ਸਰੀ, (ਮਹੇਸ਼ਇੰਦਰ ਸਿੰਘ ਮਾਂਗਟ) ਬ੍ਰਿਟਿਸ਼ ਕੋਲੰਬੀਆ ਦੀ ਖੇਡ ਜਗਤ ਵਿੱਚ ਮਾਣ ਦਾ ਮੌਕਾ ਤਦ ਬਣਿਆ ਜਦੋਂ ਜਯਾ ਰਾਮਪੁਰੀ, ਜੋ ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਪੁਰ (ਨੇੜੇ ਦੋਰਾਹਾ) ਨਾਲ ਸਬੰਧਿਤ ਹੈ, ਨੂੰ ਪ੍ਰੋਫੈਸ਼ਨਲ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ “ਪਲੇਅਰ ਆਫ ਦ ਯੀਅਰ–2025” ਚੁਣਿਆ ਗਿਆ।
ਜਯਾ ਰਾਮਪੁਰੀ ਇਹ ਸਨਮਾਨ ਹਾਸਲ ਕਰਨ ਵਾਲੀ ਕੈਨੇਡਾ ਦੀ ਪਹਿਲੀ ਪੰਜਾਬੀ ਮੂਲ ਦੀ ਮਹਿਲਾ ਗੋਲਫਰ ਬਣ ਗਈ ਹੈ। ਇਹ ਉਪਲਬਧੀ ਇੰਡੋ-ਕਨੇਡੀਅਨ ਭਾਈਚਾਰੇ ਅਤੇ ਕੈਨੇਡਾ ਦੇ ਬਦਲਦੇ ਬਹੁ-ਸੱਭਿਆਚਾਰੀ ਖੇਡ ਮਾਹੌਲ ਲਈ ਇਕ ਮਹੱਤਵਪੂਰਨ ਮੋੜ ਮੰਨੀ ਜਾ ਰਹੀ ਹੈ।
ਜਯਾ ਇਕ ਮਸ਼ਹੂਰ ਸਾਹਿਤਕ ਪਰਿਵਾਰ ਤੋਂ ਹੈ। ਉਹ ਪ੍ਰਸਿੱਧ ਪੰਜਾਬੀ ਕਵੀ, ਸਾਹਿਤ ਅਕਾਦਮੀ ਪੁਰਸਕਾਰ ਜੇਤੂ ਅਤੇ ਸ੍ਰੋਮਣੀ ਕਵੀ ਸਵਰਗਵਾਸੀ ਗੁਰਚਰਨ ਰਾਮਪੁਰੀ ਦੀ ਦੋਹਤੀ ਹੈ, ਜਿਨ੍ਹਾਂ ਦਾ ਕਨੇਡਾ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਯੋਗਦਾਨ ਬੇਹੱਦ ਕਦਰਯੋਗ ਹੈ।
ਗੋਲਫ ਦੇ ਮੈਦਾਨ ਵਿੱਚ ਜਯਾ ਰਾਮਪੁਰੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤ ਚੁੱਕੀ ਹੈ। ਉਸਦੀ ਖੇਡ ਯਾਤਰਾ ਸਕੂਲੀ ਦਿਨਾਂ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਉਹ ਆਪਣੇ ਲੰਮੇ ਕੱਦ ਅਤੇ ਫਿਟਨੈੱਸ ਦੇ ਕਾਰਨ ਬਾਸਕੇਟਬਾਲ ਦੀ ਵੀ ਖਿਡਾਰਨ ਰਹੀ ਹੈ।
ਜਯਾ ਰਾਮਪੁਰੀ ਦੀ ਇਹ ਪ੍ਰਾਪਤੀ ਸਿਰਫ਼ ਪੰਜਾਬੀ ਪਰਿਵਾਰਾਂ ਲਈ ਹੀ ਨਹੀਂ, ਬਲਕਿ ਪੂਰੇ ਕਨੇਡਾ ਲਈ ਮਾਣ ਦਾ ਪਲ ਹੈ—ਜਿੱਥੇ ਵੱਖ-ਵੱਖ ਪਿਛੋਕੜਾਂ ਤੋਂ ਆਏ ਖਿਡਾਰੀ ਵਿਸ਼ਵ ਪੱਧਰ ‘ਤੇ ਕਾਮਯਾਬੀ ਦੀਆਂ ਨਵੀਆਂ ਉੱਚਾਈਆਂ ਛੂੰਹ ਰਹੇ ਹਨ।
