Mar 7, 2026

ਪਟਨਾ- ਬਿਹਾਰ ਦੇ ਸਾਬਕਾ ਮੁਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਰੋਹਿਨੀ ਅਚਾਰੀਆ ਨੇ ਬੀਤੇ ਦਿਨ ਸਿਆਸਤ ਤੋਂ ਤੌਬਾ ਕਰਨ ਉਪਰੰਤ ਖੁਲਾਸਾ ਕੀਤਾ ਹੈ ਕਿ ਸਿਆਸਤ ਦੇ ਨਾਲ ਉਸਦੀ ਹੁਣ ਆਪਣੇ ਪੇਕੇ ਪਰਿਵਾਰ ਤੋਂ ਵੀ ਤੌਬਾ ਹੈ। ਰੋਹਿਨੀ ਅਚਾਰੀਆ ਨੇ ਪਿਛਲੇ ਸਮੇਂ ਵਿਚ ਆਪਣੇ ਪਿਤਾ ਲਾਲੂ ਯਾਦਵ ਨੂੰ ਆਪਣੀ ਇਕ ਕਿਡਨੀ ਦਾਨ ਕੀਤੀ ਸੀ ਪਰ ਹੁਣ ਉਸਦੇ ਪਰਿਵਾਰ ਵਲੋਂ ਉਸਦੀ ਅਣਦੇਖੀ ਕੀਤੇ ਜਾਣ ਤੇ ਉਹ ਬਹੁਤ ਦੁਖੀ ਹੈ।  ਰੋਹਿਨੀ ਅਚਾਰੀਆ ਨੇ ਅੱਜ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਹੈ  ਕਿ ਉਸ ’ਤੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦੇਣ ਦਾ ਦੋਸ਼ ਲਾਇਆ ਗਿਆ ਹੈ। ਰੋਹਿਨੀ ਨੇ ਸਾਰੀਆਂ ਵਿਆਹੁਤਾ ਔਰਤਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੇਕੇ ਪਰਿਵਾਰ ਨਾਲੋਂ ਆਪਣੇ ਸਹੁਰਾ ਪਰਿਵਾਰ ਨੂੰ ਤਰਜੀਹ ਦੇਣ। ਰੋਹਿਨੀ ਨੇ ਇਹ ਪੋਸਟ ਪਾਰਟੀ ਛੱਡਣ ਤੇ ਆਪਣੇ ਪਰਿਵਾਰ ਨਾਲ ਰਿਸ਼ਤਾ ਤੋੜਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਅਪਲੋਡ ਕੀਤੀ ਹੈ। ਉਨ੍ਹਾਂ ਹਾਲ ਹੀ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ’ਚ ਆਰ ਜੇ ਡੀ ਦੀ ਹਾਰ ਲਈ ਆਪਣੇ ਭਰਾ ਤੇਜਸਵੀ ਯਾਦਵ ਦੇ ਨੇੜਲੇ ਸਹਿਯੋਗੀਆਂ ਹਰਿਆਣਾ ਨਾਲ ਸਬੰਧਤ ਆਰ ਜੇ ਡੀ ਸੰਸਦ ਮੈਂਬਰ ਸੰਜੈ ਯਾਦਵ ਤੇ ਉੱਤਰ ਪ੍ਰਦੇਸ਼ ਦੇ ਸਿਆਸੀ ਪਰਿਵਾਰ ਨਾਲ ਸਬੰਧਤ ਰਮੀਜ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੋਹਿਨੀ ਨੇ ਕਿਹਾ ਕਿ ਉਸ ਨੂੰ ਕਿਹਾ ਗਿਆ ਕਿ ਕਰੋੜਾਂ ਰੁਪਏ ਤੇ ਟਿਕਟ ਬਦਲੇ ਆਪਣੇ ਪਿਤਾ ਨੂੰ ਗੰਦੀ ਕਿਡਨੀ ਦਾਨ ਕੀਤੀ।