ਅੰਮ੍ਰਿਤਸਰ, 18 ਨਵੰਬਰ- ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖ਼ਿਆਲਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਕਾਨੂੰਨ-ਵਿਵਸਥਾ, ਆਰਥਿਕ ਸੰਕਟ, ਬੇਰੁਜ਼ਗਾਰੀ, ਨਸ਼ਾ ਤਸਕਰੀ, ਗੈਂਗਸਟਰ ਜਾਲ, ਸਰਹੱਦੀ ਖਤਰੇ ਅਤੇ ਉਦਯੋਗਿਕ ਮਾਇਗ੍ਰੇਸ਼ਨ ਵਰਗੀਆਂ ਗੰਭੀਰ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਅੰਦਰੂਨੀ ਸਮੱਸਿਆਵਾਂ ਤੋਂ ਇਲਾਵਾ ਬਾਹਰੀ ਤਾਕਤਾਂ ਅਤੇ ਪਾਕਿਸਤਾਨ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਧਨ ਅਤੇ ਲਾਲਚ ਦੇ ਕੇ ਪੰਜਾਬ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਵੀ ਲਗਾਤਾਰ ਰਚੀਆਂ ਜਾ ਰਹੀਆਂ ਹਨ।
ਬੀਤੇ ਦਿਨ ਫ਼ਿਰੋਜ਼ਪੁਰ ਵਿੱਚ ਆਰ.ਐੱਸ.ਐੱਸ. ਵਰਕਰ ਨਵੀਨ ਅਰੋੜਾ ਦੀ ਦਿਨ-ਦਿਹਾੜੇ ਟਾਰਗੇਟ ਕਿਲਿੰਗ ਵੀ ਭਾਈਚਾਰਕ ਏਕਤਾ ਨੂੰ ਤੋੜਨ ਦੀ ਉਸੇ ਹੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਇਹ ਸਭ ਚੁਨੌਤੀਆਂ ਤਾਂ ਹੀ ਕਾਬੂ ਹੋ ਸਕਦੀਆਂ ਹਨ ਜੇ ਕੇਂਦਰ ਅਤੇ ਰਾਜ ਇਕੋ ਟੀਮ ਵਜੋਂ ਕੰਮ ਕਰਨ, ਅਰਥਾਤ ਪੰਜਾਬ ਵਿੱਚ ਡਬਲ–ਇੰਜਨ ਸਰਕਾਰ ਬਣੇ।
ਪ੍ਰੋ. ਖ਼ਿਆਲਾ ਨੇ ਕਿਹਾ ਕਿ 2022 ਤੋਂ ਬਾਅਦ ਭਾਜਪਾ ਦਾ ਪੰਜਾਬ ਵਿੱਚ ਵਿਸਥਾਰ ਤਾਂ ਹੋਇਆ ਹੈ, ਪਰ ਇੱਕੱਲੇ ਆਪਣੇ ਦਮ ‘ਤੇ 2027 ’ਚ ਸਰਕਾਰ ਬਣਾਉਣ ਦੀ ਸਥਿਤੀ ਅਜੇ ਦੂਰ ਦੀ ਗੱਲ ਹੈ। ਮੌਜੂਦਾ ਹਾਲਾਤਾਂ ਵਿੱਚ ਸੱਤਾ ਤਬਦੀਲੀ ਤਦ ਹੀ ਸੰਭਵ ਹੈ ਜੇ ਭਾਰਤੀ ਜਨਤਾ ਪਾਰਟੀ ਕਿਸੇ ਮਜ਼ਬੂਤ ਖੇਤਰੀ ਪੰਥਕ ਪਾਰਟੀ ਨਾਲ ਗੱਠਜੋੜ ਮੁੜ ਸਥਾਪਿਤ ਕਰੇ। ਇਸ ਲਈ ਗੰਭੀਰ ਚਿੰਤਨ–ਮੰਥਨ ਦੀ ਲੋੜ ਹੈ।
ਤਰਨਤਾਰਨ ਉਪਚੋਣ ਦੇ ਤਾਜ਼ਾ ਨਤੀਜੇ ਸਾਫ਼ ਦਰਸਾਉਂਦੇ ਹਨ ਕਿ ਪੰਜਾਬ ਦੀ ਰਾਜਨੀਤੀ ਇਕ ਨਿਰਣਾਇਕ ਮੋੜ ‘ਤੇ ਖੜ੍ਹੀ ਹੈ। ਪੰਜਾਬ ਦਾ ਵੋਟਰ ਹੁਣ ਤਬਦੀਲੀ ਚਾਹੁੰਦਾ ਹੈ। 2022 ਵਿੱਚ ਆਮ ਆਦਮੀ ਪਾਰਟੀ ਨੂੰ ਭਾਰੀ ਮੰਡੇਟ ਦੇਣ ਤੋਂ ਬਾਅਦ ਇਸ ਦੀ ਹਰ ਪੱਧਰ ‘ਤੇ ਨਾਕਾਮੀ ਨੇ ਲੋਕਾਂ ਵਿੱਚ ਨਿਰਾਸ਼ਾ ਅਤੇ ਅਵਿਸ਼ਵਾਸ ਪੈਦਾ ਕੀਤਾ ਹੈ।
ਉਹਨਾਂ ਕਿਹਾ ਕਿ 1997 ਦਾ ਇਤਿਹਾਸਕ ਅਕਾਲੀ–ਭਾਜਪਾ ਗੱਠਜੋੜ ਸਿਰਫ ਚੋਣ ਸਮਝੌਤਾ ਨਹੀਂ ਸੀ; ਇਹ ਹਿੰਦੂ–ਸਿੱਖ ਏਕਤਾ, ਆਪਸੀ ਭਰੋਸੇ ਅਤੇ ਪੰਜਾਬ ਦੀ ਸਥਿਰਤਾ ‘ਤੇ ਆਧਾਰਿਤ ਇੱਕ ਵਸੀਹ, ਦੂਰਦਰਸ਼ੀ ਅਤੇ ਵਿਚਾਰਧਾਰਕ ਸਾਂਝ ਸੀ। ਅੱਜ ਵੀ ਇਹ ਦ੍ਰਿਸ਼ਟੀ ਪਹਿਲਾਂ ਨਾਲੋਂ ਵੱਧ ਪ੍ਰਸੰਗਿਕ ਹੈ। ਐਸੀ ਵਿਚਾਰਧਾਰਕ ਸਾਂਝ ਹੀ ਪੰਜਾਬ ਦੀ ਸਾਂਝੀ ਵਿਰਾਸਤ, ਸਮਾਜਿਕ ਸਦਭਾਵਨਾ ਅਤੇ ਪੰਜਾਬੀ ਚੇਤਨਾ ਦੀ ਅਸਲ ਰੱਖਿਆ ਕਰ ਸਕਦੀ ਹੈ।
