ਮਹੇਸ਼ਇੰਦਰ ਮਾਂਗਟ
ਮਾਂਟਰੀਅਲ — ਕਿਊਬੈਕ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਬਿੱਲ-9 ਨੇ ਪ੍ਰਾਂਤ ਵਿੱਚ ਵੱਡੀ ਚਰਚਾ ਅਤੇ ਵਿਰੋਧ ਖੜ੍ਹਾ ਕਰ ਦਿੱਤਾ ਹੈ। ਧਰਮ ਨਿਰਪੱਖਤਾ ਦੇ ਨਾਂ ’ਤੇ ਲਿਆਂਦੇ ਇਸ ਬਿੱਲ ਮੁਤਾਬਕ ਸਰਕਾਰੀ ਨੌਕਰੀਆਂ ਦੌਰਾਨ ਪੱਗ, ਹਿਜਾਬ, ਕ੍ਰਾਸ ਸਮੇਤ ਹੋਰ ਕਿਸੇ ਵੀ ਧਾਰਮਿਕ ਚਿੰਨ੍ਹ ਨੂੰ ਪਹਿਨਣ ’ਤੇ ਮਨਾਹੀ ਲਗਾਈ ਜਾਵੇਗੀ।
ਸਰਕਾਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਰਾਜ ਦੀ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨ ਲਈ ਲਿਆਂਦਾ ਜਾ ਰਿਹਾ ਹੈ, ਪਰ ਇਸ ਫ਼ੈਸਲੇ ਨਾਲ ਕੈਨੇਡਾ ਭਰ ਵਿੱਚ ਖ਼ਾਸ ਕਰਕੇ ਸਿੱਖ ਭਾਈਚਾਰੇ ਵਿੱਚ ਗਹਿਰਾ ਰੋਸ ਪੈਦਾ ਹੋਇਆ ਹੈ। ਕਈ ਸਿੱਖ ਸੰਗਠਨਾਂ ਅਤੇ ਹੱਕਾਂ ਦੀ ਰੱਖਿਆ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਕਿਹਾ ਹੈ ਕਿ ਇਹ ਕਦਮ ਪ੍ਰਗਟਾਵੇ ਦੀ ਆਜ਼ਾਦੀ ਅਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ।
ਭਾਈਚਾਰੇ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਪੱਗ ਅਤੇ ਹੋਰ ਧਾਰਮਿਕ ਚਿੰਨ੍ਹ ਸਿਰਫ਼ ਚਿੰਨ ਨਹੀਂ, ਸਗੋਂ ਧਾਰਮਿਕ ਅਤੇ ਸਾਂਸਕ੍ਰਿਤਿਕ ਪਹਿਚਾਣ ਦਾ ਮਹੱਤਵਪੂਰਨ ਭਾਗ ਹਨ, ਅਤੇ ਉਹਨਾਂ ’ਤੇ ਪਾਬੰਦੀ ਲਗਾਉਣਾ ਸਪੱਸ਼ਟ ਭੇਦਭਾਵ ਹੈ।
ਸਿੱਖ ਭਾਈਚਾਰੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਫੈਸਲੇ ਨੂੰ ਮੁੜ ਵਿਚਾਰਿਾ ਜਾਵੇ ਅਤੇ ਅਜਿਹੀਆਂ ਨੀਤੀਆਂ ਨਾ ਬਣਾਈਆਂ ਜਾਣ ਜੋ ਕਿਸੇ ਵੀ ਧਰਮ ਜਾਂ ਭਾਈਚਾਰੇ ਦੇ ਅਧਿਕਾਰਾਂ ਨੂੰ ਹਾਨੀ ਪਹੁੰਚਾਉਣ।
