ਵੈਨਕੂਵਰ ( ਗੁਰਵਿੰਦਰ ਸਿੰਘ) -ਦੁਖਦਾਈ ਖਬਰ ਹੈ ਕਿ ਸਰੀ ਨਿਵਾਸੀ ਭਾਈ ਬਲੀ ਸਿੰਘ ਸ਼ੋਕਰ ਅਚਾਨਕ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਬੇਹੱਦ ਨਰਮ ਸੁਭਾਅ ਵਾਲੇ ਬਲੀ ਸਿੰਘ ਸ਼ੋਕਰ ਅਜਿਹੀ ਸ਼ਖਸੀਅਤ ਸਨ, ਜਿਹੜੇ ਪੰਜਾਬੀ ਅਖਬਾਰਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦੀ ਦਹਾਕਿਆਂ ਤੋਂ ਸੇਵਾ ਨਿਭਾਅ ਰਹੇ ਸਨ। ਅਖਬਾਰ ਚਾਹੇ ਕਿਸੇ ਵੀ ਪਬਲਿਸ਼ਰ ਦਾ ਹੋਵੇ, ਚਾਹੇ ਕੋਈ ਵੀ ਵਿਚਾਰਧਾਰਾ ਦਾ ਹੋਵੇ, ਬਲੀ ਸਿੰਘ ਸ਼ੋਕਰ ਬਿਨਾਂ ਕਿਸੇ ਭੇਦ ਭਾਵ ਦੇ ਖੁਸ਼ੀ-ਖੁਸ਼ੀ ਇਹ ਸੇਵਾ ਸੰਭਾਲਦੇ ਸਨ। ਕਿੱਤੇ ਵਜੋਂ ਭਾਈ ਬਲੀ ਸਿੰਘ ਟੈਕਸੀ ਡਰਾਈਵਰ ਸਨ ਅਤੇ ਜ਼ਿਆਦਾ ਸਮਾਂ ਪੰਥਕ ਸੇਵਾਵਾਂ ਲਈ ਦਿੰਦੇ ਸਨ।
ਭਾਈ ਬਲੀ ਸਿੰਘ ਸ਼ੋਕਰ ਪੰਜਾਬ ਤੋਂ ਪਿੰਡ ਰਕਬਾ, ਜ਼ਿਲਾ ਲੁਧਿਆਣਾ ਨਾਲ ਸਬੰਧਿਤ ਸਨ ਅਤੇ ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਉਹ ਪਹਿਲਾਂ ਯੈਰੋ ਇਲਾਕੇ ਵਿੱਚ (ਫਰੇਜ਼ਰ ਵੈਲੀ) ਰਹੇ, ਫਿਰ ਸਰੀ ਜਾ ਵੱਸੇ। ਉਹਨਾਂ ਦਾ ਸਾਰਿਆਂ ਨਾਲ ਬੇਹੱਦ ਪ੍ਰੇਮ ਤੇ ਸਨੇਹ ਸੀ। ਆਪਣੇ ਪਰਿਵਾਰ ਨਾਲ ਭਾਈ ਬਲੀ ਸਿੰਘ ਸ਼ੋਕਰ ਇਸ ਵੇਲੇ ਸੋਹਣੀ ਜ਼ਿੰਦਗੀ ਬਸਰ ਕਰ ਰਹੇ ਸਨ। ਜਾਣਕਾਰੀ ਅਨੁਸਾਰ ਉਹਨਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨ ਲੇਵਾ ਸਾਬਤ ਹੋਇਆ।
ਉਮਰ ਦੇ ਸੱਤ ਦਹਾਕੇ ਵਧੀਆ ਗੁਜ਼ਾਰਨ ਵਾਲੇ, ਗੁਰਬਾਣੀ ਪ੍ਰੇਮੀ, ਸਾਹਿਤ ਨੂੰ ਸਮਰਪਿਤ ਅਤੇ ਨਿਰਮਾਣਤਾ ਦੀ ਮੂਰਤ ਭਾਈ ਸਾਹਿਬ ਬਲੀ ਸਿੰਘ ਸ਼ੋਕਰ ਦੇ ਇਸ ਤਰਾਂ ਅਚਾਨਕ ਤੁਰ ਜਾਣ ਦਾ ਬੇਹੱਦ ਦੁਖ ਹੈ ।
