Mar 7, 2026

ਸਰੀ ( ਮਾਂਗਟ)- ਬੀਤੇ ਦਿਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸਰੀ ਵਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸਵੇਰੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅਰਦਾਸ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਈ ਤੇ ਤੈਅਸ਼ੁਦਾ ਮਾਰਗ ਤੇ ਨਗਰ ਕੀਰਤਨ ਦੌਰਾਨ ਸੰਗਤਾਂ ਨੇ ਭਾਰੀ ਗਿਣਤੀ ਵਿਚ ਸ਼ਾਮਿਲ ਹੁੰਦਿਆਂ ਗੁਰੂ ਜੱਸ ਗਾਇਆ ਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਨਗਰ ਕੀਰਤਨ ਦੀ ਸਮਾਪਤੀ ਹੋਈ। ਇਸ ਮੌਕੇ ਨਗਰ ਕੀਰਤਨ ਦੇ ਮਾਰਗ ਉਪਰ ਵੱਖ ਵੱਖ ਬਿਜਨਸਾਂ ਅਤੇ ਸਵੈ ਸੇਵੀ ਸੰਸਥਾਵਾਂ ਵਲੋਂ ਸੰਗਤਾਂ ਲਈ ਖਾਣ ਪੀਣ ਦੇ ਸਟਾਲ ਲਗਾਏ ਗਏ ਅਤੇ ਸਵਾਦੀ ਭੋਜਨ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਨਗਰ ਕੀਰਤਨ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ, ਐਮ ਪੀ ਗੁਰਬਖਸ਼ ਸਿੰਘ ਸੈਣੀ ਤੇ ਹੋਰ ਜਨਤਕ ਪ੍ਰਤੀਨਿਧਾਂ ਅਤੇ ਅਹਿਮ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਢਾਡੀ ਜਥਿਆਂ ਨੇ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗਿਆਨੀ ਨਰਿੰਦਰ ਸਿੰਘ ਨੇ ਨਗਰ ਕੀਰਤਨ ਦੀ ਸਫਲਤਾ ਅਤੇ ਸੰਗਤਾਂ ਵਲੋਂ ਉਤਸ਼ਾਹ ਨਾਲ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਸਾਂਝਾ ਟੀਵੀ ਤੇ ਹੋਰ ਮੀਡੀਆ ਅਦਾਰਿਆਂ ਨੇ ਨਗਰ ਕੀਰਤਨ ਦੀ ਲਾਈਵ ਕਵਰੇਜ ਕੀਤੀ।

ਤਸਵੀਰਾਂ-ਨੀਰਜ ਵਾਲੀਆ।