Mar 7, 2026

ਮਾਈਨਜ ਰੈਸਕਿਊ ਡੇਅ ਮੌਕੇ ਵਿਸ਼ੇਸ਼ ਸਮਾਗਮ ਦੌਰਾਨ ਡਾ ਗਿੱਲ ਨੂੰ ਯਾਦ ਕੀਤਾ-

ਮਹਾਬੀਰ, ਵੈਸਟ ਬੰਗਾਲ ( ਦੇ ਪ੍ਰ ਬਿ )- ਬੀਤੇ ਦਿਨੀਂ  ਪੱਛਮੀ ਬੰਗਾਲ ਦੀ ਰਾਣੀਗੰਜ ਖਾਣ ਚੋਂ 1989 ਵਿਚ 65 ਖਾਣ ਕਾਮਿਆਂ ਦੀਆਂ ਜਾਨਾਂ ਬਚਾਉਣ ਵਾਲੇ ਇੰਜੀਅਰ ਡਾ ਜਸਵੰਤ ਸਿੰਘ ਗਿੱਲ ਨੂੰ ਉਹਨਾਂ ਦੀ ਬਹਾਦਰੀ ਅਤੇ ਸੂਝ ਸਿਆਣਪ ਲਈ ਯਾਦ ਕਰਦਿਆਂ ਉਹਨਾਂ  ਦਾ ਬੁੱਤ ਮਾਈਨਜ਼ ਰੈਸਕਿਊ ਸਟੇਸ਼ਨ ਸੀਤਾਰਾਮਪੁਰ, ਮਹਾਬੀਰ (ਰਾਣੀਗੰਜ) ਵਿਖੇ ਸਥਾਪਿਤ ਕੀਤਾ ਗਿਆ। ਇਸ ਮੌਕੇ ਕੋਲ ਇੰਡੀਆ ਦੇ ਉਚ ਅਧਿਕਾਰੀ, ਕੋਲ ਮਾਈਨ ਕਰਮਚਾਰੀ ਅਤੇ ਹੋਰ ਸਥਾਨਕ ਲੋਕ ਸ਼ਾਮਿਲ ਸਨ। ਇਸ ਮੌਕੇ ਬੁਲਾਰਿਆਂ ਨੇ ਡਾ ਗਿੱਲ ਜਿਹਨਾਂ ਨੂੰ ਰਾਣੀਗੰਜ ਕੋਲ ਹਾਦਸੇ ਦੇ ਸਫਲ ਅਪ੍ਰੇਸ਼ਨ ਉਪਰੰਤ ਕੈਪਸੂਲ ਗਿੱਲ ਕਰਕੇ ਵੀ ਜਾਣਿਆ ਜਾਂਦਾ ਹੈ, ਦੇ ਇੰਡੀਆ ਦੇ ਕੋਲ ਮਾਈਨ ਇਤਿਹਾਸ ਦੇ ਹੀਰੋ ਵਜੋਂ ਯਾਦ ਕਰਦਿਆਂ ਉਹਨਾਂ ਨੂੰ ਭਾਰਤ ਦਾ ਮਹਾਨ ਸਪੂਤ ਦੱਸਿਆ ਗਿਆ।

ਜ਼ਿਕਰਯੋਗ ਹੈ ਕਿ ਡਾ ਜਸਵੰਤ ਸਿੰਘ ਗਿੱਲ ਜਿਹਨਾਂ ਦਾ ਜਨਮ ਜਿਲਾ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਵਿਚ 22 ਨਵੰਬਰ 1939 ਵਿਚ ਹੋਇਆ ਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1965 ਵਿੱਚ ਚੰਦ ਥਾਪਰ ਐਂਡ ਬ੍ਰਦਰਜ਼ (ਕੋਲਾ ਸੇਲਜ਼) ਲਿਮਟਿਡ ਤੋ ਕੀਤੀ ਤੇ ਫਿਰ 1973 ਵਿੱਚ ਕੋਲ ਇੰਡੀਆ ਲਿਮਟਿਡ ਵਿੱਚ ਚਲੇ ਗਏ। ਉਹ ਕੋਲ ਇੰਡੀਆ ਦੇ ਇੰਜੀਨੀਅਰ ਇਨ ਚੀਫ ਸਨ ਜਦੋਂ 1989 ਵਿੱਚ ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਇੱਕ ਹੜ੍ਹ ਵਾਲੀ ਖਾਣ ਵਿੱਚ ਫਸੇ 65 ਕੋਲਾ ਖਾਣ ਦੇ ਮਜਦੂਰਾਂ ਨੂੰ ਬਚਾਉਣ ਲਈ ਉਹਨਾਂ ਸਾਹਸ ਭਰਿਆ ਕਾਰਨਾਮਾ ਕੀਤਾ। ਇਸ ਬਚਾਅ ਕਾਰਜ ਨੂੰ ਭਾਰਤ ਅਤੇ ਦੁਨੀਆ ਵਿੱਚ ਸਭ ਤੋਂ ਸਫਲ ਕੋਲਾ ਖਾਣ ਬਚਾਅ ਕਾਰਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
13 ਨਵੰਬਰ 1989 ਦੀ ਰਾਤ ਨੂੰ ਪੱਛਮੀ ਬੰਗਾਲ ਦੇ ਬਰਦਵਾਨ (ਰਾਣੀਗੰਜ) ਦੇ ਮਹਾਬੀਰ ਕੋਲੀਰੀ ਵਿੱਚ ਇੱਕ ਟਾਈਮ ਬਲਾਸਟ ਦੌਰਾਨ ਅਚਾਨਕ ਹੜ੍ਹ ਆਉਣ ਕਾਰਨ 71 ਖਾਣ ਮਜਦੂਰ  350 ਫੁੱਟ ਹੇਠਾਂ ਜ਼ਮੀਨ ਵਿਚ ਫਸ ਗਏ ਸਨ। ਉਸ ਸਮੇ ਡਾ  ਗਿੱਲ ਚਿੱਤਰਾ ਮਾਈਨਜ਼ ਵਿੱਚ ਐਡੀਸ਼ਨਲ ਚੀਫ ਮਾਈਨਿੰਗ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੇ ਸਨ ਪਰ ਆਪਣੀ ਇੱਛਾ ਨਾਲ ਰਾਣੀਗੰਜ ਕੋਲਾ ਖਾਣ ਪਹੁੰਚੇ ਅਤੇ ਇੱਕ ਦਲੇਰਾਨਾ ਬਚਾਅ ਕਾਰਜ ਦੀ ਅਗਵਾਈ ਕੀਤੀ ਜੋ 16 ਨਵੰਬਰ 1989 ਨੂੰ ਸਵੇਰੇ 2:30 ਵਜੇ ਸ਼ੁਰੂ ਹੋਈ ਅਤੇ 6 ਘੰਟੇ ਜਾਰੀ  ਰਹੀ। ਉਹਨਾਂ ਨੇ ਖੁਦ ਇਕ ਸਟੀਲ ਕੈਪਸੂਲ ਰਾਹੀਂ ਜ਼ਮੀਨ ਵਿਚ ਉਤਰਦਿਆਂ  ਸਫਲਤਾਪੂਰਵਕ 65 ਖਾਣ ਮਜਦੂਰਾਂ ਨੂੰ ਬਚਾਇਆ।

ਪੁਰਸਕਾਰ ਤੇ ਹੋਰ ਸਨਮਾਨ-
• ਸਰਵੋਤਮ ਜੀਵਨ ਰਕਸ਼ਾ ਪਦਕ (1991)
• ਸਭ ਤੋਂ ਸਫਲ ਕੋਲਾ ਖਾਣ ਬਚਾਅ ਕਾਰਜ ਲਈ ਲਿਮਕਾ ਬੁੱਕ ਆਫ਼ ਰਿਕਾਰਡ (2005)
• ਸਭ ਤੋਂ ਵੱਡੇ ਕੋਲਾ ਖਾਣ ਬਚਾਅ ਕਾਰਜ ਲਈ ਵਰਲਡ ਬੁੱਕ ਆਫ਼ ਰਿਕਾਰਡ
• ਇੰਡੀਅਨ ਸਕੂਲ ਆਫ਼ ਮਾਈਨਜ਼ ਐਲੂਮਨੀ ਐਸੋਸੀਏਸ਼ਨ ਦੁਆਰਾ ਮਾਈਨਿੰਗ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ (2009)
• ਭਗਤ ਪੂਰਨ ਸਿੰਘ ਪੁਰਸਕਾਰ (2016)
• ਪ੍ਰਾਈਡ ਆਫ਼ ਦ ਨੇਸ਼ਨ ਅਵਾਰਡ (2019)
• ਯੂਨੀਵਰਸਲ ਅਚੀਵਰਜ਼ ਯੂਨੀਵਰਸਿਟੀ ਦੁਆਰਾ ਆਨਰੇਰੀ ਡਾਕਟਰੇਟ (ਪੀਐਚਡੀ) (2019)
• ਬੰਗਲਾ ਗੌਰਵ ਸਨਮਾਨ (2024)
• ਮਦਰ ਇੰਡੀਆ ਕੇਅਰ ਟਰੱਸਟ ਦੁਆਰਾ ਕੋਹਿਨੂਰ ਏ ਹਿੰਦ ਰਾਸ਼ਟਰੀ ਪੁਰਸਕਾਰ (2024)

ਪਰਿਵਾਰ-
ਡਾ ਗਿੱਲ ਦਾ ਵਿਆਹ ਬੀਬੀ ਨਿਰਦੋਸ਼ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਪੁੱਤਰ ਅਤੇ ਦੋ ਧੀਆਂ  ਹਨ। ਉਹਨਾਂ ਦਾ ਵੱਡਾ ਪੁੱਤਰ ਡਾ ਸਰਪ੍ਰੀਤ ਸਿੰਘ ਗਿੱਲ ਅੰਮ੍ਰਿਤਸਰ ਵਿਚ ਪ੍ਰਸਿੱਧ ਦਿਲ ਦੇ ਰੋਗਾਂ ਦਾ ਮਾਹਿਰ ਡਾਕਟਰ ਹੈ ਤੇ ਛੋਟਾ ਪੁੱਤਰ ਵੈਨਕੂਵਰ ਨਿਵਾਸੀ ਰਣਦੀਪ ਸਿੰਘ ਗਿੱਲ,ਇਕ ਉਘਾ ਰੀਐਲਟਰ ਹੈ। ਡਾ ਗਿੱਲ 26 ਨਵੰਬਰ 2019 ਨੂੰ ਅੰਮ੍ਰਿਤਸਰ ਵਿਖੇ ਹੀ ਸਦੀਵੀ ਵਿਛੋੜਾ ਦੇ ਗਏ ਸਨ। ਅੰਮ੍ਰਿਤਸਰ ਵਿਖੇ ਉਹਨਾਂ ਦੀ ਯਾਦ ਵਿਚ ਸਟੀਲ ਕੈਪਸੂਲ ਵਾਲਾ ਇਕ  ਚੌਕ ਬਣਿਆ ਹੋਇਆ ਹੈ।
ਫਿਲਮ ਮਿਸ਼ਨ ਰਾਣੀਗੰਜ-

ਉਹਨਾਂ ਵਲੋਂ 65 ਮਜਦੂਰਾਂ ਦੀਆਂ ਜਾਨਾਂ ਬਚਾਉਣ ਦੇ ਦਲੇਰਨਾਮਾ ਕਾਰਨਾਮੇ  ਉਪਰ ਬਾਲੀਵੁੱਡ ਵਲੋਂ ਇਕ ਫਿਲਮ ਮਿਸ਼ਨ ਰਾਣੀਗੰਜ ਵਿਚ ਬਣਾਈ ਗਈ ਹੈ। ਟੀਨੂ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਤ ਇਹ ਫਿਲਮ 2023 ਵਿੱਚ ਰਿਲੀਜ਼ ਹੋਈ ਸੀ ਜਿਸ ਵਿਚ  ਅਕਸ਼ੈ ਕੁਮਾਰ ਨੇ ਗਿਲ ਦੀ ਮੁੱਖ ਭੂਮਿਕਾ ਨਿਭਾਈ ਹੈ।