ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨ ਕੈਨੇਡਾ ਵਿਚ ਭਾਰਤ ਦੇ ਨਵ ਨਿਯੁਕਤ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਆਪਣੀ ਪਤਨੀ ਸਮੇਤ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਨਤਮਸਤਕ ਹੋਏ। ਉਹਨਾਂ ਦੇ ਇਥੇ ਪੁੱਜਣ ਤੇ ਖਾਲਸਾ ਦੀਵਾਨ ਸੁਸਾਇਟੀ ਦੀ ਕਮੇਟੀ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਉਹਨਾਂ ਕਮੇਟੀ ਦੇ ਦਫਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਮਨ ਵਿਚ ਸਿੱਖ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਅਤੇ ਸਿੱਖ ਭਾਈਚਾਰੇ ਪ੍ਰਤੀ ਬਹੁਤ ਸਤਿਕਾਰ ਹੈ। ਸਿੱਖ ਭਾਈਚਾਰੇ ਨੇ ਵਿਦੇਸ਼ਾਂ ਵਿਚ ਆਪਣੀ ਮਿਹਨਤ ਤੇ ਲਗਨ ਨਾਲ ਭਾਈਚਾਰੇ ਅਤੇ ਦੇਸ਼ ਦੇ ਮਾਣ ਸਨਮਾਨ ਵਿਚ ਭਾਰੀ ਵਾਧਾ ਕੀਤਾ ਹੈ। ਉਹਨਾਂ ਹੋਰ ਕਿਹਾ ਕਿ ਪਗੜੀ ਸਰਦਾਰਾਂ ਦੀ ਸ਼ਾਨ ਹੈ ਤੇ ਪਗੜੀ ਕਾਰਣ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਸੇ ਸਿੱਖ ਨਾਲ ਨੌਕਰੀ ਲੈਣ ਸਮੇਂ ਵਿਤਕਰਾ ਨਹੀ ਹੋਣਾ ਚਾਹੀਦਾ। ਉਹਨਾਂ ਭਾਰਤ ਤੇ ਕੈਨੇਡਾ ਵਿਚਾਲੇ ਚੰਗੇ ਸਬੰਧਾਂ ਦੀ ਮੁੜ ਸ਼ੁਰੂਆਤ ਦੀ ਗੱਲ ਕਰਦਿਆਂ ਕਿਹਾ ਕਿ ਅਗਲੇ ਦਿਨਾਂ ਵਿਚ ਦੋਵਾਂ ਮੁਲਕਾਂ ਵਿਚਾਲੇ ਵਿਆਪਕ ਵਪਾਰ ਸਮਝੌਤਾ ਹੋਣ ਨਾਲ ਦੋਵਾਂ ਮੁਲਕਾਂ ਦੇ ਨਾਗਰਿਕਾਂ ਨੂੰ ਭਾਰੀ ਲਾਭ ਮਿਲੇਗਾ ਤੇ ਸਬੰਧਾਂ ਵਿਚ ਵੀ ਮਜ਼ਬੂਤੀ ਆਵੇਗੀ। ਸ੍ਰੀ ਦਿਨੇਸ਼ ਪਟਨਾਇਕ ਨਾਲ ਉਹਨਾਂ ਦੀ ਪਤਨੀ ਜੋ ਸਿੱਖ ਮੱਕੜ ਪਰਿਵਾਰ ਤੋਂ ਹਨ, ਨੇ ਕਮੇਟੀ ਮੈਂਬਰਾਂ ਨਾਲ ਪੰਜਾਬੀ ਵਿਚ ਸੋਹਣੀ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਦੋਵਾਂ ਨੂੰ ਕਮੇਟੀ ਵਲੋਂ ਸਿਰੋਪੇ ਦੇਕੇ ਸਨਮਾਨਿਤ ਕੀਤਾ ਗਿਆ। ਕਮੇਟੀ ਵਲੋਂ ਚਾਹ-ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜੋ ਉਹਨਾਂ ਨੇ ਬਹੁਤ ਪਿਆਰ ਨਾਲ ਛਕਿਆ।





