ਸਰੀ, 14 ਨਵੰਬਰ (ਸੰਦੀਪ ਸਿੰਘ ਧੰਜੂ)- ਸੀਨੀਅਰ ਸਿਟੀਜ਼ਨ ਲੋਕਾਂ ਅਤੇ ਹੋਰ ਲੋੜਵੰਦਾਂ ਦੀ ਮਦਦ ਲਈ ਸਰੀ ਵਿੱਚ ‘ਕ੍ਰਿਸ਼ਨਾ ਸੈਂਟਰ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਵਿੱਚ ਲੰਗਰ ਵੀ ਲਗਾਇਆ ਗਿਆ। ਇਸ ਸੈਂਟਰ ਦੇ ਮੁਖੀ ਸ੍ਰੀਮਤੀ ਕ੍ਰਿਸ਼ਨਾ ਡਾਹਰੀ ਨੇ ਦੱਸਿਆ ਕਿ ਇਹ ਸੈਂਟਰ ਹਰ ਕਿਸੇ ਲਈ ਖੁਲ੍ਹਾ ਹੈ ਅਤੇ ਰਿਟਾਇਰਡ ਲੋਕਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਆਪਣਾ ਸਮਾਂ ਸੁਚੱਜੇ ਢੰਗ ਨਾਲ ਬਿਤਾਉਣ ਦਾ ਮੌਕਾ ਮਿਲੇਗਾ। ਉਨਾਂ ਦੱਸਿਆ ਕਿ ਇਥੇ ਕੰਪਿਊਟਰ ਸਿੱਖਿਆ ਤੋਂ ਇਲਾਵਾ ਰੋਜਾਨਾ ਜਿੰਦਗੀ ਵਿੱਚ ਕੰਮ ਆਉਣ ਵਾਲੇ ਹੋਰ ਕਈ ਕੰਮਾਂ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਸ੍ਰੀਮਤੀ ਰਸਿੰਦਰ ਕੌਰ ਨੇ ਦੱਸਿਆ ਕਿ ਇਹ ਸੇਵਾਵਾਂ ਬਿਲਕੁਲ ਨਿਸ਼ਕਾਮ ਹੋਣਗੀਆਂ ਅਤੇ ਕਿਸੇ ਵੀ ਸਿਖਲਾਈ ਜਾਂ ਇਥੇ ਰਹਿਣ ਲਈ ਕੋਈ ਫੀਸ ਨਹੀਂ ਵਸੂਲ ਕੀਤੀ ਜਾਵੇਗੀ। ਇਸ ਮੌਕੇ ਵਿਕਰਮਜੀਤ ਡਾਹਰੀ ਅਤੇ ਉਪਕਾਰ ਸਿੰਘ ਨੇ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਨਿਭਾਈ।
