Mar 7, 2026

*ਮਨਿੰਦਰ ਗਿੱਲ

ਇੱਕ ਮਹੱਤਵਪੂਰਨ ਅਗਾਂਹ ਵੱਧੂ ਕਦਮ ਤਹਿਤ, ਭਾਰਤ ਅਤੇ ਕੈਨੇਡਾ ਨੇ ਕੰਪ੍ਰਿਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਅਗਰੀਮੈਂਟ (CEPA) ‘ਤੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤੀ ਜਤਾਈ ਹੈ—ਇਹ ਇੱਕ  ਸੰਕੇਤ ਹੈ ਕਿ ਦੋਵੇਂ ਦੇਸ਼ ਭੂਤਕਾਲ ਪਿੱਛੇ ਛੱਡਕੇ ਸਾਂਝੇ ਅਤੇ ਦਿਲੇਰੀ ਭਰੇ ਆਰਥਿਕ ਭਵਿੱਖ ਵੱਲ ਵਧਣ ਲਈ ਤਿਆਰ ਹਨ।

ਇਹ ਵਚਨਬੱਧਤਾ ਦੱਖਣੀ ਅਫਰੀਕਾ ਵਿੱਚ G20 ਸਿਖਰ ਸੰਮੇਲਨ ਦੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੀ ਦੁਵੱਲੀ ਮੁਲਾਕਾਤ ਦੌਰਾਨ ਦੁਹਰਾਈ ਗਈ। ਉਨ੍ਹਾਂ ਦੀ ਇਹ ਮੁਲਾਕਾਤ ਕੇਵਲ ਰਾਜਨੀਤਕ ਨੇੜਤਾ ਦੀ ਬਹਾਲੀ ਨਹੀਂ, ਸਗੋਂ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਇੱਕ ਅਸਲ ਰੀਸੈੱਟ ਹੈ—ਜੋ ਰਾਜਨੀਤਕ ਹਿੰਮਤ, ਦੂਰਦਰਸ਼ਤਾ ਅਤੇ ਲੋਕਾਂ ਦੇ ਹਿਤ ਲਈ ਠੋਸ ਨਤੀਜੇ ਦੇਣ ਦੇ ਸਾਂਝੇ ਇਰਾਦੇ ਨਾਲ ਭਰੀ ਹੋਈ ਹੈ।

ਦੂਰਦਰਸ਼ੀ ਨੇਤ੍ਰਿਤਵ: ਕਾਰਨੀ ਅਤੇ ਮੋਦੀ

ਪ੍ਰਧਾਨ ਮੰਤਰੀ ਕਾਰਨੀ ਦੀ ਭਾਰਤ ਨਾਲ ਨਵੀਨ ਭਾਈਵਾਲੀ ਨੇ ਕੈਨੇਡਾ ਦੀ ਵਿਸ਼ਵ ਆਰਥਿਕ ਦ੍ਰਿਸ਼ਟੀ ਨੂੰ ਨਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੀ ਲੀਡਰਸ਼ਿਪ ਹੇਠ, ਓਟਵਾ ਨੇ ਵਪਾਰ ਗੱਲਬਾਤ ਦੀ ਇਸ ਪੁਨਰ ਸ਼ੁਰੂਆਤ ਨੂੰ ਕੇਵਲ ਲੈਣ-ਦੇਣ ਨਹੀਂ, ਸਗੋਂ ਬਦਲਾਅਕਾਰੀ ਦ੍ਰਿਸ਼ਟੀਕੋਣ ਨਾਲ ਅੱਗੇ ਵਧਾਇਆ ਹੈ। ਪਿਛਲੇ ਤਣਾਅ ਦੇ ਬਾਵਜੂਦ ਭਰੋਸਾ ਬਹਾਲ ਕਰਨ ਦੀ ਕਾਰਨੀ ਦੀ ਇੱਛਾ ਨੇਤ੍ਰਿਤਵ ਦੀ ਵਿਰਲਤਾ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਜਨੀਤਕ ਪਕੜ ਦਾ ਪ੍ਰਦਰਸ਼ਨ ਕੀਤਾ ਹੈ। ਤਣਾਵਾਂ ਦੇ ਕਾਲ ਤੋਂ ਬਾਅਦ ਵੀ ਡੂੰਘੇ ਅਤੇ ਮਹੱਤਵਾਕਾਂਕਸ਼ੀ ਤਰੀਕੇ ਨਾਲ ਜੁੜਨ ਦੀ ਉਹਨਾਂ ਦੀ ਤਿਆਰੀ ਦੱਸਦੀ ਹੈ ਕਿ ਕੈਨੇਡਾ ਭਾਰਤ ਦੀ ਆਰਥਿਕ ਯਾਤਰਾ ਦਾ ਇੱਕ ਅਹਿਮ ਭਾਗੀਦਾਰ ਹੈ।

ਇੱਕਠੇ ਮਿਲ ਕੇ, ਦੋਵੇਂ ਨੇ 2030 ਤੱਕ 50 ਬਿਲੀਅਨ ਅਮਰੀਕੀ ਡਾਲਰ ਦੇ ਦੁਵੱਲੇ ਵਪਾਰ ਦਾ ਲਕਸ਼ ਤਹਿ ਕੀਤਾ ਹੈ—ਇੱਕ ਮਹੱਤਵਕਾਂਸ਼ੀ ਟੀਚਾ, ਜੋ ਪੂਰਾ ਹੋਣ ‘ਤੇ ਮੌਜੂਦਾ ਵਪਾਰ ਦੀ ਮਾਤਰਾ ਨੂੰ ਲਗਭਗ ਦੁੱਗਣਾ ਕਰ ਦੇਵੇਗਾ।

ਚੁਣੌਤੀਆਂ ‘ਤੇ ਫ਼ਤਿਹ: ਸਪਸ਼ਟਤਾ, ਹਿੰਮਤ ਅਤੇ ਵਚਨਬੱਧਤਾ

ਇਹ ਨਵੀਂ ਗਤੀ ਆਪਣੇ ਆਪ ਨਹੀਂ ਬਣੀ। ਜਿਵੇਂ ਕਈ ਨਿਗਰਾਨਾਂ ਨੇ ਨੋਟ ਕੀਤਾ, ਕੁਝ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਫਿਰਕਾਪਰਸਤ ਸੰਗਠਨਾਂ ਵੱਲੋਂ ਇਸ ਸਾਂਝ ਨੂੰ ਪਟੜੀ ਤੋਂ ਉਤਾਰਨ ਦੀ ਜਾਣ-ਬੁੱਝ ਕੇ ਕੋਸ਼ਿਸ਼ ਕੀਤੀ ਗਈ। ਇਹ ਤੱਤ ਪੁਰਾਣੀਆਂ ਤਣਾਵਾਂ ਨੂੰ ਆਪਣੇ ਹਿੱਤ ਲਈ ਵਰਤਣਾ ਚਾਹੁੰਦੇ ਸਨ। ਪਰ ਕਾਰਨੀ ਸਰਕਾਰ ਨੇ ਸੋਚ ਦੀ ਸਪਸ਼ਟਤਾ ਅਤੇ ਰਾਜਨੀਤਕ ਹਿੰਮਤ ਦਾ ਪ੍ਰਦਰਸ਼ਨ ਕੀਤਾ—ਪਿੱਛੇ ਹਟਣ ਦੀ ਬਜਾਏ, ਉਹ ਹੋਰ ਪੱਕੇ ਹੋ ਕੇ ਅੱਗੇ ਵਧੇ।

ਗੱਲਬਾਤ ਦੀ ਇਹ ਮੁੜ ਸ਼ੁਰੂਆਤ ਕੂਟਨੀਤਿਕ ਪਿਘਲਾਅ ਦੇ ਸੰਦਰਭ ਵਿੱਚ ਵੀ ਆਈ ਹੈ। ਪਹਿਲਾਂ ਦੇ ਤਣਾਅ—ਖ਼ਾਸਕਰ ਸੁਰੱਖਿਆ ਅਤੇ ਭਰੋਸੇ ਨੂੰ ਲੈ ਕੇ—2023 ਵਿੱਚ ਵਪਾਰ ਗੱਲਬਾਤ ਦੇ ਰੁਕਣ ਦਾ ਕਾਰਨ ਬਣੇ ਸਨ। ਕਾਰਨੀ ਅਤੇ ਮੋਦੀ ਦੀ ਨਵੀਂ ਮੁਲਾਕਾਤ ਕੋਈ ਰਸਮੀ ਕਦਮ ਨਹੀਂ—ਇਹ ਭਰੋਸਾ ਮੁੜ ਬਣਾਉਣ ਅਤੇ ਆਪਸੀ ਲਾਭ ਵਾਲੀ ਭਾਗੀਦਾਰੀ ਸਿਰਜਣ ਦਾ ਬੁਨਿਆਦੀ ਨਿਰਣਯ ਹੈ।

ਇੱਕ ਵਿਸ਼ਾਲ ਭਾਗੀਦਾਰੀ: ਸਿਰਫ਼ ਵਪਾਰ ਤੋਂ ਪਰੇ

ਦੋਵੇਂ ਨੇਤਾਵਾਂ ਵੱਲੋਂ ਸੋਚਿਆ ਗਿਆ CEPA ਵਿਸ਼ਾਲ ਅਤੇ ਆਕਾਂਕਸ਼ੀ ਹੈ। ਭਾਰਤ ਦੇ ਵਿਦੇਸ਼ ਮੰਤ੍ਰਾਲੇ ਅਨੁਸਾਰ, ਨਵੀਂ ਗੱਲਬਾਤ ਵਿੱਚ ਸਮਾਨ, ਸੇਵਾਵਾਂ, ਨਿਵੇਸ਼, ਖੇਤੀਬਾੜੀ, ਡਿਜਿਟਲ ਵਪਾਰ, ਲੇਬਰ ਮੋਬਿਲਿਟੀ ਅਤੇ ਸਥਿਰ ਵਿਕਾਸ ਸਮੇਤ ਕਈ ਖੇਤਰ ਸ਼ਾਮਲ ਹੋਣਗੇ। ਇਸ ਦੇ ਨਾਲ ਹੀ, ਕਾਰਨੀ ਅਤੇ ਮੋਦੀ ਨੇ ਰੱਖਿਆ, ਅੰਤਰੀਕਸ਼, ਸਿਵਲ ਨਿਊਕਲੀਅਰ ਊਰਜਾ ਅਤੇ ਲੰਬੇ ਸਮੇਂ ਲਈ ਯੂਰੇਨਿਅਮ ਸਪਲਾਈ ਵਿੱਚ ਭਾਗੀਦਾਰੀ ਗਹਿਰੀ ਕਰਨ ਦਾ ਵੀ ਵਾਅਦਾ ਕੀਤਾ ਹੈ।
ਇਸ ਯਤਨ ਦੀ ਕਾਮਯਾਬੀ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੀ ਭੂਮਿਕਾ ਖ਼ਾਸ ਤੌਰ ‘ਤੇ ਤਾਰੀਫ ਦੀ ਹੱਕਦਾਰ ਹੈ। ਉਹਨਾਂ ਨੇ ਨਾਂ ਕੇਵਲ ਸੰਚਾਰ ਦੇ ਪੁਲ ਮੁੜ ਜੋੜੇ, ਸਗੋਂ ਗਲਤਫਹਮੀਆਂ ਘਟਾਉਣ, ਰਾਜਨੀਤਿਕ ਤਣਾਅ ਨਰਮ ਕਰਨ ਅਤੇ ਦੋਨਾਂ ਦੇਸ਼ਾਂ ਵਿਚਕਾਰ ਭਰੋਸੇ ਨੂੰ ਦੁਬਾਰਾ ਖੜ੍ਹਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਉਹਨਾਂ ਦੀ ਕੂਟਨੀਤਿਕ ਸੰਵੇਦਨਸ਼ੀਲਤਾ, ਸੰਤੁਲਿਤ ਰਵੱਈਆ ਅਤੇ ਰਿਸ਼ਤਿਆਂ ਨੂੰ ਨਕਾਰਾਤਮਕ ਪ੍ਰਭਾਵ ਤੋਂ ਬਚਾਉਣ ਦੀ ਕਲ੍ਹਾ ਨੇ CEPA ਦੀ ਮੁੜ ਸ਼ੁਰੂਆਤ ਲਈ ਮਜ਼ਬੂਤ ਬੁਨਿਆਦ ਰੱਖੀ ਹੈ।

ਇਹ ਕੇਵਲ ਵਪਾਰਕ ਸਮਝੌਤਾ ਨਹੀਂ—ਇਹ ਰਣਨੀਤਿਕ ਭਾਗੀਦਾਰੀ ਹੈ, ਜੋ ਸਾਂਝੇ ਲੋਕਤਾਂਤਰਿਕ ਮੁੱਲਾਂ, ਸਰਵਭੌਮਤਾ ਦੇ ਸਤਿਕਾਰ ਅਤੇ ਵਿਸ਼ਵ ਪੱਧਰੀ ਸਹਿਯੋਗ ਦੀ ਲੰਬੀ ਮਿਆਦੀ ਦ੍ਰਿਸ਼ਟੀ ‘ਤੇ ਅਧਾਰਿਤ ਹੈ।

ਮੈਨੇਜਿੰਗ ਡਾਇਰੈਕਟਰ
ਰੇਡੀਓ ਇੰਡੀਆ, ਸਰੀ, ਕੈਨੇਡਾ