Mar 7, 2026

78 ਹੋਰ ਵਿਦੇਸ਼ੀ ਨਾਗਰਿਕ ਸ਼ੱਕੀ ਜਾਂਚ ਦੇ ਘੇਰੇ ਵਿਚ-

ਵੈਨਕੂਵਰ (ਦੇ ਪ੍ਰ ਬਿ)-ਕੈਨੇਡਾ ਦੇ ਪੰਜਾਬੀ ਕਾਰੋਬਾਰੀ ਜਿਹਨਾਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਜਬਰੀ ਵਸੂਲੀਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਲਈ ਰਾਹਤ ਭਰੀ ਖਬਰ ਹੈ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ  ਨੇ ਇੱਕ ਜਾਂਚ ਤੋਂ ਬਾਅਦ ਤਿੰਨ ਵਿਦੇਸ਼ੀ ਨਾਗਰਿਕਾਂ (ਗੈਂਗਸਟਰਾਂ)  ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਚੱਲ ਰਹੇ ਜਬਰੀ ਵਸੂਲੀ ਨੈੱਟਵਰਕ ਨਾਲ ਸਬੰਧਿਤ ਦੱਸਿਆ ਗਿਆ ਹੈ।

7 ਨਵੰਬਰ ਨੂੰ ਕੀਤਾ ਇਹ ਦੇਸ਼ ਨਿਕਾਲਾ ਬੀਸੀ ਐਕਸਟੋਰਸ਼ਨ ਟਾਸਕ ਫੋਰਸ  ਦੇ ਤਹਿਤ ਲਿਆ ਪਹਿਲਾ ਕਦਮ ਹੈ, ਜੋ ਕਿ ਸੀਬੀਐਸਏ, ਆਰ ਸੀ ਐਮ ਪੀ ਅਤੇ ਸਥਾਨਕ ਪੁਲੀਸ ਏਜੰਸੀਆਂ ਦਾ ਇੱਕ ਸਾਂਝਾ ਅਪਰੇਸ਼ਨ ਹੈ। ਸੂਬੇ ਵਿੱਚ ਕੰਮ ਕਰ ਰਹੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਵਿਰੁੱਧ ਇਸ ਸਾਲ ਦੇ ਸ਼ੁਰੂ ਵਿੱਚ 40 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਸੀਬੀਐਸਏ ਅਧਿਕਾਰੀਆਂ ਅਨੁਸਾਰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਜੁੜੀ ਅਪਰਾਧਿਕ ਗਤੀਵਿਧੀਆਂ ਨਾਲ ਸੰਭਾਵਿਤ ਸਬੰਧਾਂ, ਕੈਨੇਡਾ ਵਿੱਚ ਦਾਖਲੇ ਲਈ ਸ਼ੱਕੀ ਅਯੋਗਤਾ ਦੇ ਲਈ 78 ਹੋਰ ਵਿਦੇਸ਼ੀ ਨਾਗਰਿਕਾਂ ਦੀ ਇਸ ਸਮੇਂ ਇਮੀਗ੍ਰੇਸ਼ਨ ਜਾਂਚ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਸੀ ਵਿੱਚ ਜਬਰੀ ਵਸੂਲੀ ਦਾ ਸੰਕਟ 2025 ਦੇ ਸ਼ੁਰੂ ਵਿੱਚ ਤੇਜ਼ੀ ਨਾਲ ਵਧਿਆ । ਅਪਰਾਧੀ ਕਾਰੋਬਾਰੀਆਂ ਤੋਂ ਕ੍ਰਿਪਟੋਕਰੰਸੀ ਭੁਗਤਾਨ ਦੀ ਮੰਗ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਹਨ ਅਤੇ ਕਥਿਤ ਤੌਰ ‘ਤੇ ਉਨ੍ਹਾਂ ਦੀਆਂ ਮੰਗਾਂ ਨੂੰ ਠੁਕਰਾਉਣ ‘ਤੇ ਹਿੰਸਾ ਅਤੇ ਅੱਗਜ਼ਨੀ ਦਾ ਸਹਾਰਾ ਲਿਆ ਹੈ। ਸਰੀ, ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ ਵਿੱਚ ਕਈ ਛੋਟੇ ਕਾਰੋਬਾਰ, ਜਿਨ੍ਹਾਂ ਵਿੱਚ ਸਰੀ ਦਾ ਕੈਪ’ਜ਼ ਕੈਫੇ ਵੀ ਸ਼ਾਮਲ ਹੈ, ਨੂੰ ਨਿਸ਼ਾਨਾ ਬਣਾਇਆ ਗਿਆ।

ਹਾਲਾਂਕਿ ਅਧਿਕਾਰੀਆਂ ਨੇ ਦੇਸ਼ ਨਿਕਾਲਾ ਦਿੱਤੇ ਗਏ ਵਿਅਕਤੀਆਂ ਦੀ ਪਛਾਣ, ਦੇਸ਼ ਜਾਂ ਮੰਜ਼ਿਲ ਦਾ ਜਨਤਕ ਤੌਰ ’ਤੇ ਖੁਲਾਸਾ ਨਹੀਂ ਕੀਤਾ ਹੈ, ਪਰ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਜਬਰੀ ਵਸੂਲੀ ਨੈੱਟਵਰਕ ਵਿੱਚ ਸ਼ਾਮਲ ਬਹੁਤ ਸਾਰੇ ਪੀੜਤ ਅਤੇ ਅਪਰਾਧੀ ਦੋਵੇਂ ਹੀ ਪੰਜਾਬੀ ਮੂਲ ਦੇ ਹਨ। ਸੀਬੀਐਸ ਨੇ ਹੋਰ ਜਾਣਕਾਰੀ ਨਾ ਦੇਣ ਲਈ ਅਪਰੇਸ਼ਨਲ ਸੁਰੱਖਿਆ ਚਿੰਤਾਵਾਂ ਅਤੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਤਹਿਤ ਨਿੱਜਤਾ ਦੇ ਪ੍ਰਬੰਧਾਂ ਦਾ ਹਵਾਲਾ ਦਿੱਤਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਨਿਕਾਲਾ (ਬੀ ਸੀ ਦੇ ਪੰਜਾਬੀ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਾਲੀਆ ਹਿੰਸਾ ਅਤੇ ਧਮਕੀਆਂ ਦੀ ਲਹਿਰ ਦੇ ਪਿੱਛੇ ਦੇ ਸੰਗਠਿਤ ਨੈੱਟਵਰਕਾਂ ਨੂੰ ਖਤਮ ਕਰਨ ਦੇ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਕਦਮ  ਹਨ।