੇ ਨਾਮੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਉਸਦੇ ਘਰ ਦੇ ਬਾਹਰ ਹੀ ਗੋਲੀਆਂ ਨਾਲ ਵਿੰਨ ਦਿੱਤਾ ਗਿਆ। ਗੈਂਗਸਟਰਾਂ ਨੇ ਬੇਖੌਫ ਹੁੰਦਿਆਂ ਇਸ ਕਤਲ ਦੀ ਜਿੰਮੇਵਾਰੀ ਲਈ ਤੇ ਕਤਲ ਦਾ ਕਾਰਣ ਦੱਸਿਆ ਕਿ ਉਹ ਫਿਰੌਤੀ ਦੇਣ ਤੋਂ ਇਨਕਾਰੀ ਸੀ। ਉਹਨਾਂ ਕਾਰੋਬਾਰੀ ਉਪਰ ਡਰੱਗ ਦੇ ਧੰਦੇ ਵਿਚ ਸ਼ਾਮਿਲ ਹੋਣ ਦੇ ਦੋਸ਼ ਵੀ ਲਗਾਏ। ਗੈਂਗਸਟਰਾਂ ਵਲੋਂ ਇਕ ਨਾਮੀ ਕਾਰੋਬਾਰੀ ਦੀ ਦਿਨ ਦਿਹਾੜੇ ਹੱਤਿਆ ਅਤੇ ਉਲਟਾ ਉਸਦੇ ਚਰਿਤਰਘਾਤ ਦੀ ਕੋਸ਼ਿਸ਼ ਅਤਿ ਘਿਨਾਉਣੀ ਘਟਨਾ ਹੈ। ਕਾਰੋਬਾਰੀ ਦੀ ਹੱਤਿਆ ਉਪਰੰਤ ਉਘੇ ਗਾਇਕ ਚੰਨੀ ਨੱਤਾਂ ਦੇ ਘਰ ਉਪਰ ਵੀ ਗੋਲੀਆਂ ਦਾਗੀਆਂ ਗਈਆਂ ਤੇ ਸੋਸ਼ਲ ਮੀਡੀਆ ਉਪਰ ਧਮਕੀਆਂ ਦਿੱਤੀਆਂ ਗਈਆਂ। ਇਥੇ ਹੀ ਬੱਸ ਨਹੀਂ ਦੋ-ਤਿੰਨ ਦਿਨਾਂ ਦੇ ਵਿਚ ਵਿਚ ਕਈ ਹੋਰ ਥਾਵਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਗੋਲੀਬਾਰੀ ਨਾਲ ਸਬੰਧਿਤ ਦੋ ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਗਿਆ ਹੈ। ਪੁਲਿਸ ਨੇ ਇਹ ਦਾਅਵਾ ਕੁਝ ਮਹੀਨੇ ਪਹਿਲਾਂ ਵੀ ਕੀਤਾ ਸੀ ਪਰ ਜਨਤਕ ਰੂਪ ਵਿਚ ਕੋਈ ਪ੍ਰਾਪਤੀ ਸਾਹਮਣੇ ਨਹੀਂ ਆਈ। ਪਿਛਲੇ ਸਮੇਂ ਦੌਰਾਨ ਆਰ ਸੀ ਐਮ ਪੀ ਵਰਗੀ ਪੁਲਿਸ ਫੋਰਸ ਕੈਨੇਡਾ ਵਿਚ ਜਬਰੀ ਵਸੂਲੀ, ਗੋਲੀਬਾਰੀ ਤੇ ਕਤਲਾਂ ਦੀਆਂ ਘਟਨਾਵਾਂ ਵਿਚ ਸ਼ਾਮਿਲ ਭਾਰਤ ਸਥਿਤ ਬਿਸ਼ਨੋਈ ਗਰੁੱਪ ਨੂੰ ਜਿੰਮੇਵਾਰ ਦੱਸਦਿਆਂ, ਇਸਨੂੰ ਵਿਦੇਸ਼ੀ ਦਖਲਅੰਦਾਜੀ ਅਤੇ ਕੌਮਾਂਤਰੀ ਅਪਰਾਧ ਨਾਲ ਵੀ ਜੋੜਦੀ ਆਈ ਹੈ ਪਰ ਪੁਲਿਸ ਫੋਰਸ ਨੇ ਇਹਨਾਂ ਦੋਸ਼ਾਂ ਤੋਂ ਇਲਾਵਾ ਕਿਤੇ ਵੀ ਕੋਈ ਠੋਸ ਕਾਰਵਾਈ ਦੀ ਮਿਸਾਲ ਪੈਦਾ ਨਹੀ ਕੀਤੀ। ਬਲਕਿ ਜਨਤਕ ਇਕੱਠਾਂ ਦੌਰਾਨ ਤਾਂ ਪੁਲਿਸ ਫੋਰਸ ਦੇ ਮੁਖੀ ਜਾਂ ਹੋਰ ਅਧਿਕਾਰੀ  ਕੈਨੇਡਾ ਵਿਚ ਅਪਰਾਧ ਦੀ ਇਸ ਸਮੱਸਿਆ ਨੂੰ ਕੈਨੇਡੀਅਨ ਸਮੱਸਿਆ ਨਹੀ ਬਲਕਿ ਪੰਜਾਬੀ ਭਾਈਚਾਰੇ ਦੀ ਸਮੱਸਿਆ ਬਿਆਨ ਕਰਦੇ ਦਿਖਾਈ ਦਿੱਤੇ ਹਨ। ਕਿਤੇ ਵੀ ਕੈਨੇਡੀਅਨ ਪੁਲਿਸ ਫੋਰਸ ਨੇ ਅਪਰਾਧੀਆਂ ਖਿਲਾਫ ਕੋਈ ਅਜਿਹੀ ਮਿਸਾਲੀ ਕਾਰਵਾਈ ਨਹੀ ਕੀਤੀ ਕਿ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕੇ।

ਇਸ ਦੌਰਾਨ ਅਫਸੋਸਨਾਕ ਪਹਿਲੂ ਇਹ ਹੈ ਕਿ ਸੋਸ਼ਲ ਮੀਡੀਆ ਉਪਰ ਪੰਜਾਬੀ ਮੂਲ ਦੇ ਐਮ ਪੀਜ਼ ਅਤੇ ਹੋਰ ਜਨਤਕ ਪ੍ਰਤੀਨਿਧਾਂ ਦੀਆਂ ਤਸਵੀਰਾਂ ਲਗਾਕੇ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਹਨ। ਜਦੋਂਕਿ ਸੱਚਾਈ ਇਹ ਹੈ ਕਿ ਹਾਉਸ ਆਫ ਕਾਮਨਜ਼ ਵਿਚ ਪੰਜਾਬੀ ਮੂਲ ਦੇ ਮੈਂਬਰਾਂ ਨੇ ਲਗਾਤਾਰ ਇਸ ਮੁੱਦੇ ਨੂੰ ਉਭਾਰਨ ਦਾ ਯਤਨ ਕੀਤਾ ਤੇ ਲੋਕਾਂ ਦੀ ਸੁਰੱਖਿਆ ਅਤੇ ਅਮਨ ਕਨੂੰਨ ਦੀ ਮਜ਼ਬੂਤੀ ਦੀ ਮੰਗ ਕੀਤੀ ਗਈ। ਸਮਝਣ ਵਾਲੀ ਗੱਲ ਇਹ ਹੈ ਕਿ ਕਿਸੇ ਸ਼ਹਿਰ, ਪ੍ਰਾਂਤ ਜਾਂ ਮੁਲਕ ਵਿਚ ਅਮਨ ਕਨੂੰਨ ਦੀ ਰਾਖੀ ਅਤੇ ਲੋਕਾਂ ਲਈ ਸੁਰੱਖਿਅਤ ਮਾਹੌਲ ਦੀ ਪਹਿਲੀ ਜਿੰਮੇਵਾਰੀ ਪੁਲਿਸ ਫੋਰਸ ਉਪਰ ਹੁੰਦੀ ਹੈ ਪਰ ਸਾਉਥ ਏਸ਼ੀਅਨ ਭਾਈਚਾਰੇ ਵਿਚ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਲਈ ਪੁਲਿਸ ਫੋਰਸ ਦੀ ਥਾਂ ਪੰਜਾਬੀ ਪ੍ਰਤੀਨਿਧਾਂ ਨੂੰ ਸਵਾਲ ਕੀਤੇ ਜਾ ਰਹੇ ਹਨ। ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਸ਼ਹਿਰ ਜਿਥੇ ਮਿਊਂਸਪਲ ਪੁਲਿਸ ਦੀ ਸਥਾਪਨਾ ਹੀ ਇਸ ਮਕਸਦ ਲਈ ਕੀਤੀ ਗਈ ਸੀ ਕਿ ਸਥਾਨਕ ਲੋਕ ਸਮਝਦੇ ਸਨ ਕਿ ਆਰ ਸੀ ਐਮ ਪੀ ਪੰਜਾਬੀ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਹੀ ਲੈਂਦੀ। ਪਰ ਹੁਣ ਸਵਾਲ ਹੈ ਕਿ ਸਰੀ ਵਿਚ ਮਿਊਂਸਪਲ ਪੁਲਿਸ ਦੀ ਕਾਇਮੀ ਉਪਰੰਤ ਇਸਦੀ ਪ੍ਰਾਪਤੀ ਕੀ ਹੈ ? ਸਰੀ ਪੁਲਿਸ ਦੇ ਮੁਖੀ ਨੇ ਕਦੇ ਜਨਤਕ ਰੂਪ ਵਿਚ ਆਪਣੀ ਪੁਲਿਸ ਫੋਰਸ ਦੀ ਕੋਈ ਪ੍ਰਾਪਤੀ ਗਿਣਾਈ ਹੈ ਜਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਦਾ ਯਤਨ ਕੀਤਾ ਹੈ ਕਿ ਉਹ ਲੋਕਾਂ ਲਈ ਕੰਮ ਕਰ ਰਹੇ ਹਨ ? ਸਰੀ ਸ਼ਹਿਰ ਵਿਚ ਦਿਨ ਦਿਹਾੜੇ ਗੋਲੀਆਂ ਚਲਦੀਆਂ ਹਨ, ਲੁੱਟਾਂ ਖੋਹਾਂ ਹੁੰਦੀਆਂ ਹਨ, ਕਿਸੇ ਕਾਰੋਬਾਰੀ ਨੂੰ ਦਫਤਰ ਵਿਚ ਬੈਠਿਆਂ ਗੋਲੀਆਂ ਮਾਰਨ ਉਪਰੰਤ ਕਾਤਲ ਸਾਫ ਬਚਕੇ ਨਿਕਲ ਜਾਂਦੇ ਹਨ ਪਰ ਪੁਲਿਸ ਨੇ ਕਦੇ ਵੀ ਕਿਸੇ ਅਪਰਾਧੀ ਨੂੰ ਘਟਨਾ ਉਪਰੰਤ ਦਬੋਚ ਲੈਣ ਜਾਂ ਬਾਦ ਵਿਚ ਕਿਸੇ ਜਾਂਚ ਵਿਚ ਸਫਲ ਹੋਣ ਦਾ ਖੁਲਾਸਾ ਨਹੀ ਕੀਤਾ। ਅਜਿਹੇ ਹਾਲਾਤ ਹਨ ਕਿ ਲੋਕਾਂ ਵਿਸ਼ੇਸ਼ ਕਰਕੇ ਪੰਜਾਬੀ ਭਾਈਚਾਰੇ ਨੂੰ ਪੁਲਿਸ ਫੋਰਸ ਉਪਰ ਅਪਰਾਧੀਆਂ ਖਿਲਾਫ ਕਿਸੇ ਠੋਸ ਕਾਰਵਾਈ ਦਾ ਕੋਈ ਯਕੀਨ ਹੀ ਨਹੀਂ ਹੈ। ਪੁਲਿਸ ਫੋਰਸ ਦਾ ਵਿਹਾਰ ਵੀ ਅਜਿਹਾ ਹੈ ਕਿ ਸਾਉਥ ਏਸ਼ੀਅਨ ਭਾਈਚਾਰੇ ਜਾਂ ਪੰਜਾਬੀ ਭਾਈਚਾਰੇ ਵਿਚ ਵਾਪਰਨ ਵਾਲੀ ਕੋਈ ਵੀ ਅਪਰਾਧਿਕ ਘਟਨਾ ਖਿਲਾਫ ਤੁਰੰਤ ਕੋਈ ਕਾਰਵਾਈ ਜਿਵੇਂ ਉਹਨਾਂ ਦੇ ਅਧਿਕਾਰ ਖੇਤਰ ਵਿਚ ਹੀ ਨਾ ਹੋਵੇ। ਪੁਲਿਸ ਫੋਰਸ ਦਾ ਉਦਾਸੀਨ ਰਵੱਈਆ ਕੈਨੇਡੀਅਨ ਪੰਜਾਬੀ ਭਾਈਚਾਰੇ ਪ੍ਰਤੀ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਹੈ। ਕੈਨੇਡੀਅਨ ਪੰਜਾਬੀ ਸਵਾਲ ਕਰਨ ਲੱਗੇ ਹਨ ਕਿ ਕੀ ਉਹ ਕੈਨੇਡੀਅਨ ਮੁਖ ਧਾਰਾ ਦਾ ਹਿੱਸਾ ਵੀ ਹਨ ਜਾਂ ਨਹੀ ?

ਪੁਲਿਸ ਫੋਰਸ ਦੀ ਜਵਾਬਦੇਹੀ ਤੈਅ ਕਰਨ ਦੀ ਬਿਜਾਏ ਵਿਦੇਸ਼ੀ ਦਖਲਅੰਦਾਜੀ ਦੇ ਦੋਸ਼ਾਂ ਨੂੰ ਉਭਾਰਨ ਦੇ ਯਤਨਾਂ ਤਹਿਤ ਡਰ,ਸੰਸੇ ਅਤੇ ਅਵਿਸ਼ਵਾਸ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਅਤੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ, ਪੁਲਿਸ ਫੋਰਸ ਦੀ ਪਹਿਲੀ ਜਿੰਮੇਵਾਰੀ ਹੈ। ਇਸ ਘੜੀ ਕਿਸੇ ਸਿਆਸੀ ਧਿਰ, ਪੰਜਾਬੀ ਪ੍ਰਤੀਨਿਧਾਂ ਨੂੰ ਸਵਾਲ ਕਰਨ ਜਾਂ ਅਵਿਸ਼ਵਾਸ ਦੇ ਮਾਹੌਲ ਨੂੰ ਹਵਾ ਦੇਣ ਦੀ ਬਿਜਾਏ ਪੁਲਿਸ ਫੋਰਸ ਦੀ ਜਵਾਬਦੇਹੀ ਤੈਅ ਕਰਨ ਲਈ ਆਵਾਜ਼ ਬੁਲੰਦ ਕਰਨ ਦੀ ਵਧੇਰੇ ਲੋੜ ਹੈ।