Mar 7, 2026
-ਗੁਰਮੀਤ ਸਿੰ ਘ ਪਲਾਹੀ
( 9  ਨਵੰਬਰ 2025 ਨੂੰ ਪਿੰਡ ਕੌਲਗੜ੍ਹ ਵਿਖੇ ਪੰਜਾਬੀ ਸਾਹਿਤ ਸਭਾ ਬਲਾਚੌਰ ਰਜਿ ਵਲੋਂ ” ਡਾ. ਸਾਧੂ ਸਿੰਘ ਹਮਦਰਦ ਪੁਰਸਕਾਰ ” ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੂੰ ਭੇਂਟ ਕਰਨ ਸਮੇਂ ਖ਼ਾਸ ਲੇਖ)
                     ਹਮੀਰ ਸਿੰਘ ਨਿਰੰਤਰ ਤੁਰਿਆ ਹੈ। ਉਹ ਵਗਦਾ ਦਰਿਆ ਹੈ, ਜੋ ਕਦੇ ਖੜੋਤ ਪਸੰਦ ਨਹੀਂ ਕਰਦਾ। ਉਹ ਕਦੇ ਸ਼ੋਹਰਤਾਂ ਲਈ ਨਹੀਂ ਤੁਰਿਆ, ਨਾ ਹੀ ਉਸ ਆਪਣੀਆਂ ਪੈੜਾਂ ਨੂੰ ਸ਼ਿਲਾਲੇਖ ਬਣਾਉਣ ਦੀ ਹਸਰਤ ਰੱਖੀ ਹੈ। ਹਰਫ਼ਾਂ ਦੀ ਇਬਾਰਤ, ਸ਼ਬਦ-ਸ਼ਕਤੀ ਉਸਦੇ ਗਹਿਣੇ ਹਨ। ਬੇਬਾਕ, ਗ਼ਰੀਬ, ਮਿਹਨਤੀ, ਸ਼ੋਸ਼ਿਤ ਲੋਕਾਂ ਦੀ ਜ਼ੁਬਾਨ ਬਣਨਾ ਹੀ ਉਸ ਦੇ ਜਿਊਣ ਦਾ ਮਕਸਦ ਹੈ। ਸੋਚਣ, ਸਮਝਣ ਅਤੇ ਕਰਨ ਜਿਹੇ ਜ਼ਿੰਦਗੀ ਦੇ ਤਿੰਨ ਥੰਮ੍ਹ ਉਸ ਦੀ ਕਾਰਜਵਿਧੀ ਹਨ। ਹਮੀਰ ਸਿੰਘ ਉੱਤੇ ਗੁਲਜ਼ਾਰ ਬਾਰੇ ਕਵੀ ਸੁਖਬੀਰ ਦੇ ਬੋਲ ਜਿਵੇਂ ਹੂ-ਬ-ਹੂ ਢੁਕਦੇ ਹਨ : “ਨਾ ਜਾਨੇ ਕਿਸ ਤਰਫ਼ ਨਿਕਲਾ ਹੈ, ਵੋ ਅਪਨੀ ਕਲਮ ਲੈ ਕਰ। ਕਿਤਾਬੇ ਫੜਫੜਾਤੀਂ ਹੈਂ, ਛੜੀ ਕੇ ਬਜਨੇ ਕੀ ਆਵਾਜ਼ ਆਤੀ ਹੈਂ।”
                   ਕਿਸਾਨ ਅੰਦੋਲਨ ਵੇਲੇ ਹਮੀਰ ਸਿੰਘ ਗਰਜਿਆ। ਧਰਤੀ ਦੇ ਜਾਇਆਂ  ਨਾਲ਼ ਖੜ੍ਹਿਆ। ਲੈਂਡ ਪੂਲਿੰਗ ਮਾਮਲੇ ‘ਤੇ ਉਸ ਆਪਣੇ ਤਰਕ ਨਾਲ਼  ਸਰਕਾਰ ਨੂੰ ਹਿਲਾ ਦਿੱਤਾ। ਉਹ ਡਰਿਆ ਨਹੀਂ, ਤ੍ਰਬਕਿਆ ਨਹੀਂ ; ਉਸ ਲਿਖਿਆ, ਉਹ ਬੋਲਿਆ। ਉਸ ਪੰਜਾਬ ਦਾ ਕੋਨਾ-ਕੋਨਾ ਗਾਹ ਸੁੱਟਿਆ। ਜਿੱਥੇ-ਜਿੱਥੇ ਜਦੋਂ – ਜਦੋਂ ਵੀ ਲੋੜ ਪਈ, ਉਹ ਲੋਕਾਂ ਦੇ ਅੰਗ-ਸੰਗ ਹੋ ਨਿਬੜਿਆ। ਉਹ ਪੰਜਾਬ, ਪੰਜਾਬੀ,ਪੰਜਾਬੀਅਤ ਅਤੇ ਪੰਜਾਬੀਆਂ ਦੀ ਗੱਲ ਤਰਕ ਅਤੇ ਦਲੀਲ ਨਾਲ਼ ਕਰਨ ਵਾਲ਼ਾ ਨਿਡਰ,ਦਲੇਰ, ਅਣਖੀਲਾ ਤੇ ਸੂਝਵਾਨ ਅਲੰਬਰਦਾਰ ਹੈ।
             ਪੰਜਾਬ, ਪੰਜਾਬੀ, ਪੰਜਾਬੀਅਤ ਨਾਲ਼ ਖੜ੍ਹਨ ਵਾਲ਼ਾ ਹਮੀਰ ਸਿੰਘ —  ਤਿੰਨ ਪੋਸਟ ਗ੍ਰੈਜੂਏਟ ਡਿਗਰੀਆਂ ਦਾ ਮੁਹਤਾਜ ਨਹੀਂ ; ਪੀ.ਐੱਚ.ਡੀ. ਤੇ ਡੀ.ਲਿੱਟ. ਜਿਹੀਆਂ ਅਨੇਕਾਂ ਡਿਗਰੀਆਂ ਦਾ ਅਸਲ ‘ਚ ਹੱਕਦਾਰ ਹੈ।
          ਉਹ ਸ਼ਬਦਾਂ ‘ਚ ਰੰਗ ਭਰਦਾ ਹੈ। ਛਲੇਡਿਆਂ ਦੇ ਹਜੂਮ ਨਾਲ਼ ਸ਼ਾਮਲ ਨਹੀਂ ਹੁੰਦਾ। ਨਾ ਕੋਈ ਗੰਢ-ਤੁੱਪ ਕਰਦਾ ਹੈ, ਨਾ ਚਾਪਲੂਸੀ ਜਾਂ ਜੁਗਾੜਬੰਦੀ। ਉਹ ਤੁਰਦਾ ਹੈ ਤਾਂ ਨੱਕ ਦੀ ਸੇਧੇ। ਕਲਮਕਾਰੀ ਹੱਥ ‘ਤੇ ਦਸਤਾਨੇ ਪਾ ਕੇ ਨਹੀਂ ਕਰਦਾ। ਉਹ ਸ਼ਬਦਾਂ ਦੇ ਤਪ-ਤੇਜ ਨੂੰ ਸਿਰਫ਼ ਸਫ਼ਿਆਂ ‘ਤੇ ਨਹੀਂ ਉਤਾਰਦਾ, ਬੋਲਾਂ ਨਾਲ਼ ਲੋਕਾਂ ਦੇ ਮਨਾਂ ਅੰਦਰ ਵੀ ਗਹਿਰਾਈ ਨਾਲ਼ ਪਹੁੰਚਾ ਦਿੰਦਾ ਹੈ।
            ਪੰਜਾਬ ਦੇ ਪਿੰਡ-ਪਿੰਡ “ਗ੍ਰਾਮ ਸਭਾ”  ਦਾ ਹੋਕਾ ਦਿੰਦਾ ਹਮੀਰ ਸਿੰਘ — ਜਦੋਂ ਮਨੁੱਖੀ ਅਧਿਕਾਰਾਂ ਦਾ ਰਾਖਾ ਬਣ, ਆਪਣੇ ਫ਼ਰਜ਼ ਨਿਭਾਉਂਦਾ ਹੋਇਆ ਬਣਾਉਟੀ, ਨਕਲੀ, ਚਾਲਬਾਜ਼ੀ ਵਾਲੀ ਲਿੰਬੀ-ਪੋਚੀ ਹੋਈ ਜਾਅਲੀ ਸਮਾਜ ਸੇਵਾ ਦੇ ਬਖੀਏ ਉਧੇੜਦਾ ਹੈ ਤਾਂ ਜਾਪਦਾ ਹੈ ਕਿ ਉਹ “ਧਰਤੀ ਦਾ ਪੁੱਤ”  ਹੋਣ ਦਾ ਫਰਜ਼ ਨਿਭਾ ਰਿਹਾ ਹੈ।
             ਇੱਕ ਸਮਾਜਿਕ, ਸਿਆਸੀ ਕਾਰਕੁੰਨ ਵਜੋਂ, ਇੱਕ ਪੱਤਰਕਾਰ ਵਜੋਂ ਉਸਨੇ ਕਦੇ ਵੀ ਆਪਣੇ ਫ਼ਰਜ਼ਾਂ ਤੋਂ ਕੁਤਾਹੀ ਨਹੀਂ ਕੀਤੀ। ਆਪਣੇ ਬੋਲਾਂ ਅਤੇ  ਲਿਖਤਾਂ ਰਾਹੀਂ ਉਸਨੇ ਬੇਖੌਫ਼ ਹੋ ਕੇ ਆਪਣਾ ਫ਼ਰਜ਼ ਨਿਭਾਇਆ ਹੈ। ਕਦੇ ਨਾ ਬੁਝਣ ਵਾਲਾ ਦੀਵਾ, ਗਾਉਣ ਵਾਲਾ ਫੁੱਲ, ਮਘਦਾ ਸੂਰਜ,ਜ਼ਿੰਦਗੀ ਨੂੰ ਸੰਘਰਸ਼ ਸਮਝਣ ਵਾਲ਼ਾ ਹਮੀਰ ਸਿੰਘ—ਉਸ ਬਾਰੇ ਕਿਸੇ ਕਵੀ ਦੇ ਬੋਲ ਬਹੁਤ ਢੁਕਵੇਂ ਹਨ — “ਜ਼ਿੰਦਗੀ ਲੋਥ ਹੈ ਨਾ ਲਾਸ਼ ਹੈ। ਜ਼ਿੰਦਗੀ ਸੋਚ ਹੈ, ਪ੍ਰਕਾਸ਼ ਹੈ। ਮੰਜ਼ਲ ਉਹਨਾਂ ਦੇ ਪੈਰ ਚੁੰਮਦੀ, ਜਿਨ੍ਹਾਂ ਨੂੰ ਆਪਣੇ ‘ਤੇ ਵਿਸ਼ਵਾਸ ਹੈ। ਜੋ ਨੇ ਤਲੀਆਂ ‘ਤੇ ਸੀਸ ਰੱਖਦੇ, ਉਹਨਾਂ ਦੇ ਨਾਂ ‘ਤੇ ਜਿਉਂਦਾ ਇਤਿਹਾਸ ਹੈ।”
            ਹਮੀਰ ਸਿੰਘ ਇਤਿਹਾਸ ਸਿਰਜ ਰਿਹਾ ਹੈ, ਇੱਕ ਪਰਪੱਕ ਪੱਤਰਕਾਰ ਦੇ ਤੌਰ ‘ਤੇ ਆਪਣਾ ਫ਼ਰਜ਼ ਨਿਭਾਅ ਰਿਹਾ ਹੈ। ਉਹ ਗਿਆਨ-ਹੀਣ, ਬਲ-ਹੀਣ, ਭਾਵ-ਹੀਣ, ਅਣਖ-ਹੀਣ ਲੋਕਾਂ ਦੇ ਮਨਾਂ ਵਿੱਚ ਗਿਆਨ, ਬਲ, ਭਾਵ ਅਤੇ ਅਣਖ ਦਾ ਦੀਵਾ ਬਾਲ਼ ਰਿਹਾ ਹੈ। ਅੱਜ ਜਦੋਂ ਜ਼ੁਲਮ, ਤਸ਼ੱਦਦ, ਚੀਕ-ਪੁਕਾਰ, ਭੁੱਖ, ਲੁੱਟ, ਜਹਾਲਤ, ਅਨਿਆਂ, ਧੌਂਸ, ਦਲਾਲੀ, ਰਿਸ਼ਵਤਖੋਰੀ ਨੇ ਸਮਾਜ ਵਿੱਚ ਸੜਾਂਦ ਦੀ ਸਥਿਤੀ ਪੈਦਾ ਕੀਤੀ ਹੋਈ ਹੈ ; ਅੱਤਿਆਚਾਰ ਤੇ ਅਪਰਾਧ ਅਮਰ ਵੇਲ ਵਾਂਗਰ ਵਧ ਰਹੇ ਹਨ; ਹੱਡ-ਭੰਨਵੀਂ ਮਿਹਨਤ ਕਰਨ ਵਾਲ਼ਿਆਂ ਦੇ ਘਰਾਂ ਦੇ ਸੱਖਣੇ ਭਾਂਡੇ, ਠੰਢੇ-ਚੁੱਲ੍ਹੇ ਤਵਾਰੀਖ਼ ਦੇ ਕਾਲੇ ਪਰਛਾਵੇਂ ਬਣ ਰਹੇ ਹਨ, ਤਾਂ ਹਮੀਰ ਸਿੰਘ ਨੂੰ ਇਹ ਚੀਖ,ਇਹ ਰੁਦਨ ਸਵੀਕਾਰ ਨਹੀਂ।
 ਉਹ ਮੁਕਤੀ ਜੁਗਤ ਸੰਵਾਦ ਰਚਾਉਂਦਾ, ਬੁੱਧ ਦੇ ਵਿਵੇਕ ਦੀ ਗੱਲ ਕਰਦਾ ਹੈ। ਜੰਤਰੀ-ਮੰਤਰੀ, ਵਸਤੂ-ਮੁੱਲਾਂ ਦੀਆਂ ਧੱਜੀਆਂ ਉਡਾਉਂਦਾ ਹੈ। ਉਸ ਦੇ ਬੋਲ ਬਿਮਾਰ ਮਾਨਸਿਕਤਾ ਦਾ ਇਲਾਜ ਕਰਦੇ ਹਨ। ਰਾਜਨੀਤਿਕ ਮੱਕਾਰੀ, ਆਰਥਿਕ ਨਾਬਰਾਬਰੀ, ਮਿਹਨਤ ਦੀ ਲੁੱਟ, ਸੱਭਿਆਚਾਰਕ ਗਿਰਾਵਟ, ਅਣਮਨੁੱਖੀ ਵਿਵਹਾਰ ਵਿਰੁੱਧ ਉਸ ਦੀ ਕਲਮ ਅਤੇ ਉਸ ਦੇ ਬੋਲਾਂ ਦਾ ਸੰਘਰਸ਼ ਲੋਕ-ਚੇਤਨਾ, ਲੋਕ-ਅਨੁਭਵ, ਲੋਕ-ਕਾਰਜ ਅਤੇ ਲੋਕ-ਸਿਰਜਣਾ ਦੀ ਬਾਤ ਪਾਉਂਦਾ ਹੈ। ਉਸਦੀ ਸੋਚ, ਕਲਮ ਦੀ ਅੱਖ ‘ਚ ਵੰਗਾਰ ਦੀ ਗੱਲ ਕਰਦੀ ਹੈ ; ਰਣਭੂਮੀ ਵਿੱਚ ਡੁੱਲ੍ਹਦੇ ਲਹੂ ਦੇ ਸੇਕ ਦੀ ਗੱਲ ਕਰਦੀ ਹੈ ; ਚਿੱਬ-ਖੜ੍ਹਿਬੇ ਸਮਾਜ ਨੂੰ ਸੇਧ ਦੇਣ ਦੀ ਗੱਲ ਕਰਦੀ ਹੈ। ਉਸ ਦੇ ਲਈ ਸਮੇਂ ਦਾ ਸੱਚ — ਮਸ਼ਾਲ ਬਾਲ਼ ਕੇ ਚੱਲਣਾ ਹੈ। ਉਹ ਕਲਪਨਾ ਦੀਆਂ ਪੁੜੀਆਂ ਨਾਲ਼ ਢਿੱਡ ਦੀਆਂ ਆਂਦਰਾਂ ਨੂੰ ਠੰਢਾ ਕਰਨ ਦੀ ਗੱਲ ਨਹੀਂ ਕਰਦਾ। ਉਹ ਸੀਸ ਤਲੀ ‘ਤੇ ਧਰ ਕੇ ਇਕੱਠੇ ਹੋ ਕੇ ਡੱਟ ਜਾਣ ਦਾ ਪਾਠ ਪੜ੍ਹਾਉਂਦਾ ਹੈ। ਉਸ ਦੇ ਬੇਬਾਕ ਬੋਲ ਪੰਜਾਬ ਦੀ ਫਿਜ਼ਾਅ ‘ਚ ਗੂੰਜਦੇ, ਹਰ ਉਸ ਵਿਅਕਤੀ ਦੀ ਚੇਤਨਾ ਨੂੰ ਝੰਜੋੜਦੇ ਹਨ, ਜਿਸਦੇ ਮਨ ‘ਚ ਪੰਜਾਬ ਲਈ ਰਤਾ ਭਰ ਵੀ ਤੇਹ-ਪਿਆਰ, ਦਰਦ ਅਤੇ ਫ਼ਿਕਰ ਹੈ।
         ਹਮੀਰ ਸਿੰਘ ਗਿਆਨਵਾਨ ਹੈ। ਗਿਆਨਵਾਨ ਲੋਕ ਹੀ ਤਿਆਗ ਦੀ ਥਾਂ ਸਾਧਨਾ ਦਾ ਰਸਤਾ ਚੁਣਦੇ ਹਨ। ਉਹ ਰਾਹ ਚੁਣਦੇ ਹਨ ਜਿਸ ‘ਤੇ ਚੱਲਦਿਆਂ ਜ਼ਿੰਦਗੀ ਸਿਰਫ਼ ਜਗਤ ਤਮਾਸ਼ਾ ਨਾ ਵੇਖੇ, ਸਗੋਂ ਜਗਤ ਦੀ ਗੱਲ ਕਰੇ, ਜਿਊਣਾ ਸਫ਼ਲ ਕਰੇ, ਧਰਤੀ ਦਾ ਕਰਜ਼ਾ ਮੋੜੇ, ਆਮ ਲੋਕਾਂ ਨੂੰ ਅਗਿਆਨ ਦੇ ਹਨੇਰੇ ‘ਚੋਂ ਕੱਢਣ ਦਾ ਸਾਧਨ ਬਣੇ। ਹਮੀਰ ਸਿੰਘ ਹਉਕਾ ਨਹੀ, ਹੋਕਾ ਹੈ। ਉਹ ਬੇਬਸੀ ਨਹੀਂ, ਹੁੰਗਾਰਾ ਹੈ। ਉਹ ਚੀਕ ਨਹੀਂ, ਹੇਕ ਹੈ। ਉਹ ਲੋਕ-ਸੱਥ ਨਾਲ ਸਿੱਧਾ ਸੰਚਾਰ ਕਰਨ ਵਾਲ਼ਾ ਸੰਵਾਦੀ, ਵਿਸ਼ਾਲ-ਭੰਡਾਰੀ ਯੋਧਾ ਹੈ। ਉਹ ਇਨਕਲਾਬੀ,ਅਣਖੀਲੇ ਵਿਚਾਰਾਂ ਦਾ ਵਹਿੰਦਾ ਝਰਨਾ ਹੈ, ਜੋ ਲੋਕ-ਮਨਾਂ ‘ਚ ਆਪ-ਮੁਹਾਰੇ ਹੀ ਤਰੋ-ਤਾਜ਼ਾ ਹਵਾ ਦੇ ਬੁੱਲੇ ਵਾਂਗਰ ਸਮਾ ਜਾਂਦਾ ਹੈ।ਬੀਤੇ ਅਨੇਕਾਂ ਵਰ੍ਹਿਆਂ ਤੋਂ ਅਡੋਲ ਰਹਿ ਬਿਨਾਂ ਕਿਸੇ ਝਿਜਕ,ਡਰ,ਭੈਅ ਦੇ ਲੋਕਾਂ ਦੇ ਹੱਕਾਂ ਲਈ ਡਕੈਤਾਂ,ਲੁਟੇਰਿਆਂ, ਬੇਈਮਾਨ ਰਹਿਬਰਾਂ,ਭੂ-ਮਾਫੀਆ ਦਲਾਲਾਂ, ਧਰਮ-ਵਪਾਰੀਆਂ, ਲੋਕ ਮਾਰੂ ਨੀਤੀ- ਘਾੜਿਆਂ,ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ੇਖੋਰਾਂ, ਕੁੜੀ-ਮਾਰਾਂ,ਵਿੱਦਿਅਕ ਵਪਾਰੀਆਂ ਦੇ ਪਰਖੱਚੇ ਉਡਾਉਂਦਿਆਂ, ਨਾ ਉਹ ਆਪ ਥੱਕਿਆ ਹੈ, ਨਾ ਉਸ ਦੇ ਬੋਲ ਥੱਕੇ ਹਨ, ਨਾ ਹੀ ਉਸ ਦੀ ਕਲਮ ਹੰਭੀ ਹੈ। ਉਸ ਦੇ ਟੁਣਕਦੇ ਬੋਲ ਮਨੁੱਖ ਦੀ ਚੇਤਨਾ ਨੂੰ ਆਰ ਲਾਉਂਦੇ ਹਨ, ਰਾਹ ਦਿੰਦੇ ਹਨ। ਉਹ ਇੱਕ ਸਿਰੜੀ ਵਿਚਾਰਵਾਨ, ਜੁਝਾਰੂ ਪੱਤਰਕਾਰ ਵਜੋਂ ਆਪਣੇ ਬੋਲਾਂ ਅਤੇ ਲਿਖਤਾਂ ਰਾਹੀਂ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ, ਉਜੜ ਰਹੇ ਪੰਜਾਬ ਨੂੰ ਠੁੰਮਣਾ ਦੇਣ ਲਈ ਹਰ ਸੰਭਵ ਜਤਨ ਕਰ ਰਿਹਾ ਹੈ।
ਸਹੀ ਅਰਥਾਂ ਵਿੱਚ ਪੰਜਾਬ ਦੀ ਧਰਤੀ ਦਾ ਜਾਇਆ ਹੈ—ਹਮੀਰ ਸਿੰਘ।