Mar 7, 2026

ਪੰਜਾਬੀ ਪਰਿਵਾਰ ਦੀ ਘਰ ਸੀ-

ਬਰੈਂਪਟਨ ( ਸੇਖਾ)-ਬਰੈਂਪਟਨ ਦੇ ਪੱਛਮੀ ਪਾਸੇ ਬਨਾਸ ਵੇਅ ਸਥਿੱਤ ਇੱਕ ਘਰ ਨੂੰ ਵੀਰਵਾਰ ਰਾਤ ਲੱਗੀ ਅੱਗ ਵਿੱਚ ਕਿਰਾਏ ’ਤੇ ਰਹਿੰਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦੋਂਕਿ ਗਰਭਵਤੀ ਮਹਿਲਾ ਸਮੇਤ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੰਜਾਬੀ ਦੱਸੇ ਜਾਂਦੇ ਪਰਿਵਾਰ ਦੇ ਦੋ ਜੀਅ ਲਾਪਤਾ ਹਨ। ਇਸ ਘਰ ਦਾ ਮਕਾਨ ਮਾਲਕ ਵੀ ਪੰਜਾਬੀ ਦੱਸਿਆ ਜਾਂਦਾ ਹੈ।

ਅੱਗ ਬੁਝਾਊ ਅਮਲੇ ਵਲੋਂ ਦੂਜੇ ਦਿਨ ਸ਼ਾਮ ਤੱਕ ਸੜੀ ਇਮਾਰਤ ਦੇ ਮਲਬੇ ਦੀ ਫੋਲਾ ਫਰਾਲੀ ਕਰਕੇ ਲਾਪਤਾ ਜੀਆਂ ਦੀ ਹੋਣੀ ਦਾ ਪਤਾ ਲਾਇਆ ਜਾ ਰਿਹਾ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਨ ਅਨੁਸਾਰ ਵਿਦੇਸ਼ ਰਹਿੰਦੇ ਮਾਲਕ ਨੇ 2020 ਵਿੱਚ ਘਰ ਵਿੱਚ ਸਬ ਯੂਨਿਟ ਬਣਾਉਣ ਦੀ ਅਰਜ਼ੀ ਦਿੱਤੀ ਸੀ, ਜਿਸ ਦੇ ਨਿਰੀਖਣ ਲਈ ਪਿਛਲੇ ਸਾਲਾਂ ਵਿੱਚ ਜਾਂਚ ਅਧਿਕਾਰੀ ਤਿੰਨ ਚਾਰ ਵਾਰ ਮੌਕੇ ’ਤੇ ਆਏ, ਪਰ ਉੱਥੇ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ। ਫਾਇਰ ਬ੍ਰੀਗੇਡ ਅਧਿਕਾਰੀ ਨੇ ਦੱਸਿਆ ਕਿ ਰਾਤ ਢਾਈ ਕੁ ਵਜੇ ਅੱਗ ਦੀ ਸੂਚਨਾ ਮਿਲਣ ’ਤੇ ਉਹ ਮੌਕੇ ਉੱਤੇ ਪਹੁੰਚੇ ਤਾਂ ਉਪਰਲੀ ਮੰਜ਼ਲ ਪੂਰੀ ਤਰਾਂ ਅੱਗ ਦੀ ਲਪੇਟ ਵਿੱਚ ਸੀ। ਉਨ੍ਹਾਂ ਤੁਰੰਤ ਆਲੇ ਦੁਆਲੇ ਦੇ ਘਰ ਖਾਲੀ ਕਰਵਾਏ ਅਤੇ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਅੰਦਰੋਂ ਇੱਕ ਬੱਚੇ ਸਮੇਤ ਦੋ ਜਣਿਆਂ ਦੀਆਂ ਲਾਸ਼ਾ ਮਿਲੀਆਂ। ਪਰਿਵਾਰ ਦੇ ਚਾਰ ਜਣੇ ਜਿਨ੍ਹਾਂ ਵਿਚ ਇੱਕ ਗਰਭਵਤੀ ਔਰਤ ਤੇ 5 ਸਾਲ ਦਾ ਬੱਚਾ ਸੀ, ਨੇ ਖਿੜਕੀ ਰਾਹੀਂ ਕੁੱਦ ਕੇ ਜਾਨਾਂ ਤਾਂ ਬਚਾ ਲਈਆਂ, ਪਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਅੱਗ ਕਾਰਣ ਜੁੜਵੇਂ ਘਰ ਦੇ ਇਮਾਰਤੀ ਢਾਂਚੇ ਨੂੰ ਕਾਫੀ ਨੁਕਾਸਨ ਪੁੱਜਾ ਹੈ।