ਮਹੇਸ਼ਇੰਦਰ ਸਿੰਘ ਮਾਂਗਟ
NATO ਸਮਾਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਰਾਸ਼ਟਰੀ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨਾਲ ਮਿਲ ਕੇ ਸੰਯੁਕਤ ਪ੍ਰੈਸ ਕਾਨਫਰੰਸ ਦੌਰਾਨ ਯੂਕ੍ਰੇਨ ਲਈ ਕੈਨੇਡਾ ਦੀ ਨਵੀਂ ਸਹਾਇਤਾ ਦਾ ਐਲਾਨ ਕੀਤਾ।
ਕੈਨੇਡਾ ਸਰਕਾਰ ਯੂਕ੍ਰੇਨ ਲਈ ਹੋਰ 235 ਮਿਲੀਅਨ ਡਾਲਰ ਦੀ ਮਦਦ ਦੇਣ ਜਾ ਰਹੀ ਹੈ। ਇਸ ਵਿੱਚ ਰਾਸ਼ਟਰੀ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਵੱਲੋਂ ਐਲਾਨਿਆ ਗਿਆ ਕਿ ਕੈਨੇਡਾ NATO ਸਾਥੀਆਂ ਨਾਲ ਮਿਲ ਕੇ ਅਮਰੀਕਾ ਤੋਂ ਖਰੀਦਿਆ ਜਾਣ ਵਾਲਾ ਲਗਭਗ 500 ਮਿਲੀਅਨ ਅਮਰੀਕੀ ਡਾਲਰ ਮੁੱਲ ਦਾ ਮਹੱਤਵਪੂਰਨ ਸੈਨਿਕ ਸਾਜੋ-ਸਾਮਾਨ ਪੈਕੇਜ ਯੂਕ੍ਰੇਨ ਲਈ ਮੁਹੱਈਆ ਕਰਵਾਏਗਾ।
ਕੈਨੇਡਾ ਇਸ ਪੈਕੇਜ ਲਈ 200 ਮਿਲੀਅਨ ਕੈਨੇਡੀਅਨ ਡਾਲਰ ਦਾ ਯੋਗਦਾਨ ਪਾਏਗਾ।
ਇਸ ਤੋਂ ਇਲਾਵਾ, ਬ੍ਰੱਸੇਲਜ਼ ਵਿੱਚ ਹੋਈ NATO ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਯੂਕ੍ਰੇਨ ਲਈ NATO ਦੇ ਸਮਗ੍ਰ ਸਹਾਇਤਾ ਪੈਕੇਜ ਲਈ 35 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ।
ਗਲੋਬਲ ਅਫੇਅਰਜ਼ ਕੈਨੇਡਾ ਦੇ ਪ੍ਰੈਸ ਨੋਟ मुताबिक, ਇਸ ਫੰਡ ਨਾਲ NATO ਯੂਕ੍ਰੇਨ ਨੂੰ ਤਬੀ ਸਹਾਇਤਾ, ਨਿੱਜੀ ਸੁਰੱਖਿਆ ਉਪਕਰਨ, ਸੰਚਾਰ ਸਾਧਨ, ਟ੍ਰੇਨਿੰਗ, ਲੋਜਿਸਟਿਕ ਸਹਾਇਤਾ, NATO ਬਲਾਂ ਨਾਲ ਇੰਟਰਓਪਰੇਬਿਲਟੀ ਵਧਾਉਣ ਲਈ ਪ੍ਰਬੰਧ ਅਤੇ ਤਬਾਹ ਹੋਈ ਸੈਨਿਕ ਬੁਨਿਆਦੀ ਢਾਂਚੇ ਦੀ ਮੁੜ ਤਾਮੀਰ ਲਈ ਮਦਦ ਪ੍ਰਦਾਨ ਕਰੇਗਾ।
ਪ੍ਰੈਸ ਨੋਟ ਅਨੁਸਾਰ, ਕੈਨੇਡਾ 2022 ਤੋਂ ਹੁਣ ਤੱਕ ਯੂਕ੍ਰੇਨ ਨੂੰ ਲਗਭਗ 22 ਬਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕਰ ਚੁੱਕਾ ਹੈ, ਜਿਸ ਵਿੱਚ 2029 ਤੱਕ 6.5 ਬਿਲੀਅਨ ਡਾਲਰ ਦੀ ਸੈਨਿਕ ਮਦਦ ਵੀ ਸ਼ਾਮਲ ਹੈ।
