Mar 7, 2026

ਅਕਾਲੀ ਦਲ ਵਲੋਂ ਗ੍ਰਿਫਤਾਰੀ ਦਾ ਤਿੱਖਾ ਵਿਰੋਧ-

ਤਰਨ ਤਾਰਨ ( ਜੋਸ਼ੀ)-ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਚਨਪ੍ਰੀਤ ਕੌਰ ਜਿਸਨੇ ਆਪਣੀ ਮਾਂ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਕੀਤਾ ਸੀ ਨੂੰ ਝਬਾਲ ਪੁਲਿਸ ਵਲੋਂ  ਪਿੰਡ ਪੱਧਰੀ ਕਲਾਂ ਦੀ ਇਕ  65 ਸਾਲਾ ਔਰਤ ਨੂੰ ਕਥਿਤ ਧਮਕੀ ਦੇਣ ਦੇ ਦੋਸ਼ ਹੇਠ  ਗ੍ਰਿਫ਼ਤਾਰ ਕਰ ਲਿਆ ਹੈ। ਮਜੀਠਾ ਪੁਲੀਸ ਨੇ 12 ਨਵੰਬਰ ਨੂੰ ਦਰਜ ਕੇਸ ਸਬੰਧੀ ਕੰਚਨਪ੍ਰੀਤ ਕੌਰ ਤੋਂ ਕਈ ਘੰਟੇ ਪੁੱਛ-ਪੜਤਾਲ ਕੀਤੀ ਅਤੇ ਉਸ ਮਗਰੋਂ ਹੀ ਝਬਾਲ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਾ ਹੈ ਕਿ ਝਬਾਲ ਪੁਲੀਸ ਵੱਲੋਂ ਕੰਚਨਪ੍ਰੀਤ ਕੌਰ ਦੀ ਇਹ ਗ੍ਰਿਫ਼ਤਾਰੀ 11 ਨਵੰਬਰ ਨੂੰ ਦਰਜ ਇੱਕ ਕੇਸ ਵਿੱਚ ਕੀਤੀ ਗਈ ਹੈ। ਹੁਣ ਤੱਕ ਉਨ੍ਹਾਂ ਖ਼ਿਲਾਫ਼ ਪੰਜ ਕੇਸ ਦਰਜ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਹੀ ਕੰਚਨਪ੍ਰੀਤ ਕੌਰ ਰੂਪੋਸ਼ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਦੌਰਾਨ ਦਿੱਲੀ ਵਿੱਚ ਰਹਿ ਰਹੀ ਸੀ। ਉਸ ਦੇ ਨੇਪਾਲ ਰਸਤੇ ਵਿਦੇਸ਼ ਜਾਣ ਦੀ ਵੀ ਚਰਚਾ ਸੀ। ਇਸੇ ਦੌਰਾਨ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦੀ ਧੀ ’ਤੇ ਪਰਚਾ ਦਰਜ ਕਰਕੇ ਦਿੱਲੀ ਵਾਲਿਆਂ ਨੇ ਪੰਜਾਬੀਆਂ ਦੀ ਗ਼ੈਰਤ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਧਰਮੀ ਫ਼ੌਜੀ ਦੀ ਲੜਕੀ ਨੂੰ ਪੁਲੀਸ ਨੇ ਝੂਠੇ ਕੇਸ ’ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੰਚਨਪ੍ਰੀਤ ਕੌਰ ਤੇ ਝੂਠਾ ਕੇਸ ਦਰਜ ਕਰਕੇ ਉਸਨੂੰ ਥਾਣੇ ਪੁੱਛਗਿੱਛ ਲਈ ਸਦਕੇ ਗ੍ਰਿਫਤਾਰ ਕੀਤੇ ਜਾਣ ਦੀ ਨਿੰਦਾ ਕਰਦਿਆਂ ਕਿਹਾ ਹੈ ਅਕਾਲੀ ਦਲ ਪੁਲਿਸ ਅਤੇ ਸਰਕਾਰ ਦੀ ਜਿਆਦਤੀ ਸਹਿਣ ਨਹੀ ਕਰੇਗਾ।